- By : ਬਾਬੂਸ਼ਾਹੀ ਬਿਊਰੋ
- First Published : Friday, Feb 13, 2026 05:51 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Political Specialਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪੈਂਤੜੇਬਾਜੀ ਦੀ ਤੱਕੜੀ ’ਚ ਜੋਖੀ ਵੱਡੇ ਬਾਦਲ ਦੀ ਫੋਟੋ
ਅਸ਼ੋਕ ਵਰਮਾ
ਬਠਿੰਡਾ , 13 ਫਰਵਰੀ 2026 : ਸ਼ੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਿਆਂ ’ਚ ‘ਪੰਜਾਬ ਬਚਾਓ -2027 ’ਚ ਸੁਖਬੀਰ ਸਿੰਘ ਬਾਦਲ ਲਿਆਓ’ ਦੇ ਬੈਨਰ ਹੇਠ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਪੋਸਟਰ ’ਤੇ ਪਾਰਟੀ ਨੂੰ ਬੁਲੰਦੀਆਂ ਤੇ ਲਿਜਾਣ ਲਈ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਨਾਂ ਲਾਉਣ ਤੋਂ ਨਵੇਂ ਚਰਚੇ ਛਿੜੇ ਹੋਏ ਹਨ। ਇਸ ਤੋਂ ਪਹਿਲਾਂ ਤੱਕ ਪਾਰਟੀ ਦੇ ਸਿਆਸੀ ਬੋਰਡਾਂ ਤੇ ਹੋਰਨਾਂ ਆਗੂਆਂ ਦੇ ਨਾਲ ਨਾਲ ਵੱਡੇ ਬਾਦਲ ਦੀ ਫੋਟੋ ਤਰਜੀਹੀ ਅਧਾਰ ਤੇ ਲੱਗਦੀ ਰਹੀ ਹੈ। ਪਾਰਟੀ ਆਗੂਆਂ ਵੱਲੋਂ ਅਖਬਾਰਾਂ ’ਚ ਲੁਆਏ ਜਾਂਦੇ ਇਸ਼ਤਿਹਾਰਾਂ ’ਚ ਤਾਂ ਵੱਡੇ ਬਾਦਲ ਦੀ ਫੋਟੋ ਲਾਉਣ ਨੂੰ ਮਾਣ ਮੰਨਿਆ ਜਾਂਦਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਗੱਲ ਸਹਿਜ ਨਹੀਂ ਬਲਕਿ ਸੁਖਬੀਰ ਨੇ ਇੱਕ ਤਰਾਂ ਨਾਲ ਸਖਤ ਸੰਦੇਸ਼ ਦਿੱਤਾ ਹੈ ਕਿ ਉਹ ਲਾਣੇਦਾਰ ਹਨ ਤੇ ਉਹੀ ਰਹਿਣਗੇ।
ਸ਼ੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਦੂਸਰੀ ਵਾਰ ਹੈ ਕਿ ਵੱਡੇ ਬਾਦਲ ਦੀ ਫੋਟੋ ਨਜ਼ਰਅੰਦਾਜ ਕੀਤੀ ਗਈ ਹੋਵੇ। ਸਾਲ 2019 ਦੀਆਂ ਲੋਕ ਸਭਾ ਚੋਣਾਂ ਕਾਰਨ ਨਵੰਬਰ 2018 ਵਿੱਚ ਸੰਸਦ ਮੈਂਬਰ ਅਤੇ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਗੁਰਪੁਰਬ ਅਤੇ ਨਵੇਂ ਸਾਲ ਦੀਆਂ ਵਧਾਈਆਂ ਦੇਣ ਲਈ ਲਾਈਆਂ ਫਲੈਕਸਾਂ ਤੋਂ ਰਾਜਨੀਤੀ ਦੇ ਚਾਣਕੀਆ ਮੰਨੇ ਜਾਂਦੇ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਗਾਇਬ ਰਹੀ ਸੀ ਅਤੇ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਫੋਟੋ ਲਾਉਣ ਤੋਂ ਵੀ ਪਾਸਾ ਵੱਟ ਲਿਆ ਗਿਆ ਸੀ। ਹਾਲਾਂਕਿ ਉਸ ਵਕਤ ਇਹ ਮੰਨਿਆ ਗਿਆ ਸੀ ਕਿ ਵਧਾਈ ਬੋਰਡਾਂ ’ਤੇ ਪਾਰਟੀ ਦੋ ਵੱਡੇ ਆਗੂਆਂ ਦੀਆਂ ਫੋਟੋਆਂ ਨਾਂ ਲਾਉਣ ਦਾ ਮੁੱਖ ਕਾਰਨ ਪੰਜਾਬ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਕਰਕੇ ਸਿੱਖ ਸੰਗਤ ’ਚ ਬਾਦਲ ਪ੍ਰੀਵਾਰ ਪ੍ਰਤੀ ਰੋਸ ਦਾ ਹੋਣਾ ਸੀ।
ਸੰਗਤ ਦੇ ਇਸੇ ਰੋਸ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨਾਂ ਕੇਵਲ ਸੱਤਾ ਗੁਆ ਬੈਠਾ ਬਲਕਿ ਹਾਰ ਵੀ ਨਮੋਸ਼ੀਜਨਕ ਹੋਈ ਸੀ। ਹੁਣ ਜਦੋਂ ਮਹੌਲ ’ਚ ਤਬਦੀਲੀ ਆਉਣ ਲੱਗੀ ਹੈ ਤਾਂ ਅਕਾਲੀ ਦਲ ਬਾਦਲ ਦੀ ਮੋਹੜੀ ਗੱਡਣ ਵਾਲੇ ਸਿਰ ਕੱਢ ਆਗੂ ਦੀ ਇਸ ਤਰਾਂ ਫੋਟੋ ਦਾ ਗਾਇਬ ਹੋਣਾ ਬਿਨਾਂ ਗੱਲੋਂ ਨਹੀਂ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੋਸਟਰ ਤੇ ਸਿਰਫ ਆਪਣੀ ਫੋਟੋ ਰਾਹੀਂ ਇਹ ਇਸ਼ਾਰਾ ਕਰਨਾ ਚਾਹੁੰਦੇ ਹਨ ਕਿ ਪਾਰਟੀ ’ਚ ਸਿਰਫ ਹੁਣ ਉਹ ਹੀ ਸੁਪਰੀਮੋ ਹਨ । ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਇਹ ਉਨਾਂ ਆਗੂਆਂ ਨੂੰ ਇਸ਼ਾਰਾ ਕੀਤਾ ਹੈ ਕਿ ਜੋ ਸੁਖਬੀਰ ਬਾਦਲ ਨੂੰ ਠਿੱਬੀ ਲਾਕੇ ਦਿਲ ਦੇ ਕਿਸੇ ਕੋਨੇ ਵਿੱਚ ਪਾਰਟੀ ਦੇ ਅੰਦਰ ਖੁਦ ਨੂੰ ਸੱਤਾ ਦਾ ਦੂਸਰਾ ਕੇਂਦਰ ਬਿੰਦੂ ਬਣਨ ਦੀਆਂ ਸੱਧਰਾਂ ਪਾਲੀ ਬੈਠੇ ਹਨ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਜਮਾਨਤ ’ਤੇ ਜੇਲੋਂ ਬਾਹਰ ਆਉਣ ਪਿੱਛੋਂ ਕਿਹਾ ਸੀ ਕਿ ਪਾਰਟੀ ਚੋਂ ਬਾਹਰ ਗਏ ਆਗੂਆਂ ਨੂੰ ਪਾਰਟੀ ’ਚ ਲਿਆਉਣ ਲਈ ਨੰਗੇ ਪੈਰੀ ਜਾਣ ਸਬੰਧੀ ਕਿਹਾ ਸੀ। ਇਸ ਮਗਰੋਂ ਹੀ ਚਰਚਾ ਛਿੜੀ ਹੈ ਕਿ ਮਜੀਠੀਆ ਪਾਰਟੀ ਵਿੱਚ ਸੱਤਾ ਦੇ ਦੂਸਰੇ ਕੇਂਦਰ ਵਜੋਂ ਉੱਭਰੇ ਰਹੇ ਹਨ। ਖਾਸ ਤੌਰ ਤੇ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ’ਚ ਸੁਪਰੀਮ ਕੋਰਟ ਚੋਂ ਜਮਾਨਤ ਮਿਲਣ ਉਪਰੰਤ ਬਾਹਰ ਆਉਣ ’ਤੇ ਪਾਰਟੀ ਵਰਕਰਾਂ ਨੇ ਮਜੀਠੀਆ ਦਾ ਭਰਵਾਂ ਸੁਆਗਤ ਕੀਤਾ ਪਰ ਉਦੋਂ ਸੁਖਬੀਰ ਦਿਖਾਈ ਨਹੀਂ ਦਿੱਤੇ ਸਨ। ਬੇਸ਼ੱਕ ਚਰਚਾ ਪਿੱਛੋਂ ਸੁਖਬੀਰ ਮਜੀਠੀਆ ਦੇ ਘਰ ਪੁੱਜ ਗਏ ਪਰ ਉਦੋਂ ਤੱਕ ਤੀਰ ਕਮਾਨ ਚੋਂ ਨਿਕਲ ਚੁੱਕਿਆ ਸੀ। ਦੇਖਿਆ ਜਾਏ ਤਾਂ ਹੁਣ ਤੱਕ ਅਜਿਹਾ ਕੋਈ ਮੌਕਾ ਨਹੀਂ ਆਇਆ ਜਦੋਂ ਸੁਖਬੀਰ ਪੂਰੀ ਮਜਬੂਤੀ ਦਿਖਾਉਂਦੇ ਹੋਏ ਮਜੀਠੀਆ ਨਾਲ ਖਲੋਤੇ ਦਿਖੇ ਹੋਣ।
ਸੂਤਰ ਆਖਦੇ ਹਨ ਕਿ ਚੋਣਾਂ ਤੋਂ ਪਹਿਲਾਂ ਮਜੀਠੀਆ ਦੇ ਬਾਹਰ ਆਉਣ ਕਾਰਨ ਮਜੀਠੀਆ ਕਾਡਰ ’ਚ ਭਾਰੀ ਉਤਸ਼ਾਹ ਹੈ ਜਿਸ ਨੂੰ ਪਾਰਟੀ ਮਜਬੂਤੀ ਨਾਲ ਜੋੜਕੇ ਦੇਖ ਰਹੀ ਹੈ । ਦੂਜੇ ਪਾਸੇ ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੂੰ ਇਹ ਤੌਖਲਾ ਵੀ ਹੈ ਕਿ ਵਿਰੋਧੀ ਮਜੀਠੀਆ ਤੇ ਲੱਗੇ ਦੋਸ਼ਾਂ ਅਤੇ ਉਨਾਂ ਦੀ ਰਾਜਨੀਤੀ ’ਚ ਸਰਗਰਮੀਆਂ ਨੂੰ ਚੋਣਾਂ ਦੌਰਾਨ ਵੱਡਾ ਮੁੱਦਾ ਬਣਾ ਸਕਦੀਆਂ ਹਨ ਕਿਉਂਕਿ ਨਸ਼ਿਆਂ ਦਾ ਮਾਮਲਾ ਪੰਜਾਬ ਅਜਿਹੇ ਮੌਕੇ ਵੱਡੀ ਪੱਧਰ ’ਤੇ ਭਖਦਾ ਆਇਆ ਹੈ। ਕੁੱਝ ਆਗੂਆਂ ਨੇ ਇੰਨਾਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਪਾਰਟੀ ਮਜਬੂਤ ਹੋਈ ਹੈ। ਉਨਾਂ ਕਿਹਾ ਕਿ ਪਾਰਟੀ ਦਾ ਅਗਲਾ ਨਿਸ਼ਾਨਾ 2027 ਚੋਣਾਂ ਜਿੱਤਕੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣਾ ਹੈ।
ਫੋਟੋ ਗਾਇਬ ਹੋਣ ਦਾ ਕਾਰਨ
ਅਸਲ ’ਚ ਐਸਜੀਪੀਸੀ ਵੱਲੋਂ ਤਖਤਾਂ ਦੇ ਜੱਥੇਦਾਰ ਨੂੰ ਹਟਾਉਣ ਕਾਰਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪਹਿਲੀ ਵਾਰ ਆਹਮੋ ਸਾਹਮਣੇ ਨਜ਼ਰ ਆਏ ਸਨ ਜਦੋਂ ਮਜੀਠੀਆ ਨੇ ਫੈਸਲੇ ਨੂੰ ਪੰਥਕ ਏਕਤਾ ਖਿਲਾਫ ਕਰਾਰ ਦਿੱਤਾ ਸੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦੋਸ਼ ਲਾਇਆ ਸੀ ਕਿ ਮੁਸ਼ਕਲ ਦੀ ਘੜੀ ’ਚ ਮਜੀਠੀਆ ਨੇ ਪਾਰਟੀ ਅਤੇ ਸੁਖਬੀਰ ਬਾਦਲ ਨੂੰ ਕੰਮਜੋਰ ਕਰਨ ਦਾ ਕੰਮ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਮਗਰੋਂ ਭੂੰਦੜ ਨੇ ਇਹ ਪ੍ਰੈਸ ਬਿਆਨ ਵਾਪਿਸ ਲੈ ਲਿਆ ਸੀ।
ਹੋਰ ਪੋਸਟਰਾਂ ਤੇ ਲੱਗੇਗੀ ਫੋਟੋ
ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਿਰਫ ਇਹੋ ਪੋਸਟਰ ਐਦਾਂ ਦਾ ਬਣਾਇਆ ਹੈ ਜਦੋਂਕਿ ਹੋਰ ਵੀ ਕਾਫੀ ਪ੍ਰਚਾਰ ਸਮੱਗਰੀ ਆਵੇਗੀ ਜਿਸ ਤੇ ਬਾਦਲ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਣਗੀਆਂ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com