ਆਪਰੇਸ਼ਨ ਲੋਟਸ ਜਾਂ ਸਿਆਸੀ ਡਰਾਮਾ? ਵੜਿੰਗ ਨੇ AAP ਵਿਧਾਇਕਾ ਦੇ ਦਾਅਵਿਆਂ 'ਤੇ ਕੱਸਿਆ ਤੰਜ਼- ਤਾਂ ਨਰਿੰਦਰ ਕੌਰ ਭਰਾਜ ਨੇ ਦਿੱਤਾ ਮੋੜਵਾਂ ਜਵਾਬ
"ਕਿਸੇ ਨੇ ਡੇਢ ਲੱਖ ਵੀ ਨਹੀਂ ਦੇਣਾ, 10 ਕਰੋੜ ਤਾਂ ਦੂਰ ਦੀ ਗੱਲ"- ਵੜਿੰਗ; ਵਿਧਾਇਕਾ ਭਰਾਜ ਨੇ ਨਾਇਬ ਸੈਣੀ ਦੇ ਵਿਚੋਲਿਆਂ 'ਤੇ ਲਾਏ ਰਾਬਤਾ ਕਰਨ ਦੇ ਦੋਸ਼
Babushahi Network
ਚੰਡੀਗੜ੍ਹ/ਸੰਗਰੂਰ, 14 ਫਰਵਰੀ 2026- ਪੰਜਾਬ ਵਿੱਚ 'ਆਪਰੇਸ਼ਨ ਲੋਟਸ' ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਭਾਜਪਾ 'ਤੇ ਲਾਏ ਗਏ ਖਰੀਦੋ-ਫਰੋਖਤ ਦੇ ਦੋਸ਼ਾਂ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੇਹੱਦ ਤਿੱਖਾ ਅਤੇ ਵਿਅੰਗਮਈ ਪਲਟਵਾਰ ਕੀਤਾ ਹੈ।
ਰਾਜਾ ਵੜਿੰਗ ਨੇ 'ਆਪ' ਵਿਧਾਇਕਾਂ ਨੂੰ ਮਿਲ ਰਹੀਆਂ ਆਫਰਾਂ ਨੂੰ 'ਸਿਰਫ ਇੱਕ ਡਰਾਮਾ' ਕਰਾਰ ਦਿੰਦਿਆਂ ਕਈ ਵੱਡੇ ਸਵਾਲ ਚੁੱਕੇ ਹਨ। ਵੜਿੰਗ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕਿਸੇ ਨੇ ਡੇਢ ਲੱਖ ਰੁਪਏ ਦੀ ਵੀ ਆਫਰ ਦਿੱਤੀ ਹੋਵੇਗੀ, 10-10 ਕਰੋੜ ਦੀਆਂ ਗੱਲਾਂ ਤਾਂ ਬਹੁਤ ਦੂਰ ਹਨ। ਇਹ ਆਪਣਾ ਭਾਅ ਆਪ ਹੀ ਲਾਈ ਜਾਂਦੇ ਹਨ।"
FIR ਦਰਜ ਕਿਉਂ ਨਹੀਂ?
ਵੜਿੰਗ ਨੇ ਚੁਣੌਤੀ ਦਿੱਤੀ ਕਿ ਜੇਕਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਾਂ ਲਿਆ ਜਾ ਰਿਹਾ ਹੈ, ਤਾਂ ਉਨ੍ਹਾਂ ਖ਼ਿਲਾਫ਼ 'ਬਾਏ ਨੇਮ' (ਨਾਮਜ਼ਦ) ਐਫ.ਆਈ.ਆਰ. ਦਰਜ ਕਿਉਂ ਨਹੀਂ ਕਰਵਾਈ ਜਾਂਦੀ? ਪੁਰਾਣੀਆਂ ਬੇਨਾਮੀ ਐਫ.ਆਈ.ਆਰ. ਦਾ ਕੀ ਬਣਿਆ? ਵੜਿੰਗ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਅਗਲੀਆਂ ਚੋਣਾਂ ਵਿੱਚ ਆਪਣੇ 70 ਫੀਸਦੀ ਵਿਧਾਇਕਾਂ ਦੀਆਂ ਟਿਕਟਾਂ ਬਦਲਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਅਗਲੀ ਵਾਰ ਟਿਕਟ ਨਹੀਂ ਮਿਲਣੀ, ਉਹੀ ਹੁਣ ਅਜਿਹੇ ਆਫਰਾਂ ਦੇ ਡਰਾਮੇ ਕਰ ਰਹੇ ਹਨ। ਵੜਿੰਗ ਨੇ ਹਰਿਆਣਾ ਦੇ ਸੀ.ਐਮ. ਨਾਇਬ ਸੈਣੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਪਣਾ ਸੂਬਾ ਸੰਭਾਲਣ ਦੀ ਬਜਾਏ ਪੰਜਾਬ ਵੱਲ ਕਿਉਂ ਤੁਰੇ ਫਿਰਦੇ ਹਨ?
ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਦਾਅਵਾ
ਦੂਜੇ ਪਾਸੇ, ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੇ ਦਾਅਵੇ 'ਤੇ ਮਜ਼ਬੂਤੀ ਨਾਲ ਖੜ੍ਹਦਿਆਂ ਦੋਸ਼ ਲਾਇਆ ਕਿ ਪਿਛਲੇ 5-6 ਦਿਨਾਂ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵਿਚੋਲੀਏ ਉਨ੍ਹਾਂ ਨਾਲ ਸੰਪਰਕ ਕਰ ਰਹੇ ਸਨ। ਭਰਾਜ ਮੁਤਾਬਕ ਉਨ੍ਹਾਂ ਨੂੰ 2027 ਦੀਆਂ ਚੋਣਾਂ ਅਤੇ ਸੰਗਰੂਰ ਦੀ ਸਿਆਸਤ ਨੂੰ ਲੈ ਕੇ ਬੰਦ ਕਮਰਾ ਮੀਟਿੰਗ ਦੀ ਪ੍ਰਪੋਜ਼ਲ ਦਿੱਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ।