ਪੁਲ ’ਤੇ ਰੇਲਿੰਗ ਨਹੀਂ ਜਾਂ ਪ੍ਰਸ਼ਾਸਨ ਦੀ ਲਾਪਰਵਾਹੀ?
ਰੋਜ਼ਾਨਾ ਹਾਦਸਿਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ
ਰੇਲਿੰਗ ਦਾ ਸਮਾਨ ਪੁਲ ’ਤੇ ਪਹੁੰਚਿਆ, ਪਰ ਕੰਮ ਅਜੇ ਵੀ ਠੱਪ — ਲੋਕ ਪੁੱਛ ਰਹੇ ਹਨ, ਆਖ਼ਿਰ ਕਿਸ ਵੱਡੇ ਹਾਦਸੇ ਦੀ ਉਡੀਕ?
ਜਗਰਾਓਂ(ਦੀਪਕ ਜੈਨ)
ਝਾਂਸੀ ਰਾਣੀ ਚੌਂਕ ਨੇੜੇ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਹਾਲਾਤ ਦਿਨੋਂ-ਦਿਨ ਖ਼ਤਰਨਾਕ ਬਣਦੇ ਜਾ ਰਹੇ ਹਨ। ਲੰਬੇ ਸਮੇਂ ਤੋਂ ਰੇਲਿੰਗ ਲਗਾਉਣ ਦਾ ਮਾਮਲਾ ਲਟਕਿਆ ਹੋਇਆ ਹੈ, ਜਦਕਿ ਹੈਰਾਨੀ ਦੀ ਗੱਲ ਇਹ ਹੈ ਕਿ ਰੇਲਿੰਗ ਲਗਾਉਣ ਲਈ ਲੋੜੀਂਦਾ ਸਮਾਨ ਵੀ ਪੁਲ ’ਤੇ ਪਹੁੰਚ ਚੁੱਕਾ ਹੈ। ਇਸ ਦੇ ਬਾਵਜੂਦ ਕੰਮ ਸ਼ੁਰੂ ਨਾ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ’ਤੇ ਆਵਾਜਾਈ ਦਾ ਪ੍ਰਬੰਧ ਠੀਕ ਨਾ ਹੋਣ ਅਤੇ ਵਾਹਨ ਚਾਲਕਾਂ ਵੱਲੋਂ ਗਲਤ ਦਿਸ਼ਾ ਵਿੱਚ ਟਰਨ ਲੈਣ ਕਾਰਨ ਅਕਸਰ ਹਾਦਸੇ ਵਾਪਰ ਰਹੇ ਹਨ। ਰੇਲਿੰਗ ਨਾ ਹੋਣ ਕਾਰਨ ਕਿਸੇ ਵਾਹਨ ਦੇ ਬੇਕਾਬੂ ਹੋਣ ਦੀ ਸੂਰਤ ਵਿੱਚ ਹਾਦਸਾ ਹੋਰ ਵੀ ਭਿਆਨਕ ਰੂਪ ਧਾਰ ਸਕਦਾ ਹੈ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਜੇ ਰੇਲਿੰਗ ਦਾ ਸਮਾਨ ਪੁਲ ’ਤੇ ਪਿਆ ਹੈ ਤਾਂ ਇਸ ਨੂੰ ਲਗਾਉਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ?
ਅੱਜ ਵੀ ਪੁਲ ’ਤੇ ਇੱਕ ਐਕਟੀਵਾ ਸਵਾਰ ਨਾਲ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਸਕੂਟਰੀ ਨੂੰ ਟਰਨ ਕਰਦੇ ਸਮੇਂ ਚਾਲਕ ਦੇ ਸਿਰ ’ਤੇ ਸੱਟ ਲੱਗੀ। ਗਨੀਮਤ ਰਹੀ ਕਿ ਮਾਮਲਾ ਵੱਡੇ ਜਾਨੀ ਨੁਕਸਾਨ ਤੱਕ ਨਹੀਂ ਪਹੁੰਚਿਆ। ਪਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਫਾਈਲਾਂ ਅਤੇ ਭਰੋਸਿਆਂ ਵਿੱਚ ਲਟਕਾਉਣ ਦੀ ਬਜਾਏ ਤੁਰੰਤ ਰੇਲਿੰਗ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾਵੇ, ਨਾਲ ਹੀ ਪੁਲ ’ਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਹਾਦਸਾ ਹੋਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਮੌਕੇ ਕਾਮਰੇਡ ਕੰਵਲਜੀਤ ਖੰਨਾ ਨੇ ਪ੍ਰਸ਼ਾਸਨ ਅਤੇ ਜਗਰਾਓਂ ਦੀ ਵਿਧਾਇਕਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਕਈ ਵਾਰ ਧਿਆਨ ਦਿਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੇ 3-4 ਦਿਨਾਂ ਵਿੱਚ ਪੁਲ ’ਤੇ ਰੇਲਿੰਗ ਲਗਾਉਣ ਦਾ ਕੰਮ ਮੁਕੰਮਲ ਨਾ ਕੀਤਾ ਗਿਆ ਤਾਂ ਜਗਰਾਓਂ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਪੁਲ ਜਾਮ ਕਰਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕਾਮਰੇਡ ਖੰਨਾ ਨੇ ਕਿਹਾ ਕਿ ਇਹ ਕਿਸੇ ਪਾਰਟੀ ਜਾਂ ਵਿਅਕਤੀ ਦਾ ਰਾਜਨੀਤਿਕ ਮੁੱਦਾ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਕਾਰਵਾਈ ਕੀਤੀ ਜਾਵੇ।
ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਰੇਲਿੰਗ ਲਗਾ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਾ ਹੈ ਜਾਂ ਫਿਰ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਅੱਖਾਂ ਖੁੱਲ੍ਹਣਗੀਆਂ।
- Download Babushahi App
-
-