- By : ਬਾਬੂਸ਼ਾਹੀ ਬਿਊਰੋ
- First Published : Sunday, Feb 15, 2026 05:48 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਕਾਰਿਆਂ ਹੱਥੀਂ ਕਲਯੁਗੀ ਧੀ ਨੂੰ ਅੰਤਿਮ ਸਫਰ ਮੌਕੇ ਨਸੀਬ ਨਾ ਹੋਏ ਮਾਪਿਆਂ ਦੇ ਵੈਰਾਗ ਭਰੇ ਦੋ ਹੰਝੂ
ਅਸ਼ੋਕ ਵਰਮਾ
ਬਠਿੰਡਾ, 15 ਫਰਵਰੀ 2026 : ਇਹ ਸਮਾਜ ਦੀ ਇੱਕ ਵੱਡੀ ਤ੍ਰਾਸਦੀ ਹੀ ਹੈ ਕਿ ਆਪਣੇ ਕਾਰਿਆਂ ਕਾਰਨ ਲੰਘੇ ਬੁੱਧਵਾਰ ਕਤਲ ਕਰ ਦਿੱਤੀ ਗਈ ਮੋਗਾ ਦੇ ਕਸਬਾ ਬਾਘਾ ਪੁਰਾਣਾ ਦੀ ਸਪਨਾ ਉਰਫ ਮਲਿਕਾ ਨੂੰ ਅੰਤਿਮ ਸਫਰ ’ਤੇ ਤੁਰਨ ਮੌਕੇ ਆਪਣਿਆਂ ਦਾ ਮੋਢਾ ਵੀ ਨਸੀਬ ਨਹੀਂ ਹੋ ਸਕਿਆ ਹੈ। ਇਹੋ ਹੀ ਨਹੀਂ ਖੁਦ ਨੂੰ ਸੁਪਨਿਆਂ ਦੇ ਸੰਸਾਰ ਦੀ ਮਲਿਕਾ ਸਮਝਣ ਵਾਲੀ ਸਪਨਾ ਦੀ ਮੌਤ ’ਤੇ ਨਾਂ ਮਾਂ ਅਤੇ ਨਾਂ ਹੀ ਪਿਤਾ ਸਮੇਤ ਕਿਸੇ ਹੋਰ ਨੇ ਵੈਰਾਗ ਦੇ ਦੋ ਹੰਝੂਆਂ ਦੀ ਬਰਸਾਤ ਕਰਨੀ ਜਰੂਰੀ ਸਮਝਂ ਹੈ। ਸਪਨਾ ਆਪਣੇ ਕਥਿਤ ਪ੍ਰੇਮੀ ਨਾਲ ਬਠਿੰਡਾ ਦੀ ਸੁਰਖਪੀਰ ਰੋਡ ਗਲੀ ਨੰਬਰ 1 ਦੇ ਮਕਾਨ ਵਿੱਚ ‘ਲਿਵ ਇਨ ਰਿਲੇਸ਼ਨਸ਼ਿਪ’ ’ਚ ਰਹਿ ਰਹੀ ਸੀ ਜਿਸ ਦੀ ਅਧਸੜੀ ਲਾਸ਼ ਬਹਿਮਣ ਦਿਵਾਨਾ ਦੇ ਨਜ਼ਦੀਕ ਸੂਟਕੇਸ ’ਚ ਮਿਲੀ ਸੀ। ਬਠਿੰਡਾ ’ਚ ਵਾਪਰੀ ਇਸ ਚਿੰਤਾਜਨਕ ਘਟਨਾ ਨੇ ਇਨਸਾਨੀਅਤ ਅਤੇ ਰਿਸ਼ਤਿਆਂ ਦੋਵਾਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ।
