ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਦੋ ਪਿੰਡਾਂ ਦੇ ਲੋਕਾਂ ਵੱਲੋਂ ਬੁਰਜ ਸੇਮਾ ਸਕੂਲ ਨੂੰ ਜਿੰਦਰਾ ਲਾਉਣ ਦਾ ਐਲਾਨ
ਅਸ਼ੋਕ ਵਰਮਾ
ਮੌੜ ਮੰਡੀ, 26 ਅਗਸਤ 2026 : ਪਿੰਡ ਬੁਰਜ ਸੇਮਾ ਦੇ ਸਕੂਲ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਬੁਰਜ ਸੇਮਾ ਅਤੇ ਬੰਗੇਰ ਮੁਹੱਬਤ ਤੇ ਵਾਸੀਆਂ ਨੇ 27 ਅਗਸਤ ਨੂੰ ਸਕੂਲ ਨੂੰ ਜਿੰਦਾ ਲਾ ਕੇ ਗੇਟ ਤੇ ਧਰਨਾ ਦੇਣ ਦਾ ਐਲਾਨ ਕੀਤਾ । ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਤੇ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਿੰਡ ਬੁਰਜ ਸੇਮਾ ਦੇ ਮਿਡਲ ਤੋਂ ਅਪਗਰੇਡ ਹੋਏ ਸਰਕਾਰੀ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀ ਕਮੀ ਪੂਰੀ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਬੁਰਜ ਸੇਮਾ ਤੇ ਬੰਗੇਹਰ ਮੁਹੱਬਤ ਦੇ ਪਿੰਡ ਵਾਸੀਆਂ ਵੱਲੋਂ 25 ਅਗਸਤ ਤੋਂ ਸਕੂਲ ਅੱਗੇ ਸਕੂਲ ਟਾਈਮ ਤੱਕ ਧਰਨਾ ਲਾਇਆ ਜਾ ਰਿਹਾ ਹੈ ਇੰਨੀ ਗਰਮੀ ਵਿੱਚ ਬੈਠੇ ਲੋਕਾਂ ਦੀਆਂ ਮੰਗਾਂ ਤਾਂ ਹੱਲ ਕੀ ਕਰਨੀਆਂ ਸਨ,ਜਿਲਾ ਸਿੱਖਿਆ ਅਫਸਰ ਵੱਲੋਂ ਹਾਲੇ ਤੱਕ ਗੱਲ ਨਹੀਂ ਸੁਣੀ ਗਈ ਜਿਸ ਕਰਕੇ ਜ਼ਿਲਾ ਸਿੱਖਿਆ ਅਫਸਰ ਪ੍ਰਤੀ ਰੋਸ ਵਧ ਰਿਹਾ ਹੈ।
ਅੱਜ ਦੇ ਇਕੱਠ ਵਿੱਚ ਜਸਵੀਰ ਸਿੰਘ,ਨੈਬ ਸਿੰਘ, ਨਾਜਰ ਸਿੰਘ, ਐਡਵੋਕੇਟ ਅਵਤਾਰ ਸਿੰਘ, ਗੁਰਸਾਹਿਬ ਸਿੰਘ, ਸੁਖਮਿੰਦਰ ਸਿੰਘ ਸਰਪੰਚ ਬੁਰਜ ਸੇਮਾ, ਧਰਮ ਸਿੰਘ, ਗੁਰਪ੍ਰੀਤ ਸਿੰਘ,ਬਲਜੀਤ ਸਿੰਘ, ਬਲਵਿੰਦਰ ਸਿੰਘ,ਰਾਮ ਸਿੰਘ, ਗੁਰਦੇਵ ਸਿੰਘ, ਹੋਰ ਮੋਹਤਬਰ ਵਿਅਕਤੀ ਅਤੇ ਔਰਤਾਂ ਸ਼ਾਮਿਲ ਸਨ। । ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਸਕੂਲਾਂ ਨੂੰ ਕਾਰਪਰੇਟ ਦੇ ਹਵਾਲੇ ਕਰਨ ਦੀ ਨਵੀਂ ਸਿੱਖਿਆ ਨੀਤੀ ਤਹਿਤ ਅਧਿਆਪਕਾਂ ਦੀ ਪੂਰੀ ਭਰਤੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਨਾਂ ਦਾ ਨੁਕਸਾਨ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਾ ਇਕ ਇਕ ਹੱਲ ਏਕਾ ਅਤੇ ਸੰਘਰਸ਼ ਹੀ ਹੈ। ਬੁਲਾਰਿਆਂ ਨੇ ਦੋਵਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਹਾ ਕਿ ਜਿੰਨਾ ਚਿਰ ਸਕੂਲ ਦੇ ਇਹ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੱਕ ਸੰਘਰਸ਼ ਜਾਰੀ ਰਹੇਗਾ। ਉਹਨਾਂ ਦੱਸਿਆ ਕਿ ਅਪਗਰੇਡ ਹੋਇਆਂ ਤਾਂ ਸਰਕਾਰੀ ਹਾਈ ਸਕੂਲ ਨੂੰ ਪੰਜ ਸਾਲ ਹੋ ਗਏ ਹਨ ਪਰ ਇਸ ਨੂੰ ਫੰਕਸ਼ਨਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੋਸਟਾਂ ਭੇਜੀਆਂ ਹਨ । ਹੁਣ ਇਸ ਸਕੂਲ ਵਿੱਚ ਦੋ ਸਰਕਾਰੀ ਅਧਿਆਪਕ ਰੈਗੂਲਰ ਹਨ ਜੋ ਛੇਵੀਂ ਤੋਂ ਦਸਵੀਂ ਕਲਾਸ ਦੇ ਬੱਚਿਆਂ ਨੂੰ ਪੜਾ ਰਹੇ ਹਨ।,
ਉਹਨਾਂ ਕਿਹਾ ਕਿ ਬਾਕੀ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਦੀ ਪੰਚਾਇਤ ਅਤੇ ਹੋਰ ਮੋਹਤਬਰਾਂ ਵੱਲੋਂ ਸਕੂਲ ਨੂੰ ਫੰਕਸ਼ਨਲ ਕਰਾਉਣ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪੂਰੀਆਂ ਕਰਾਉਣ ਲਈ ਕਈ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਪੰਜਾਬ ਸਰਕਾਰ, ਜਿਲਾ ਸਿੱਖਿਆ ਅਫਸਰ ਅਤੇ ਚੰਡੀਗੜ੍ਹ ਦੇ ਉਚੇਰੇ ਸਿੱਖਿਆ ਅਫਸਰਾਂ ਨੂੰ ਮਿਲ ਕੇ ਲਿਖਤੀ ਤੌਰ ਤੇ ਧਿਆਨ ਚ ਲਿਆਂਦਾ ਜਾ ਚੁੱਕਾ ਹੈ ਪਰ ਹਾਲੇ ਤੱਕ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਸਕੂਲ ਨਾਲ ਸੰਬੰਧਿਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਜਿਸ ਤੋਂ ਮਜਬੂਰ ਹੋ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਧਰਨਾ ਸ਼ੁਰੂ ਕੀਤਾ ਗਿਆ ਸੀ ਪਰ ਜਿਲਾ ਅਧਿਕਾਰੀਆਂ ਵੱਲੋਂ ਗੱਲ ਨਾ ਸੁਣਨ ਤੇ ਮਜਬੂਰੀ ਬਸ ਅਗਲੇ ਸਖਤ ਐਕਸ਼ਨ ਕਰਨ ਦਾ ਐਲਾਨ ਕਰਨਾ ਪਿਆ ।
- Download Babushahi App
-
-