ਕਿਸੇ ਦਾ ਘਰ ਬਰਬਾਦ ਕਰਕੇ ਤੁਸੀਂ ਤਿੰਨ ਮੰਜਿਲਾਂ 'ਚ ਨਹੀਂ ਰਹਿ ਸਕਦੇ- ਭਗਵੰਤ ਮਾਨ ਦੀ 'ਮੈਗਾ ਰੈਲੀ' ਵਿੱਚ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ
Babushahi Network
ਮੋਗਾ/ਕਿਲੀ ਚਹਿਲਾਂ 16 ਫਰਵਰੀ 2026: ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ 'ਮੈਗਾ ਰੈਲੀ' ਇੱਕ ਵੱਡੇ ਸ਼ਕਤੀ ਪ੍ਰਦਰਸ਼ਨ ਵਿੱਚ ਬਦਲ ਗਈ। ਇਸ ਮੌਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਪੱਧਰੀ ਰੱਖਿਅਕ ਕਮੇਟੀਆਂ (VDC) ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ।
ਭਗਵੰਤ ਮਾਨ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੰਦਿਆ ਕਿਹਾ ਕਿ ਕਿਸੇ ਦਾ ਘਰ ਬਰਬਾਦ ਕਰਕੇ ਤੁਸੀਂ (ਨਸ਼ਾ ਤਸਕਰਾਂ) ਤਿੰਨ ਮੰਜਿਲਾਂ ਚ ਨਹੀਂ ਰਹਿ ਸਕਦੇ। ਸਿਸੋਦੀਆ ਨੇ ਕਿਹਾ ਕਿ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ (VDC) ਦੀ ਮਦਦ ਨਾਲ ਹੁਣ ਤੱਕ 17,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ VDC ਮੈਂਬਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ 'ਅੱਖ ਤੇ ਕੈਮਰੇ' ਕਰਾਰ ਦਿੱਤਾ, ਜੋ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਗ੍ਰਿਫ਼ਤਾਰੀਆਂ ਨਾ ਹੁੰਦੀਆਂ ਤਾਂ ਨਸ਼ਾ ਪੰਜਾਬ ਦੀ ਜਵਾਨੀ ਨੂੰ ਹੋਰ ਬਰਬਾਦ ਕਰ ਦਿੰਦਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ
ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਸਿੱਧਾ ਰੈਲੀ ਵਿੱਚ ਪਹੁੰਚੇ ਮੁੱਖ ਮੰਤਰੀ ਨੇ VDC ਮੈਂਬਰਾਂ ਅਤੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ: ਨਸ਼ਿਆਂ ਵਿਰੁੱਧ ਯੁੱਧ ਤਾਂ ਹੀ ਸਫ਼ਲ ਹੋ ਸਕਦਾ ਹੈ ਜੇਕਰ ਪਿੰਡ ਦਾ ਹਰ ਨਾਗਰਿਕ ਇਸ ਵਿੱਚ ਸ਼ਾਮਿਲ ਹੋਵੇ। ਉਨ੍ਹਾਂ ਨੇ ਮੈਂਬਰਾਂ ਨੂੰ ਨਸ਼ਾ ਨਾ ਕਰਨ ਅਤੇ ਤਸਕਰਾਂ ਨੂੰ ਫੜਾਉਣ ਵਿੱਚ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ। ਹਰ ਪਿੰਡ ਨੂੰ ਨਸ਼ਾ ਮੁਕਤ ਬਣਾਉਣਾ ਸਿਰਫ਼ ਸਰਕਾਰ ਦਾ ਨਹੀਂ, ਸਗੋਂ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ।
ਰੈਲੀ ਦੌਰਾਨ ਐਲਾਨ ਕੀਤਾ ਗਿਆ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਦੂਜੇ ਪੜਾਅ ਦੀ ਜੰਗ ਸ਼ੁਰੂ ਹੋ ਗਈ ਹੈ। ਇਸ ਦਾ ਮਕਸਦ ਸਿਰਫ਼ ਤਸਕਰਾਂ ਨੂੰ ਫੜਨਾ ਹੀ ਨਹੀਂ, ਸਗੋਂ ਪਿੰਡਾਂ ਨੂੰ ਅੰਦਰੂਨੀ ਤੌਰ 'ਤੇ ਮਜ਼ਬੂਤ ਕਰਨਾ ਹੈ ਤਾਂ ਜੋ ਨਸ਼ਾ ਸਪਲਾਈ ਦੀ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।