'ਨਾ ਰੋਡ ਬੰਦ ਹੋਣਗੇ, ਨਾ ਬਾਜ਼ਾਰ': 27 ਅਗਸਤ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਰਹਿਣਗੇ ਬੰਦ! ਸਾਂਝਾ ਮੁਲਾਜ਼ਮ ਮੰਚ ਦਾ ਐਲਾਨ; ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਠੱਪ
27 ਅਗਸਤ ਦੀ ਹੜਤਾਲ ਨੂੰ ਲੈ ਕੇ ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਨੇ ਸਥਿਤੀ ਕੀਤੀ ਸਪਸ਼ਟ
Babushahi Network
ਚੰਡੀਗੜ੍ਹ, 26 ਅਗਸਤ 2026- ਸਾਂਝਾ ਮੁਲਾਜ਼ਮ ਮੰਚ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ 27 ਅਗਸਤ ਨੂੰ ਪੰਜਾਬ ਭਰ ਵਿੱਚ ਇੱਕ ਰੋਜ਼ਾ ਹੜਤਾਲ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਦੇ ਸਬੰਧ ਵਿੱਚ ਸਾਂਝਾ ਮੁਲਾਜ਼ਮ ਮੰਚ ਦੇ ਕੋਆਰਡੀਨੇਟਰ ਸੁਖਚੈਨ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੂਰੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਇਹ ਹੜਤਾਲ ਮੁਲਾਜ਼ਮਾਂ ਦੀ ਹੋਂਦ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ (ਦਫ਼ਤਰੀ ਸਮੇਂ) ਤੱਕ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ।
ਸੁਖਚੈਨ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਭੁਲੇਖਾਪਾਊ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਆਮ ਜਨਤਾ ਵਿੱਚ ਇਹ ਵਹਿਮ ਫੈਲਾਇਆ ਜਾ ਰਹਾ ਹੈ ਕਿ ਕੱਲ੍ਹ ਪੰਜਾਬ 'ਚ 'ਮਹਾਂਬੰਦ' ਵਰਗੀ ਸਥਿਤੀ ਹੋਵੇਗੀ ਜਾਂ ਜਬਰਦਸਤੀ ਰੋਡ ਅਤੇ ਬਾਜ਼ਾਰ ਬੰਦ ਕਰਵਾਏ ਜਾਣਗੇ। ਉਹਨਾਂ ਸਪਸ਼ਟ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਮੁਲਾਜ਼ਮਾਂ ਵੱਲੋਂ ਕੋਈ ਵੀ ਰਸਤਾ ਜਾਂ ਆਵਾਜਾਈ ਬੰਦ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਬਾਜ਼ਾਰਾਂ ਵਿੱਚ ਕੋਈ ਵਿਘਨ ਪਾਇਆ ਜਾਵੇਗਾ। ਹੜਤਾਲ ਸਿਰਫ਼ ਸਰਕਾਰੀ ਸੇਵਾਵਾਂ ਅਤੇ ਦਫ਼ਤਰਾਂ ਤੱਕ ਹੀ ਸੀਮਤ ਰਹੇਗੀ।
ਕਿਹੜੀਆਂ ਸੇਵਾਵਾਂ ਰਹਿਣਗੀਆਂ ਬੰਦ ਅਤੇ ਕਿਹੜੀਆਂ ਚੱਲਣਗੀਆਂ?
ਪੰਜਾਬ ਸੈਕਟਰੀਏਟ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਸਰਕਾਰੀ ਦਫ਼ਤਰ ਮੁਕੰਮਲ ਤੌਰ 'ਤੇ ਬੰਦ ਰਹਿਣਗੇ। ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਮੁਲਾਜ਼ਮਾਂ ਵੱਲੋਂ ਧਰਨੇ ਦਿੱਤੇ ਜਾਣਗੇ। ਸੁਖਚੈਨ ਸਿੰਘ ਖਹਿਰਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੱਜਲ-ਖੁਆਰੀ ਤੋਂ ਬਚਣ ਲਈ 27 ਅਗਸਤ ਨੂੰ ਸਰਕਾਰੀ ਦਫ਼ਤਰਾਂ ਵਿੱਚ ਆਪਣੇ ਕੰਮਕਾਜ ਲਈ ਨਾ ਜਾਣ। ਹਸਪਤਾਲਾਂ ਵਿੱਚ ਓ.ਪੀ.ਡੀ. (OPD) ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਹਾਲਾਂਕਿ, ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਨਿਰੰਤਰ ਚੱਲਦੀਆਂ ਰਹਿਣਗੀਆਂ। ਬਿਜਲੀ ਬੋਰਡ ਦਾ ਸਟਾਫ਼ ਹੜਤਾਲ 'ਤੇ ਰਹੇਗਾ, ਪਰ ਆਮ ਨਾਗਰਿਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਬਿਜਲੀ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਤੋਂ ਚੱਲਦੀ ਰਹੇਗੀ। ਪੰਜਾਬ ਰੋਡਵੇਜ਼ ਅਤੇ PRTC ਦੀਆਂ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਪ੍ਰਾਈਵੇਟ ਬੱਸਾਂ, ਟੈਕਸੀਆਂ, ਆਟੋ ਅਤੇ ਨਿੱਜੀ ਗੱਡੀਆਂ ਦੀ ਆਵਾਜਾਈ 'ਤੇ ਕੋਈ ਪ੍ਰਤੀਬੰਧ ਨਹੀਂ ਹੋਵੇਗਾ ਅਤੇ ਉਹ ਆਮ ਵਾਂਗ ਚੱਲਦੀਆਂ ਰਹਿਣਗੀਆਂ।
ਮੁੱਖ ਮੰਤਰੀ ਨਾਲ ਜਲੰਧਰ 'ਚ ਹੋਵੇਗੀ ਅਹਿਮ ਮੀਟਿੰਗ
ਹੜਤਾਲ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੰਗਾਂ ਦਾ ਹੱਲ DC ਪੱਧਰ 'ਤੇ ਨਹੀਂ ਹੋ ਸਕਦਾ, ਕਿਉਂਕਿ ਇਹ ਨੀਤੀਗਤ ਫੈਸਲੇ ਪੰਜਾਬ ਸਰਕਾਰ, ਵਿੱਤ ਵਿਭਾਗ ਅਤੇ ਮਾਨਯੋਗ ਮੁੱਖ ਮੰਤਰੀ ਵੱਲੋਂ ਲਏ ਜਾਣੇ ਹਨ। ਇਸੇ ਲੜੀ ਤਹਿਤ ਡੀ.ਸੀ. ਸਾਹਿਬਾਨਾਂ ਨੂੰ ਪਹਿਲਾਂ ਹੀ ਨੋਟਿਸ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ 27 ਅਗਸਤ ਨੂੰ ਦੁਪਹਿਰ 1 ਵਜੇ ਜਲੰਧਰ ਦੇ PAP ਵਿਖੇ ਪੰਜਾਬ ਦੇ ਮੁੱਖ ਮੰਤਰੀ ਨਾਲ ਸਾਂਝਾ ਮੁਲਾਜ਼ਮ ਮੰਚ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਰਕਾਰੀ ਕੰਮਾਂ ਲਈ 27 ਅਗਸਤ ਨੂੰ ਸਰਕਾਰੀ ਦਫ਼ਤਰਾਂ ਵਿੱਚ ਨਾ ਪਹੁੰਚਣ ਅਤੇ ਇਸ ਹੜਤਾਲ ਕਾਰਨ ਹੋਣ ਵਾਲੀ ਥੋੜ੍ਹੀ-ਬਹੁਤ ਅਸੁਵਿਧਾ ਲਈ ਖਿਮਾ ਦੇ ਜਾਚਕ ਹਨ।
- Download Babushahi App
-
-