ਪੁਲਿਸ ਅਨੁਸਾਰ ਸਪਨਾ ਉਰਫ ਮਲਿਕਾ ਨੂੰ ਉਸ ਦੇ ਕਥਿਤ ਪ੍ਰੇਮੀ ਨੇ ਕਤਲ ਕਰਨ ਮਗਰੋਂ ਉਸ ਦੀ ਲਾਸ਼ ਬਾਹਰ ਸੁੱਟ ਦਿੱਤੀ ਸੀ। ਜਿਸ ਸਮਾਜ ’ਚ ਮ੍ਰਿਤਕ ਦੇਹ ਨੂੰ ਵੀ ਸਨਮਾਨ ਦਿੱਤਾ ਜਾਂਦਾ ਹੈ ਉੱਥੇ 20 ਕੁ ਸਾਲ ਦੀ ਸਪਨਾ ਉਰਫ ਮਲਿਕਾ ਦੀ ਲਾਸ਼ ਤਿੰਨ ਦਿਨ ਤੱਕ ਹਸਪਤਾਲ ’ਚ ਰੁਲਦੀ ਰਹੀ ਪਰ ਪ੍ਰੀਵਾਰ ਦੋ ਕਈ ਜੀਅ ਬਾਤ ਪੁੱਛਣ ਵੀ ਨਹੀਂ ਆਇਆ ਸੀ। ਸਪਨਾ ਉਰਫ ਮਲਿਕਾ ਦਾ ਅੰਤਿਮ ਸਸਕਾਰ ਲਾਵਾਰਿਸ ਲਾਸ਼ਾਂ ਦੀਆਂ ਆਖਰੀ ਰਸਮਾਂ ਨਿਭਾਉਣ ਲਈ ਜਾਣੀ ਜਾਂਦੀ ਬਠਿੰਡਾ ਦੀ ਨਾਮੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਵੱਲੋਂ ਕੀਤਾ ਗਿਆ ਹੈ। ਮਲਿਕਾ ਦੀਆਂ ਅਸਥੀਆਂ ਚੁਗਣ ਦੀ ਰਸਮ ਵੀ ਸਹਾਰਾ ਵਲੰਟੀਅਰਾਂ ਨੇ ਹੀ ਨਿਭਾਈ ਹੈ ਜਿੰਨ੍ਹਾਂ ਨੂੰ ਹਰਦੁਆਰ ਵਿਖੇ ਜਲ ਪ੍ਰਵਾਹ ਕੀਤਾ ਜਾਏਗਾ। ਅਜੋਕੇ ਮਹੌਲ ਦੌਰਾਨ ਚਕਾਚੌਂਧ ’ਚ ਉਲਝੀ ਸਪਨਾ ਉਰਫ ਮਲਿਕਾ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਉਸ ਦੀ ਹੋਣੀ ਅਜਿਹੀ ਭਿਆਨਕ ਹੋਵੇਗੀ।
ਵੱਡੀ ਗੱਲ ਇਹ ਹੈ ਕਿ ਪਛਾਣ ਹੋਣ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਨ ’ਤੇ ਪਤਾ ਲੱਗਣ ਦੇ ਬਾਵਜੂਦ ਮਲਿਕਾ ਦਾ ਪ੍ਰੀਵਾਰ ਸਾਹਮਣੇ ਨਹੀਂ ਆਇਆ ਅਤੇ ਨਾਂ ਹੀ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਪਤਾ ਲੱਗਿਆ ਹੈ ਕਿ ਸਪਨਾ ਉਰਫ ਮਲਿਕਾ ਦਾ ਪ੍ਰੀਵਾਰ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਨਰਾਜ਼ ਚੱਲਿਆ ਆ ਰਿਹਾ ਸੀ ਜਿਸ ਕਰਕੇ ਉਨ੍ਹਾਂ ਦੀ ਆਪਸ ਵਿੱਚ ਕੋਈ ਗੱਲਬਾਤ ਵੀ ਨਹੀਂ ਹੁੰਦੀ ਸੀ। ਹਾਲਾਂਕਿ ਇਸ ਭਿਆਨਕ ਕਤਲ ਕਾਂਡ ਸਬੰਧੀ ਹਰ ਵਿਅਕਤੀ ਦੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਹਨ ਪਰ ਇਸ ਹੱਤਿਆ ਨੇ ਸਮਾਜ ’ਚ ਫੈਲੀ ‘ਲਿਵ ਇਨ ਰਿਲੇਸ਼ਨਸ਼ਿਪ’ ਵਰਗੀ ਸਮਾਜਿਕ ਬੁਰਾਈ ਰਾਹੀਂ ਪਰੋਸੀ ਜਾ ਰਹੀ ਗੰਦਗੀ ਅਤੇ ਅਸ਼ਲੀਲਤਾ ਦਾ ਕੁਸੈਲਾ ਸੱਚ ਸਾਹਮਣੇ ਲੈ ਆਂਦਾ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਸਪਨਾ ਦਾ ਪਹਿਲਾਂ ਵਿਆਹ ਹੋ ਚੁੱਕਿਆ ਸੀ। ਉਸ ਦਾ ਸੈਮ ਨਾਮੀ ਕਥਿਤ ਬੁਆਏ ਫਰੈਂਡ ਜੇਲ੍ਹ ’ਚ ਬੰਦ ਹੈ।
ਇਸ ਤੋਂ ਬਾਅਦ ਉਸ ਦੀ ਦੋਸਤੀ ਕਾਕੂ ਨਾਂ ਦੇ ਨੌਜਵਾਨ ਨਾਲ ਹੋ ਗਈ ਜਦੋਂਕਿ ਪੁਲਿਸ ਅਨੁਸਾਰ ਪ੍ਰਿੰਸ ਉਸ ਦਾ ਤੀਸਰਾ ਦੋਸਤ ਸੀ। ਪਿ੍ਰੰੰਸ ਨੂੰ ਸ਼ੱਕ ਸੀ ਕਿ ਮਲਿਕਾ ਕਿਸੇ ਹੋਰ ਨੌਜਵਾਨ ਨਾਲ ਫੋਨ ਤੇ ਗੱਲਾਂ ਕਰਦੀ ਸੀ। ਇਸੇ ਸ਼ੱਕ ਨੂੰ ਲੈਕੇ ਵਾਰਦਾਤ ਤੋਂ ਪਹਿਲਾਂ ਸਪਨਾ ਅਤੇ ਪ੍ਰਿੰਸ ਵਿਚਕਾਰ ਬੋਲ ਬਲਾਰਾ ਹੋ ਗਿਆ ਜੋ ਐਨਾ ਜਿਆਦਾ ਵਧ ਗਿਆ ਕਿ ਨਸ਼ੇ ਦੀ ਹਾਲਤ ’ਚ ਪਿ੍ਰੰਸ ਨੇ ਚਾਕੂ ਨਾਲ ਤਾਬੜਤੋੜ ਵਾਰ ਕਰਕੇ ਸਪਨਾ ਨੂੰ ਕਤਲ ਕਰ ਦਿੱਤਾ। ਇਸ ਨੂੰ ਸਮਾਜਿਕ ਕਦਰਾਂ ਕੀਮਤਾਂ ’ਚ ਗਿਰਾਵਟ ਦੀ ਇੰਤਹਾ ਹੀ ਮੰਨਿਆ ਜਾ ਸਕਦਾ ਹੈ ਕਿ ਪਿੰਸ ਕਦੇ ਉਸ ਦੀ ਚਹੇਤੀ ਰਹੀ ਸਪਨਾ ਉਰਫ ਮਲਿਕਾ ਨੂੰ ਕਤਲ ਕਰਨ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਵਾਰਦਾਤ ਤੋਂ ਬਾਅਦ ਲਾਸ਼ ਨੂੰ ਸਾੜਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਲੱਗਾ ਕਿ ਇਸ ਨਾਲ ਇਲਾਕੇ ’ਚ ਬਦਬੂ ਫੈਲੇਗੀ ਤਾਂ ਉਸ ਨੇ ਅੱਗ ਬੁਝਾ ਦਿੱਤੀ।
