ਕੋਠੇ ਅਮਰਪੁਰਾ ਵਿੱਚ 65 ਲੱਖ ਰੁਪਏ ਨਾਲ ਵਾਟਰ ਸਪਲਾਈ ਤੇ ਸੀਵਰੇਜ ਪਾਈਪਲਾਈਨ ਪਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 10 ਅਕਤੂਬਰ 2026 :ਬਠਿੰਡਾ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਬਿਹਤਰ ਸੀਵਰੇਜ ਵਿਵਸਥਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਨੂੰ ਲਗਾਤਾਰ ਗਤੀ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਸ੍ਰੀਮਤੀ ਅਮਨਦੀਪ ਕੌਰ ਦੇ ਵਾਰਡ ਨੰਬਰ 1 ਦੇ ਵੱਖ-ਵੱਖ ਇਲਾਕਿਆਂ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੋਠੇ ਅਮਰਪੁਰਾ ਵਿਖੇ ਪਾਈਪਲਾਈਨ ਵਿਛਾਉਣ ਦੇ ਕੰਮ ਦਾ ਟੱਕ ਲਗਾ ਕੇ ਸ਼ੁਭ ਆਰੰਭ ਕਰਵਾਇਆ। ਅੰਮ੍ਰਿਤ ਯੋਜਨਾ ਤਹਿਤ ਇਸ ਪ੍ਰੋਜੈਕਟ ’ਤੇ ਕਰੀਬ 65 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਮੌਕੇ ਸ੍ਰੀ ਰਾਣਾ ਰਣਦੀਪ ਸਿੰਘ, ਸ੍ਰੀ ਲਖਵੀਰ ਸਿੰਘ ਲੱਖਾ, ਸ੍ਰੀ ਅਤਿੰਦਰਪਾਲ ਸਿੰਘ ਹਨੀ, ਸ੍ਰੀ ਮਨਪ੍ਰੀਤ ਸਿੰਘ ਮਨੀ, ਸ੍ਰੀ ਟਿੰਕੂ ਕੁਮਾਰ, ਸ੍ਰੀ ਹਰਪ੍ਰੀਤ ਸਿੰਘ ਬੂਟਾ, ਸ੍ਰੀ ਹਰਮੇਲ ਸਿੰਘ ਬਰਾੜ, ਸ੍ਰੀ ਮੇਜਰ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ, ਸ੍ਰੀ ਰਵਿੰਦਰ ਸਿੰਘ ਰਵੀ, ਸ੍ਰੀ ਲੱਖਾ ਸਿੰਘ, ਸ੍ਰੀ ਜਸਵਿੰਦਰ ਸਿੰਘ, ਸ੍ਰੀ ਕਰਮਜੀਤ ਸਿੰਘ ਫੌਜੀ, ਐੱਸ.ਡੀ.ਓ. ਸ੍ਰੀ ਮੱਖਣ ਸਿੰਘ, ਸ੍ਰੀ ਤੇਜਾ ਸਿੰਘ, ਸ੍ਰੀ ਹਰनेक ਸਿੰਘ ਬਰਾੜ, ਜਥੇਦਾਰ ਬਲਵੀਰ ਸਿੰਘ, ਸ੍ਰੀ ਨਿਰਮਲ ਸਿੰਘ ਨਿੰਮਾ, ਸ੍ਰੀ ਕਸ਼ਮੀਰ ਸਿੰਘ ਅਤੇ ਸ੍ਰੀ ਗੁਰਭੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦਾ ਮੁੱਖ ਉਦੇਸ਼ ਸ਼ਹਿਰ ਦੇ ਹਰ ਵਾਰਡ ਅਤੇ ਹਰ ਇਲਾਕੇ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੈ, ਤਾਂ ਜੋ ਕਿਸੇ ਵੀ ਇਲਾਕੇ ਦੇ ਵਸਨੀਕ ਸਾਫ਼ ਪਾਣੀ ਅਤੇ ਢੁੱਕਵੀਂ ਸੀਵਰੇਜ ਵਿਵਸਥਾ ਤੋਂ ਵਾਂਝੇ ਨਾ ਰਹਿਣ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ ਵਰਗੀਆਂ ਸਹੂਲਤਾਂ ਹਰੇਕ ਨਾਗਰਿਕ ਦੀਆਂ ਬੁਨਿਆਦੀ ਲੋੜਾਂ ਹਨ। ਇਨ੍ਹਾਂ ਸਹੂਲਤਾਂ ਦੀ ਉਪਲਬਧਤਾ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਆਉਣ ਦੇ ਨਾਲ-ਨਾਲ ਇਲਾਕੇ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਵੀ ਹੁਲਾਰਾ ਮਿਲਦਾ ਹੈ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ ਪੰਜਾਬ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਦੀ ਲੋਕ-ਪੱਖੀ ਸੋਚ ਅਨੁਸਾਰ ਬਠਿੰਡਾ ਸ਼ਹਿਰ ਵਿੱਚ ਵੀ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਮਿਲ ਸਕਣ ਅਤੇ ਬਠਿੰਡਾ ਨੂੰ ਇੱਕ ਸੁੰਦਰ, ਸਾਫ਼-ਸੁਥਰੇ ਤੇ ਆਧੁਨਿਕ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਆਧੁਨਿਕ ਸ਼ਹਿਰ ਬਣਾਉਣ ਲਈ ਨਗਰ ਨਿਗਮ ਵੱਲੋਂ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ਵਿੱਚ ਅਜੇ ਤੱਕ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਨਹੀਂ ਹਨ, ਉੱਥੇ ਇਹ ਸਹੂਲਤਾਂ ਪਹੁੰਚਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਵਾਏ ਜਾ ਰਹੇ ਹਨ। ਵਾਰਡ ਨੰਬਰ 1 ਦੇ ਕੋਠੇ ਅਮਰਪੁਰਾ ਵਿੱਚ ਸ਼ੁਰੂ ਕੀਤਾ ਗਿਆ ਇਹ ਕੰਮ ਵੀ ਇਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਮੇਅਰ ਸ੍ਰੀ ਮਹਿਤਾ ਨੇ ਦੱਸਿਆ ਕਿ ਅੰਮ੍ਰਿਤ ਯੋਜਨਾ ਤਹਿਤ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ ਸੀਵਰੇਜ ਦੀ ਪਾਈਪਲਾਈਨ ਵਿਛਾਈ ਜਾਵੇਗੀ, ਜਿਸ ਨਾਲ ਵਾਰਡ ਨੰਬਰ 1 ਦੇ ਵੱਖ-ਵੱਖ ਇਲਾਕਿਆਂ ਨੂੰ ਇਨ੍ਹਾਂ ਸਹੂਲਤਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦਾ ਲਾਭ ਮਿਲੇਗਾ ਅਤੇ ਇਲਾਕੇ ਵਿੱਚ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕਰਨ ਵੱਲ ਅਹਿਮ ਪ੍ਰਗਤੀ ਹੋਵੇਗੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਯਤਨ ਹੈ ਕਿ ਵਿਕਾਸ ਦਾ ਲਾਭ ਸ਼ਹਿਰ ਦੇ ਹਰੇਕ ਵਿਅਕਤੀ ਤੱਕ ਪਹੁੰਚੇ। ਇਸੇ ਮਕਸਦ ਨਾਲ ਵੱਖ-ਵੱਖ ਵਾਰਡਾਂ ਵਿੱਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਗਰ ਨਿਗਮ ਵੱਲੋਂ ਲਗਾਤਾਰ ਯਤਨ ਜਾਰੀ ਰਹਿਣਗੇ।
- Download Babushahi App
-
-