ਇੰਡੀਆ ਗਠਜੋੜ ਨਾਲ ਸਬੰਧਤ ਧਿਰਾਂ ਵੱਲੋਂ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਰੋਸ ਵਿਖਾਵਾ
*ਮੋਦੀ, ਸ਼ਾਹ ਅਤੇ ਗਿਆਨੇਸ਼ ਕੁਮਾਰ ਸੰਵਿਧਾਨ ਅਤੇ ਲੋਕਤੰਤਰ ਦੇ ਕਾਤਲ - ਕਿਹਾ ਆਗੂਆਂ ਨੇ।
ਮੋਗਾ 9 ਅਕਤੂਬਰ (ਗਿਆਨ ਸਿੰਘ ) ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇਸ਼ ਨੂੰ ਬਰਬਾਦੀ ਦੇ ਰਾਹ ਲੈ ਕੇ ਜਾ ਰਹੇ ਹਨ ਤੇ ਇਨਾਂ ਵੱਲੋਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਜਿਵੇਂ ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ ਆਦਿ ਨੂੰ ਬੰਧਕ ਬਣਾ ਕੇ ਮਨਮਰਜ਼ੀ ਦੇ ਫੈਸਲੇ ਕਰਵਾਏ ਜਾ ਰਹੇ ਹਨ। ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਨੂੰ ਦੇਸ਼ ਦੇ ਲੋਕ ਕਦੇ ਪ੍ਰਵਾਨ ਨਹੀਂ ਕਰਨਗੇ। ਇਸੇ ਕਰਕੇ ਅੱਜ ਕਰੋੜਾਂ ਲੋਕ ਸੜਕਾਂ ਤੇ ਆ ਚੁੱਕੇ ਹਨ ਤੇ 10 ਅਕਤੂਬਰ ਨੂੰ ਦੇਸ਼ ਦੇ ਨੌਜਵਾਨਾਂ ਦੀ ਅਗਵਾਈ ਵਿੱਚ ਦਿੱਲੀ ਦੀਆਂ ਸੜਕਾਂ ਤੇ ਕ੍ਰਾਂਤੀਕਾਰੀ ਇਤਿਹਾਸ ਸਿਰਜਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਆ ਗਠਜੋੜ ਨਾਲ ਸਬੰਧਤ ਰਾਜਨੀਤਕ ਪਾਰਟੀਆਂ ਅਤੇ ਸਿਵਲ ਸੁਸਾਇਟੀ ਮੋਗਾ ਦੇ ਆਗੂਆਂ ਹਰੀ ਸਿੰਘ ਖਾਈ, ਕੁਲਦੀਪ ਸਿੰਘ ਭੋਲਾ, ਸੁਰਜੀਤ ਸਿੰਘ ਗਗੜਾ ਅਤੇ ਪ੍ਰੀਤੀ ਤਿਆਗੀ ਵੱਲੋਂ ਮੋਗਾ ਸ਼ਹਿਰ ਵਿੱਚ ਆਯੋਜਿਤ ਕੀਤੇ ਗਏ ਲਾਮਿਸਾਲ ਰੋਸ ਪ੍ਰਦਰਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਕੀਤਾ ।
ਉਨ੍ਹਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ, ਚੋਣ ਕਮਿਸ਼ਨਰ ਨੂੰ ਚੁਣਨ ਦੀ ਪਹਿਲੀ ਪ੍ਰਕਿਰਿਆ ਬਹਾਲ ਕੀਤੀ ਜਾਵੇ, ਐਸ ਆਈ ਆਰ ਰੱਦ ਕੀਤੀ ਜਾਵੇ । ਨਹਿਰੂ ਪਾਰਕ (ਸ਼ਹੀਦੀ ਪਾਰਕ) ਮੋਗਾ ਵਿਖੇ ਜਿਲ੍ਹਾ ਕਾਂਗਰਸ, ਸੀ ਪੀ ਆਈ, ਸੀ ਪੀ ਐਮ ਅਤੇ ਸਿਵਲ ਸੁਸਾਇਟੀ ਮੋਗਾ ਵੱਲੋਂ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਹੱਥਾਂ ਵਿੱਚ ਝੰਡੇ, ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ ਤੇ ਲੋਕਾਂ ਦੇ ਚਿਹਰਿਆਂ ਤੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਖਿਲਾਫ ਰੋਹ ਸਾਫ ਦਿਖਾਈ ਦੇ ਰਿਹਾ ਸੀ। ਸੈੰਕੜੇ ਲੋਕਾਂ ਦਾ ਕਾਫਲਾ ਇੱਥੋਂ ਮੁੱਖ ਬਜਾਰ ਰਾਂਹੀ ਮੇਨ ਚੌਕ ਮੋਗਾ ਵੱਲ ਰਵਾਨਾ ਹੋਇਆ। ਰਸਤੇ ਵਿੱਚ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਅਤੇ ਕੇੰਦਰ ਸਰਕਾਰ ਖਿਲਾਫ ਨਾਅਰੇ ਲਗਾਏ ਜਾ ਰਹੇ ਸਨ। ਕਰੀਬ ਡੇਢ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਇਹ ਰੋਹ ਮਾਰਚ ਮੇਨ ਚੌਕ ਮੋਗਾ ਪਹੁੰਚਿਆ ਜਿੱਥੇ ਨਾਅਰਿਆਂ ਦੀ ਗੂੰਜ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਆਗੂ ਮਹਿੰਦਰ ਪਾਲ ਲੂੰਬਾ ਵੱਲੋਂ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਕਾਂਗਰਸ, ਸੀ ਪੀ ਆਈ, ਸੀ ਪੀ ਐਮ ਦਾ ਰੋਸ ਪ੍ਰਦਰਸ਼ਨ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ ਅਤੇ ਸਭ ਨੂੰ ਅਪੀਲ ਕੀਤੀ ਕਿ ਜੋ ਲੋਕ 10 ਅਕਤੂਬਰ ਨੂੰ ਜੰਤਰ ਮੰਤਰ ਦਿੱਲੀ ਪਹੁੰਚ ਸਕਦੇ ਹਨ, ਉਹ ਜਰੂਰ ਜਾਣ ਤੇ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ। ਇਸ ਮੌਕੇ ਉਘੇ ਕਾਂਗਰਸੀ ਆਗੂ ਡਾ ਮਾਲਤੀ ਥਾਪਰ ਸਾਬਕਾ ਮੰਤਰੀ, ਮਾਲਵਿਕਾ ਸੂਦ ਸੱਚਰ ਹਲਕਾ ਇੰਨਚਾਰਜ ਹਲਕਾ ਮੋਗਾ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਸਾਥੀ ਵਿਜੇ ਕੁਮਾਰ ਸਾਬਕਾ ਐਮ ਐਲ ਏ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਨ ਐਗਰੋ ਇੰਡਸਟਰੀਜ , ਪਰਮਿੰਦਰ ਡਿੰਪਲ, ਡਾ ਪਵਨ ਬਾਂਸਲ, ਉਪਿੰਦਰ ਸਿੰਘ ਗਿੱਲ, ਜਗਸੀਰ ਸਿੰਘ ਕਾਲੇਕੇ, ਕਰਨਲ ਬਾਬੂ ਸਿੰਘ, ਸੀ ਪੀ ਆਈ ਆਗੂ ਕਾਮਰੇਡ ਜਗਜੀਤ ਸਿੰਘ ਧੂੜਕੋਟ, ਸ਼ੇਰ ਸਿੰਘ ਸਰਪੰਚ, ਗੁਰਦਿੱਤ ਸਿੰਘ ਦੀਨਾ, ਗੁਰਮੀਤ ਸਿੰਘ ਵਾਂਦਰ, ਡਾ਼ ਇੰਦਰਵੀਰ ਗਿੱਲ,ਮਹਿੰਦਰ ਸਿੰਘ ਧੂੜਕੋਟ, ਇੰਜ. ਸਵਰਨ ਸਿੰਘ ਖੋਸਾ, ਸਿਕੰਦਰ ਸਿੰਘ ਮਧੇਕੇ, ਮੁਕੰਦ ਸਿੰਘ ਕੁੱਸਾ, ਗੁਰਨਾਮ ਸਿੰਘ ਮਾਹਲਾ, ਜਗਸੀਰ ਸਿੰਘ ਖੋਸਾ, ਕਾ ਜਸਪ੍ਰੀਤ ਕੌਰ ਬੱਧਨੀ, ਸੀ ਪੀ ਐਮ ਤੋਂ ਸਚਿਨ ਵਡੇਰਾ, ਰਾਮ ਕਿਸ਼ਨ, ਹਰਦੇਵ ਸਿੰਘ ਬੱਡੂਵਾਲ, ਸੁਖਦੇਵ ਸਿੰਘ, ਮੇਜਰ ਸਿੰਘ ਚਾਹਲ ਅਤੇ ਗੁਰਿੰਦਰ ਸਿੰਘ, ਸਿਵਲ ਸੁਸਾਇਟੀ ਮੋਗਾ ਤੋਂ ਅਜੈ ਸੂਦ ਗੋਰਾ ਐਡਵੋਕੇਟ, ਮਨਿੰਦਰ ਸਿੰਘ ਬੇਦੀ, ਅਮਰਦੀਪ ਅਨੇਜਾ, ਪ੍ਰਿਤਪਾਲ ਸਿੰਘ ਲੱਕੀ, ਤੇਜਾ ਸਿੰਘ ਬਰਾੜ ਆਦਿ ਹਾਜ਼ਰ ਸਨ।
- Download Babushahi App
-
-