ਮਹੱਤਵਪੂਰਨ ਗੱਲ ਜੋ ਪੁਲਿਸ ਜਾਂਚ ’ਚ ਬੇਪਰਦ ਹੋਈ ਉਹ ਇਹ ਹੈ ਕਿ ਅਧਜਲੀ ਲਾਸ਼ ਨੂੰ ਸੂਟਕੇਸ ’ਚ ਬੰਦ ਕਰਕੇ ਦੋ ਦਿਨ ਘਰੇ ਰੱਖੀ ਰੱਖਿਆ। ਪ੍ਰਿੰਸ ਨੇ ਲਾਸ਼ ਨੂੰ ਆਪਣੀ ਤਰਫੋਂ ਟਿਕਾਣੇ ਲਾਉਣ ਦੇ ਮੰਤਵ ਨਾਲ ਸੁੰਨਸਾਨ ਸਥਾਨ ਤੇ ਸੁੱਟ ਦਿੱਤਾ ਜਿਸ ਦੀ ਜਾਣਕਾਰੀ ਕੁੱਤਿਆਂ ਵੱਲੋਂ ਨੋਚੇ ਜਾਣ ਤੇ ਮਿਲੀ ਜੋ ਕਿੰਨੀਂ ਦੁਖਦਾਈ ਗੱਲ ਹੈ। ਪੋਸਟਮਾਰਟਮ ਉਪਰੰਤ ਜਦੋਂ ਪ੍ਰੀਵਾਰ ਨੇ ਹੁੰਗਾਰਾ ਨਾਂ ਭਰਿਆ ਤਾਂ ਪੁਲਿਸ ਪ੍ਰਸ਼ਾਸ਼ਨ ਦੀ ਅਪੀਲ ’ਤੇ ਸਹਾਰਾ ਜਨ ਸੇਵਾ ਨੇ ਮਾਨਵਤਾ ਦਾ ਫਰਜ਼ ਨਿਭਾਉਂਦਿਆਂ ਬਠਿੰਡਾ ਦੀ ਅਨਾਜ ਮੰਡੀ ’ਚ ਸਥਿਤ ਸ਼ਮਸ਼ਾਨਘਾਟ ’ਚ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਅੰਤਮ ਸਰਕਾਰ ਕੀਤਾ। ਇਸ ਦੌਰਾਨ ਗੰਗਾਨਗਰ ਤੋਂ ਕੁੱਝ ਦੂਰ ਦੇ ਰਿਸ਼ਤੇਦਾਰ ਆਏ ਸਨ ਪਰ ਉਨ੍ਹਾਂ ਨੇ ਵੀ ਅਸਥੀਆਂ ਲੈਣ ਤੋਂ ਜਵਾਬ ਦੇ ਦਿੱਤਾ। ਰਿਸ਼ਤੇਦਾਰਾਂ ਨੇ ਸੰਸਥਾ ਦੇ ਵਲੰਟੀਅਰਾਂ ਨੂੰ ਸਪਨਾ ਦੀਆਂ ਅਸਥੀਆਂ ਇਕੱਠੀਆਂ ਕਰਕੇ ਹਰਦੁਆਰ ਵਿਖੇ ਗੰਗਾ ਜੀ ’ਚ ਜਲ ਪ੍ਰਵਾਹ ਕਰਨ ਦੀ ਅਪੀਲ ਕੀਤੀ ਹੈ।
ਅਸਥੀਆਂ ਸੁਰੱਖਿਅਤ : ਗੋਇਲ
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਕਹਿਣਾ ਸੀ ਕਿ ਸੰਸਥਾ ਨੇ ਅਸਥੀਆਂ ਸੁਰੱਖਿਅਤ ਰੱਖ ਦਿੱਤੀਆਂ ਹਨ ਜਿੰਨ੍ਹਾਂ ਨੂੰ ਜਲਦੀ ਹੀ ਹਰਦੁਆਰ ਵਿਖੇ ਜਲ ਪ੍ਰਵਾਹ ਕੀਤਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਕਤਲ ਨੇ ਸਮਾਜ ਦਾ ਇੱਕ ਸਿਆਹ ਪੱਖ ਸਾਹਮਣੇ ਲਿਆਂਦਾ ਹੈ ਜਿਸ ਬਾਰੇ ਚਿੰਤਾ ਅਤੇ ਚਿੰਤਨ ਦੀ ਲੋੜ ਹੈ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com