ਆਕਾਸ਼ਵਾਣੀ ਦੇ ਮੇਅਰ ਰੇਡੀਓ ਟਾਕ ਸ਼ੋਅ “ਮੁਸ਼ਕਲ ਦੱਸੋ, ਹੱਲ ਦੱਸਾਂਗੇ” ਨੂੰ ਮਿਲੀ ਲੋਕ ਹਮਾਇਤ
ਅਸ਼ੋਕ ਵਰਮਾ
ਬਠਿੰਡਾ, 7 ਅਗਸਤ 2026:ਆਲ ਇੰਡੀਆ ਰੇਡੀਓ ਦੇ ਬਠਿੰਡਾ ਸਟੇਸ਼ਨ ਤੋਂ ਪ੍ਰਸਾਰਤ ਮੇਅਰ ਰੇਡੀਓ ਟਾਕ ਸ਼ੋਅ “ਮੁਸ਼ਕਲ ਦੱਸੋ, ਹੱਲ ਦੱਸਾਂਗੇ” ਨੂੰ ਸਰੋਤਿਆਂ ਵੱਲੋਂ ਭਰਪੂਰ ਸਮਰਥਨ ਅਤੇ ਮਿਲਿਆ। ਪ੍ਰੋਗਰਾਮ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਪ੍ਰੋਜੈਕਟਾਂ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਸਰੋਤਿਆਂ ਵੱਲੋਂ ਫੋਨ ਕਾਲਾਂ ਰਾਹੀਂ ਉਠਾਈਆਂ ਗਈਆਂ ਕਈ ਲੋਕ ਸਮੱਸਿਆਵਾਂ ਦੇ ਹੱਲ ਲਈ ਮੌਕੇ ’ਤੇ ਹੀ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਦੌਰਾਨ ਹਰਿਆ-ਭਰਿਆ ਅਤੇ ਸੁੰਦਰ ਬਠਿੰਡਾ ਬਣਾਉਣ ਦੇ ਨਾਲ-ਨਾਲ ਨਸ਼ਾ-ਮੁਕਤ ਬਠਿੰਡਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਅਤੇ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਅਤੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਯੋਜਨਾਬੰਦੀ ਵੀ ਮੇਅਰ ਸ੍ਰੀ ਮਹਿਤਾ ਵੱਲੋਂ ਸਾਂਝੀ ਕੀਤੀ ਗਈ।ਆਕਾਸ਼ਵਾਣੀ ਐੱਫ.ਐੱਮ. ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਸ੍ਰੀ ਬਲਜੀਤ ਸ਼ਰਮਾ ਨੇ ਆਮ ਲੋਕਾਂ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਧਿਆਨ ਵਿੱਚ ਲਿਆਂਦਾ।
ਪ੍ਰੋਗਰਾਮ ਦੌਰਾਨ ਇੱਕ ਸਰੋਤੇ ਨੇ ਫੋਨ ਕਾਲ ਰਾਹੀਂ ਬਠਿੰਡਾ ਵਿੱਚ ਐਥਲੈਟਿਕਸ ਲਈ ਸਿੰਥੈਟਿਕ ਟਰੈਕ ਬਣਾਉਣ ਦੀ ਮੰਗ ਮੇਅਰ ਅੱਗੇ ਰੱਖੀ। ਮੇਅਰ ਨੇ ਇਸ ਮੰਗ ਨੂੰ ਨੋਟ ਕਰਦਿਆਂ ਭਵਿੱਖ ਵਿੱਚ ਇਸ ਪ੍ਰੋਜੈਕਟ ’ਤੇ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਪ੍ਰੋਗਰਾਮ ਦੌਰਾਨ ਸ੍ਰੀ ਬਲਜੀਤ ਸ਼ਰਮਾ ਦੇ ਨਾਲ ਦਲਵੀਰ ਅਤੇ ਮਮਤਾ ਅਰੋੜਾ ਨੇ ਵੀ ਮੇਅਰ ਸ੍ਰੀ ਮਹਿਤਾ ਨੂੰ ਅਪੀਲ ਕੀਤੀ ਕਿ ਉਹ ਹਰ ਮਹੀਨੇ ਇਸ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ।ਪ੍ਰੋਗਰਾਮ ਦੇ ਸਫਲ ਸੰਚਾਲਨ ਵਿੱਚ ਸਤਪਾਲ ਬਰਾੜ ਅਤੇ ਰਵੀਸ਼ਾ ਭੰਡਾਰੀ ਨੇ ਕੰਸੋਲ ਤੋਂ ਅਹਿਮ ਸਹਿਯੋਗ ਦਿੱਤਾ। ਤਕਨੀਕੀ ਟੀਮ ਵੱਲੋਂ ਕੁਲਵੰਤ ਸਿੰਘ, ਹਰਿਸ਼ ਕੁਮਾਰ, ਕੁਲਦੀਪ ਸਿੰਘ, ਵਿਕਾਸ ਸ਼ਰਮਾ ਅਤੇ ਸੰਦੀਪ ਕੁਮਾਰ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਮੰਦੀਪ ਰਠੌਰਾ ਟ੍ਰੈਕਸ ਵੀ ਹਾਜ਼ਰ ਰਹੇ।ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਮੁੱਚੀ ਆਕਾਸ਼ਵਾਣੀ ਐੱਫ.ਐੱਮ. ਬਠਿੰਡਾ ਦੀ ਟੀਮ ਦਾ ਧੰਨਵਾਦ ਕੀਤਾ।
- Download Babushahi App
-
-