ਅਰੂਨਾ ਚੌਧਰੀ ਦੀ ਮੌਜੂਦਗੀ ਵਿੱਚ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਸਫਾਈ ਮੁਹਿੰਮ ਤੇ ਚੁੱਕੇ ਸਵਾਲ
ਕਿਹਾ,ਪੰਜ ਸਾਲ ਕਿਸੇ ਨੂੰ ਸ਼ਹਿਰ ਵਿੱਚ ਸਫਾਈ ਵਿਵਸਥਾ ਦਰੁਸਤ ਕਰਨ ਦਾ ਖਿਆਲ ਕਿਉਂ ਨਹੀਂ ਆਇਆ
ਰੋਹਿਤ ਗੁਪਤਾ
ਗੁਰਦਾਸਪੁਰ
ਹਲਕਾ ਵਿਧਾਇਕਾ ਅਰੁਣਾ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ’ਤੇ ਸਫ਼ਾਈ ਮੁਹਿੰਮ ਦੇ ਨਾਂ ’ਤੇ ਦੀਨਾਨਗਰ ਦੀ ਜਨਤਾ ਨੂੰ ਪ੍ਰਵਾਵਿਤ ਕਰਨ ਅਤੇ ਆਰਟੀਫਿਸ਼ਲ ਇਨਟੈਲ਼ੀਜੈਸ ਦੀ ਮਦਦ ਨਾਲ ਵੀਡੀਓ ਤਿਆਰ ਕਰਕੇ ਲੋਕਾਂ ਨੂੰ ਭੁਲੇਖਾ ਪਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਤਾਂ ਇਸ ਆਗੂ ਨੂੰ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਦਾ ਖ਼ਿਆਲ ਨਹੀਂ ਆਇਆ ਅਤੇ ਹੁਣ ਖ਼ੁਦ ਨਾਲੀਆਂ ਸਾਫ਼ ਕਰਨ ਦਾ ਡਰਾਮਾ ਕਰਕੇ ਆਪਣੀ ਟਿਕਟ ਪੱਕੀ ਕਰਨ ਦਾ ਜੁਗਾੜ ਫਿੱਟ ਕਰ ਰਿਹਾ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਅਜਿਹੇ ਫੋਟੋ ਸੈਸ਼ਨਾਂ ਨਾਲ ਵੋਟਾਂ ਨਹੀਂ ਪੈਂਦੀਆਂ ਅਤੇ ਨਾ ਹੀ ਦੀਨਾਨਗਰ ਹਲਕੇ ਦੀ ਪੜ੍ਹੀ ਲਿਖੀ ਜਨਤਾ ਨੂੰ ਮੂਰਖ਼ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਵਿੱਚ ਇਹ ਆਗੂ ਨਗਰ ਕੌਂਸਲ ਦੀਨਾਨਗਰ ਦੇ ਕੰਮ ਵਿੱਚ ਖੱਲਲ ਪਾ ਰਿਹਾ ਹੈ ਅਤੇ ਸਫ਼ਾਈ ਕਾਮਿਆਂ ਦੇ ਰੋਜ਼ਾਨਾ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ, ਜੋ ਬਿਲਕੁੱਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਦਾ ਉਦੇਸ਼ ਸਿਰਫ਼ ਦਿਖਾਵਾ ਕਰਨਾ ਹੈ, ਜਿਸਦੇ ਲਈ ਇਹ ਕਿਸੇ ਵੀ ਦਫ਼ਤਰ ਅਤੇ ਪ੍ਰੋਗਰਾਮ ਵਿੱਚ ਪਹੁੰਚ ਕੇ ਫੋਟੋ ਸੈਸ਼ਨ ਕਰਦਾ ਹੈ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਬੱਸ ਸਟੈਂਡ ਅਤੇ ਕੂੜੇ ਦੇ ਡੰਪ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਮੌਕੇ ਕੂੜਾ ਡੰਪ ਨੂੰ ਸਿਫ਼ਟ ਨਾ ਕਰਨ ਲਈ ਕਾਂਗਰਸ ਪਾਰਟੀ ਨੂੰ ਕੋਸਣ ਵਾਲੇ ਤਮਾਮ ਆਗੂ ਹੁਣ ‘ਆਪ’ ਸਰਕਾਰ ਖ਼ਿਲਾਫ਼ ਕਿਉਂ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਲੰਘੇ ਪੌਣੇ ਪੰਜ ਸਾਲਾਂ ਤੋਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਹੈ ਅਤੇ ਐਨੇ ਸਮੇਂ ਵਿੱਚ ਇਹ ਸਰਕਾਰ ਅਤੇ ਇਸਦਾ ਸੈਲਫ ਸਟਾਈਲਡ ਹਲਕਾ ਇੰਚਾਰਜ ਆਪਣੇ ਰਾਜ ਦੌਰਾਨ ਕੂੜਾ ਡੰਪ ਨੂੰ ਸਿਫ਼ਟ ਕਿਉਂ ਨਹੀਂ ਕਰਵਾ ਸਕਿਆ ਅਤੇ ਕਿਉਂ ਅਜੇ ਤੱਕ ਬੱਸ ਸਟੈਂਡ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਅਸ਼ੋਕ ਚੌਧਰੀ ਨੇ ਕਿਹਾ ਕਿ ਬੱਸ ਸਟੈਂਡ ਨੂੰ ਬਣਾਉਣ ਲਈ ਤੱਤਕਾਲੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਪ੍ਰੋਜੈਕਟ ਮਨਜ਼ੂਰ ਕਰਵਾ ਕੇ ਪੈਸੇ ਵੀ ਪਾਸ ਕਰਵਾ ਦਿੱਤੇ ਸਨ ਪਰ ‘ਆਪ’ ਸਰਕਾਰ ਇਸਨੂੰ ਅੱਗੇ ਬਣਵਾ ਨਹੀਂ ਸਕੀ ਅਤੇ ਨਾ ਹੀ ਪੌਣੇ ਪੰਜ ਸਾਲਾਂ ਵਿੱਚ ਇਨ੍ਹਾਂ ਕੋਲੋਂ ਕੂੜੇ ਡੰਪ ਦਾ ਮਸਲਾ ਹੱਲ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵਿਧਾਇਕਾ ਅਰੁਣਾ ਚੌਧਰੀ ਦੇ ਯਤਨਾਂ ਸਦਕਾ ਹੀ ਨਗਰ ਕੌਂਸਲ ’ਤੇ ਕਾਬਜ਼ ਕਾਂਗਰਸ ਦੀ ਕਮੇਟੀ ਬੱਸ ਸਟੈਂਡ ਦੀ ਦਸ਼ਾ ਸੁਧਾਰਣ ਲਈ 1 ਕਰੋੜ 30 ਲੱਖ ਰੁਪਏ ਨਾਲ ਪ੍ਰੀਮਿਕਸ ਪਵਾਉਣ ਜਾ ਰਹੀ ਹੈ। ਜਿਸਦੀਆਂ ਸਾਰੀਆਂ ਫੈਰਮੈਲਟੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਹ ਕੰਮ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਹਲਕੇ ਦੀ ਜਨਤਾ ਨੂੰ ਵਿਕਾਸ ਅਤੇ ਸਫ਼ਾਈ ਦੇ ਨਾਂ ਉੱਤੇ ਸਿਰਫ਼ ਫੋਟੋਆਂ ਖਿੱਚਵਾਉਣ ਵਾਲੇ ਅਖੌਤੀ ਲੀਡਰਾਂ ਤੋਂ ਬਚਣ ਅਤੇ ਇਨ੍ਹਾਂ ਵੱਲੋਂ ਏ.ਆਈ ਰਾਹੀਂ ਸੋਸ਼ਲ ਮੀਡੀਆ ’ਤੇ ਪ੍ਰਚਾਰੀਆਂ ਜਾ ਰਹੀਆਂ ਫ਼ਰਜ਼ੀ ਵੀਡੀਓਜ਼ ’ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਨਗਰ ਕੌਂਸਲ ਦੀਨਾਨਗਰ ’ਚ ਬਾਰ-ਬਾਰ ਈਓ ਬਦਲਣ ਦੀ ਨੀਤੀ ਨੂੰ ਸ਼ਹਿਰ ਲਈ ਨੁਕਸਾਨਦੇਹ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਗੱਲ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿ ਆਖ਼ਿਰ ‘ਆਪ’ ਸਰਕਾਰ ਦੇ ਰਾਜ ਵਿੱਚ ਹੁਣ ਤੱਕ 18 ਈਓ ਕਿਉਂ ਬਦਲੇ ਗਏ ਜਦਕਿ ਕਾਂਗਰਸ ਸਰਕਾਰ ਵੇਲੇ ਪੰਜ ਸਾਲਾਂ ਵਿੱਚ ਸਿਰਫ਼ ਦੋ ਈਓ ਹੀ ਸੇਵਾਵਾਂ ਨਿਭਾ ਗਏ। ਉਨ੍ਹਾਂ ਦੋਸ਼ ਲਗਾਇਆ ਕਿ ਗ਼ਲਤ ਕੰਮਾਂ ਵਿੱਚ ਸਾਥ ਨਾ ਦੇਣ ਕਾਰਨ ਹੀ ਈਓ ਬਦਲਿਆ ਜਾਂਦਾ ਹੈ, ਜਿਸਦੀ ਵਜ੍ਹਾ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ।
- Download Babushahi App
-
-