ਏਸ਼ੀਆਈ ਪੈਰਾ ਖੇਡਾਂ 2026: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਸ਼ੀਤਲ ਦੇਵੀ ਨੇ ਇੱਕੋ ਦਿਨ ਜਿੱਤੇ ਦੋ ਸੋਨ ਤਗਮੇ
ਸੁਖਮਿੰਦਰ ਭੰਗੂ
ਜਾਪਾਨ, 22 ਅਕਤੂਬਰ 2026 - ਜਾਪਾਨ ਦੇ ਆਇਚੀ-ਨਾਗੋਯਾ ਵਿੱਚ ਚੱਲ ਰਹੀਆਂ ਪੰਜਵੀਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ। ਮੁਕਾਬਲਿਆਂ ਦੇ ਚੌਥੇ ਦਿਨ ਭਾਰਤ ਨੇ 26 ਤਗਮੇ ਜਿੱਤੇ, ਜਿਨ੍ਹਾਂ ਵਿੱਚ ਸੱਤ ਸੋਨ ਤਗਮੇ ਸ਼ਾਮਲ ਸਨ। ਇਸ ਪ੍ਰਦਰਸ਼ਨ ਨਾਲ ਭਾਰਤ ਦੀ ਤਗਮਾ ਸੂਚੀ ਵਿੱਚ ਸਥਿਤੀ ਮੁੜ ਮਜ਼ਬੂਤ ਹੋਈ ਅਤੇ ਦੇਸ਼ ਚੌਥੇ ਸਥਾਨ ’ਤੇ ਪਹੁੰਚ ਗਿਆ।
ਭਾਰਤੀ ਖਿਡਾਰੀਆਂ ਨੇ ਤੀਰਅੰਦਾਜ਼ੀ ਅਤੇ ਪੈਰਾ ਐਥਲੈਟਿਕਸ ਵਿੱਚ ਖ਼ਾਸ ਤੌਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬੈਡਮਿੰਟਨ ਅਤੇ ਤੈਰਾਕੀ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਤਗਮੇ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਹੋਰ ਸਫਲਤਾਵਾਂ ਪਾਈਆਂ।
ਭਾਰਤ ਦੀ ਤਗਮਾ ਸੂਚੀ
22 ਅਕਤੂਬਰ ਤਕ ਭਾਰਤੀ ਝੋਲੀ ਵਿੱਚ ਕੁਲ 88 ਤਗਮੇ ਸਨ ਜਿਹਨਾਂ ਵਿੱਚ 21 ਸੋਨੇ ਦੇ 26 ਚਾਂਦੀ ਅਤੇ 41 ਕਾਂਸੇ ਦੇ ਤਗਮੇ ਸ਼ਾਮਲ ਹਨ।
ਸ਼ੀਤਲ ਦੇਵੀ ਨੇ ਰਚਿਆ ਇਤਿਹਾਸਕ ਪਲ
ਭਾਰਤ ਦੀ ਪ੍ਰਸਿੱਧ ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਨੇ ਇੱਕੋ ਦਿਨ ਦੋ ਸੋਨ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਉਸ ਨੇ ਮਹਿਲਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਸਿੰਗਾਪੁਰ ਦੀ ਨੂਰ ਸਯਾਹਿਦਾਹ ਆਲਿਮ ਨੂੰ 142–138 ਨਾਲ ਹਰਾਇਆ।
ਇਸ ਤੋਂ ਪਹਿਲਾਂ ਸ਼ੀਤਲ ਦੇਵੀ ਨੇ ਤੋਮਨ ਕੁਮਾਰ ਨਾਲ ਮਿਲ ਕੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੀ ਜੋੜੀ ਨੂੰ 151–148 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।
ਸ਼ੀਤਲ ਦੀ ਇਹ ਪ੍ਰਾਪਤੀ ਉਸ ਦੀ ਲਗਾਤਾਰ ਮਿਹਨਤ, ਆਤਮ-ਵਿਸ਼ਵਾਸ ਅਤੇ ਖੇਡ ਪ੍ਰਤੀ ਸਮਰਪਣ ਦੀ ਮਿਸਾਲ ਹੈ। ਉਸ ਦਾ ਪ੍ਰਦਰਸ਼ਨ ਇਹ ਵੀ ਦਰਸਾਉਂਦਾ ਹੈ ਕਿ ਸਹੀ ਮੌਕੇ ਅਤੇ ਮਿਹਨਤ ਨਾਲ ਸਰੀਰਕ ਚੁਣੌਤੀਆਂ ਨੂੰ ਪਾਰ ਕਰਕੇ ਵਿਸ਼ਵ ਪੱਧਰ ’ਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਮਹਿਲਾ W1 ਤੀਰਅੰਦਾਜ਼ੀ ਵਿੱਚ ਸਵਾਤੀ ਚੌਧਰੀ ਨੇ ਚਾਂਦੀ ਦਾ ਤਗਮਾ ਜਿੱਤਿਆ ।
ਪੈਰਾ ਐਥਲੈਟਿਕਸ ਵਿੱਚ ਭਾਰਤ ਦੀ ਤਾਕਤ
ਪੈਰਾ ਐਥਲੈਟਿਕਸ ਭਾਰਤ ਦੇ ਤਗਮਾ ਅਭਿਆਨ ਦਾ ਮਹੱਤਵਪੂਰਨ ਹਿੱਸਾ ਰਿਹਾ। ਚੌਥੇ ਦਿਨ ਦੇ ਮੁਕਾਬਲਿਆਂ ਵਿੱਚ ਜਿਹਨਾਂ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ:ਓਹਨਾ ਵਿੱਚ ਦਿਲੀਪ ਗਾਵਿਤ: ਪੁਰਸ਼ਾਂ ਦੀ 400 ਮੀਟਰ ਦੌੜ, T47 ਵਰਗ, ਅੰਜਨਾਬੇਨ ਬੁੰਬਾਡੀਆ: ਮਹਿਲਾਵਾਂ ਦੀ 400 ਮੀਟਰ ਦੌੜ, T47 ਵਰਗ, ਸੁਵਰਣਾ ਰਾਜ: ਮਹਿਲਾਵਾਂ ਦੀ ਡਿਸਕਸ ਥ੍ਰੋ, F54 ਵਰਗ ਅਤੇ ਸ਼ੈਲੇਸ਼ ਕੁਮਾਰ: ਪੁਰਸ਼ਾਂ ਦੀ ਉੱਚੀ ਛਾਲ, T63 ਵਰਗ ਵਿੱਚ ਸ਼ਾਮਲ ਹਨ।
ਉੱਚੀ ਛਾਲ ਵਿੱਚ ਭਾਰਤ ਦਾ ਤਿੰਨੋਂ ਤਗਮਿਆਂ ’ਤੇ ਕਬਜ਼ਾ
ਪੁਰਸ਼ਾਂ ਦੀ T63 ਉੱਚੀ ਛਾਲ ਵਿੱਚ ਭਾਰਤੀ ਖਿਡਾਰੀਆਂ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ ।
ਸੋਨ ਤਗਮਾ — ਸ਼ੈਲੇਸ਼ ਕੁਮਾਰ
ਚਾਂਦੀ ਦਾ ਤਗਮਾ — ਵਰੁਣ ਸਿੰਘ ਭਾਟੀ
ਕਾਂਸੀ ਦਾ ਤਗਮਾ — ਰਾਹੁਲ
ਬੈਡਮਿੰਟਨ ਅਤੇ ਤੈਰਾਕੀ ਵਿੱਚ ਵੀ ਤਗਮੇ
ਭਾਰਤ ਦੇ ਖਿਡਾਰੀਆਂ ਨੇ ਪੈਰਾ ਬੈਡਮਿੰਟਨ ਦੇ ਡਬਲਜ਼ ਮੁਕਾਬਲਿਆਂ ਅਤੇ ਪੈਰਾ ਤੈਰਾਕੀ ਵਿੱਚ ਵੀ ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਤਗਮਾ ਸੂਚੀ ਵਿੱਚ ਯੋਗਦਾਨ ਪਾਇਆ।
ਭਾਰਤ ਲਈ ਕਿਉਂ ਮਹੱਤਵਪੂਰਨ ਹਨ ਇਹ ਖੇਡਾਂ?
ਏਸ਼ੀਆਈ ਪੈਰਾ ਖੇਡਾਂ ਵਿੱਚ ਸਫਲਤਾ ਸਿਰਫ਼ ਤਗਮਿਆਂ ਦੀ ਗਿਣਤੀ ਨਹੀਂ ਹੈ। ਇਹ ਖਿਡਾਰੀਆਂ ਦੇ ਹੌਸਲੇ, ਅਨੁਸ਼ਾਸਨ, ਮਿਹਨਤ ਅਤੇ ਸਮਰੱਥਾ ਦਾ ਪ੍ਰਤੀਕ ਹੈ। ਭਾਰਤ ਨੇ 2022 ਦੀਆਂ ਹਾਂਗਜ਼ੂ ਏਸ਼ੀਆਈ ਪੈਰਾ ਖੇਡਾਂ ਵਿੱਚ 111 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚ 29 ਸੋਨ ਤਗਮੇ ਸ਼ਾਮਲ ਸਨ। ਇਸ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ 2026 ਵਿੱਚ ਵੀ ਭਾਰਤੀ ਦਲ ਤੋਂ ਸ਼ਾਨਦਾਰ ਪ੍ਰਦਰਸ਼ਨ ਦੀਆਂ ਉਮੀਦਾਂ ਹਨ। ਇਸ ਸਫਲਤਾ ਨਾਲ ਪੈਰਾ ਖੇਡਾਂ ਵੱਲ ਨੌਜਵਾਨਾਂ ਦਾ ਧਿਆਨ ਵਧਣ, ਖੇਡਾਂ ਵਿੱਚ ਸਮਾਨ ਮੌਕਿਆਂ ਨੂੰ ਉਤਸ਼ਾਹ ਮਿਲਣ ਅਤੇ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਪ੍ਰੇਰਣਾ ਮਿਲਣ ਦੀ ਸੰਭਾਵਨਾ ਹੈ।
ਆਇਚੀ-ਨਾਗੋਯਾ ਵਿੱਚ ਭਾਰਤੀ ਪੈਰਾ ਖਿਡਾਰੀਆਂ ਦਾ ਪ੍ਰਦਰਸ਼ਨ ਦੇਸ਼ ਲਈ ਮਾਣ ਵਾਲੀ ਗੱਲ ਹੈ। ਸ਼ੀਤਲ ਦੇਵੀ ਦੇ ਦੋ ਸੋਨ ਤਗਮੇ ਅਤੇ ਐਥਲੈਟਿਕਸ ਵਿੱਚ ਮਿਲੀਆਂ ਸਫਲਤਾਵਾਂ ਭਾਰਤ ਦੀ ਮੁਹਿੰਮ ਦੇ ਮੁੱਖ ਆਕਰਸ਼ਣ ਹਨ। ਮੁਕਾਬਲੇ 24 ਅਕਤੂਬਰ ਤੱਕ ਜਾਰੀ ਰਹਿਣੇ ਹਨ, ਇਸ ਲਈ ਭਾਰਤ ਦੇ ਤਗਮਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ।
- Download Babushahi App
-
-