ਆਪਰੇਸ਼ਨ ਪ੍ਰਹਾਰ-2: ਮੁਕਤਸਰ ਪੁਲਿਸ ਨੇ ਵਿੱਢੀ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮੁਹਿੰਮ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 9 ਫ਼ਰਵਰੀ 2026: ਡੀ.ਜੀ.ਪੀ. ਪੰਜਾਬ ਗੌਰਵ ਯਾਦਵ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ "ਆਪਰੇਸ਼ਨ ਪ੍ਰਹਾਰ-2.0" ਤਹਿਤ ਸ੍ਰੀ ਐਸ.ਕੇ. ਰਾਮਪਾਲ, ਡੀ.ਆਈ.ਜੀ. ਏ.ਐਨ.ਟੀ.ਐਫ. ਐਂਡ ਕਮਾਂਡੋ ਦੀ ਨਿਗਰਾਨੀ ਅਤੇ ਸ੍ਰੀ ਅਭਿਮਨਿਉ ਰਾਣਾ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਅੱਜ ਵੱਡੀ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ — ਸ੍ਰੀ ਮਨਮੀਤ ਸਿੰਘ ਢਿੱਲੋਂ ਐਸਪੀ(ਡੀ), ਸ਼੍ਰੀਮਤੀ ਹਰਕਮਲ ਕੌਰ ਐਸਪੀ(ਐਚ) ਅਤੇ ਸਮੂਹ ਸਬ ਡਿਵੀਜ਼ਨ ਦੇ ਡੀਐਸਪੀ ਦੀ ਨਿਗਰਾਨੀ ਹੇਠ ਪੁਲਿਸ ਦੀਆਂ ਵੱਖ-ਵੱਖ 64 ਟੀਮਾਂ ਤਿਆਰ ਕਰਕੇ ਕਰੀਬ 550 ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਆਪਰੇਸ਼ਨ ਪ੍ਰਹਾਰ ਤਹਿਤ ਇਹਨਾਂ ਟੀਮਾਂ ਵੱਲੋਂ ਗੈਂਗਸਟਰਾਂ, ਸਹਿਯੋਗੀਆਂ, ਘੋਸ਼ਿਤ ਅਪਰਾਧੀਆਂ ਅਤੇ ਸ਼ਰਾਰਤੀ ਅਨਸਰਾਂ ਦੇ ਟਿਕਾਣਿਆਂ ਪਰ ਰੇਡਾਂ ਕਰਕੇ, ਅਜਿਹੇ ਅਪਰਾਧੀਆਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਨਾਕਾਬੰਦੀ, ਪੈਦਲ ਗਸ਼ਤਾਂ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਗੰਭੀਰ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਜੋ ਵਿਅਕਤੀ ਵਾਰ-2 ਜੁਰਮ ਕਰਨ ਦੇ ਆਦੀ ਹਨ, ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਚੈਕਿੰਗ ਦੌਰਾਨ ਕੋਈ ਗੈਰ-ਕਾਨੂੰਨੀ ਗਤੀਵਿਧੀ ਸਾਹਮਣੇ ਆਉਣ ਪਰ ਜਾਂ ਕੋਈ ਇਤਰਾਜਯੋਗ ਵਸਤੂ ਮਿਲਣ ਤੇ ਸਬੰਧਤ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਤਹਿਤ ਕਾਰਵਾਈ ਜਾਰੀ ਰਹੇਗੀ। ਇਸ ਦੇ ਨਾਲ-ਨਾਲ ਭੀੜ-ਭਾੜ ਵਾਲੇ ਬਾਜ਼ਾਰਾਂ, ਜਨਤਕ ਥਾਵਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਫੁੱਟ ਪੈਟਰੋਲਿੰਗ ਵਧਾਈ ਗਈ ਹੈ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇ।ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ, ਸਮਾਨ ਦੀ ਜਾਂਚ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਪਰਾਧਿਕ ਤੱਤ ਨੂੰ ਕਾਨੂੰਨ ਤੋਂ ਬਚਣ ਦਾ ਮੌਕਾ ਨਾ ਮਿਲੇ। ਪੁਲਿਸ ਵੱਲੋਂ PAIS ਐਪ ਰਾਹੀਂ ਵਿਅਕਤੀਆਂ ਦੀ ਪਹਿਚਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਵਹੀਕਲ ਐਪ ਦੇ ਜ਼ਰੀਏ ਵਾਹਨਾਂ ਦੀ ਜਾਂਚ ਕਰਕੇ ਉਨ੍ਹਾਂ ਦੇ ਮਾਲਕਾਂ ਦਾ ਅਪਰਾਧਿਕ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਅਪਰਾਧੀ ਤੱਤ ਨੂੰ ਬਚਣ ਦਾ ਮੌਕਾ ਨਾ ਮਿਲੇ।
ਇਸ ਮੁਹਿੰਮ ਤਹਿਤ ਅੱਜ ਹੁਣ ਤੱਕ ਕੁੱਲ 34 ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜਿੰਨਾਂ ਵਿੱਚ ਕੁਝ ਲੰਮੇ ਸਮੇਂ ਤੋਂ ਚੱਲੇ ਆ ਰਹੇ ਭਗੌੜੇ ਵੀ ਸ਼ਾਮਿਲ ਹਨ। ਜਿਲ੍ਹਾ ਦੇ ਵੱਖ-2 ਮੁਕੱਦਮਿਆਂ ਵਿੱਚ ਲੋੜੀਂਦੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਵੀ ਟੀਮਾਂ ਵੱਲੋਂ ਵਿਸ਼ੇਸ਼ ਤੌਰ ਤੇ ਰੇਡਾਂ ਅਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ। ਆਪਰੇਸ਼ਨ ਪ੍ਰਹਾਰ-2.0 ਅਧੀਨ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਾਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਅਧਿਕਾਰੀਆਂ ਦਾ ਸੰਦੇਸ਼
ਡੀ.ਆਈ.ਜੀ. ਨੇ ਦੱਸਿਆ ਕਿ ਇਹ ਮੁਹਿੰਮ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਲਗਾਤਾਰ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਹਰ ਕਾਰਵਾਈ ਕਾਨੂੰਨੀ ਪ੍ਰਕਿਿਰਆ ਅਨੁਸਾਰ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਮੀਡੀਆ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਅਫ਼ਵਾਹ ਤੋਂ ਦੂਰ ਰਹਿਣ ਅਤੇ ਹਰ ਜਾਣਕਾਰੀ ਨੂੰ ਪੁਸ਼ਟੀ ਕਰਨ ਤੋਂ ਬਾਅਦ ਹੀ ਪ੍ਰਸਾਰਿਤ ਕੀਤਾ ਜਾਵੇ। ਬਿਨਾ ਤਸਦੀਕ ਕੀਤੀਆਂ ਖ਼ਬਰਾਂ ਸਾਂਝੀਆਂ ਕਰਨ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਸਮਾਜ ਵਿੱਚ ਗਲਤ ਫ਼ਹਿਮੀ ਨਾ ਫੈਲੇ।
ਮੁਕਤਸਰ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ
ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ, ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ। ਜੇ ਕਿਸੇ ਵਿਅਕਤੀ ਕੋਲ ਕਿਸੇ ਵੀ ਅਪਰਾਧਿਕ ਗਤੀਵਿਧੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਹੈਲਪਲਾਈਨ ਨੰਬਰ
80549-42100 ‘ਤੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।