IND vs PAK T20 ਵਿਸ਼ਵ ਕੱਪ 2026: ਭਾਰਤ ਦੀ ਇਤਿਹਾਸਕ ਜਿੱਤ; ਪਾਕਿਸਤਾਨ ਨੂੰ ਹਰਾ ਕੇ ਸੁਪਰ-8 ਵਿੱਚ ਮਾਰੀ ਐਂਟਰੀ
ਕੋਲੰਬੋ: 16 ਫਰਵਰੀ, 2026
ਟੀ-20 ਵਿਸ਼ਵ ਕੱਪ 2026 ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ 61 ਦੌੜਾਂ ਨਾਲ ਜਿੱਤ ਹਾਸਲ ਕਰਕੇ ਸੁਪਰ-8 ਪੜਾਅ ਲਈ ਆਪਣੀ ਟਿਕਟ ਪੱਕੀ ਕਰ ਲਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਗਰੁੱਪ-ਏ ਵਿੱਚ 6 ਅੰਕਾਂ ਨਾਲ ਸਿਖਰ 'ਤੇ ਪਹੁੰਚ ਗਿਆ ਹੈ।
ਈਸ਼ਾਨ ਕਿਸ਼ਨ ਦੀ ਤੂਫ਼ਾਨੀ ਬੱਲੇਬਾਜ਼ੀ
ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਈਸ਼ਾਨ ਕਿਸ਼ਨ ਨੇ ਪਾਕਿਸਤਾਨੀ ਗੇਂਦਬਾਜ਼ਾਂ ਦੇ ਪਰਖੱਚੇ ਉਡਾ ਦਿੱਤੇ। ਉਨ੍ਹਾਂ ਨੇ ਮਹਿਜ਼ 40 ਗੇਂਦਾਂ ਵਿੱਚ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਅਭਿਸ਼ੇਕ ਸ਼ਰਮਾ ਜਲਦੀ ਆਊਟ ਹੋ ਗਏ ਸਨ, ਪਰ ਤਿਲਕ ਵਰਮਾ (25), ਕਪਤਾਨ ਸੂਰਿਆਕੁਮਾਰ ਯਾਦਵ (32) ਅਤੇ ਅੰਤ ਵਿੱਚ ਸ਼ਿਵਮ ਦੂਬੇ ਦੀਆਂ 27 ਦੌੜਾਂ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ 'ਤੇ 175 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
ਪਾਕਿਸਤਾਨ ਦੀ ਬੱਲੇਬਾਜ਼ੀ ਰਹੀ ਫੇਲ੍ਹ
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਾਵਰਪਲੇ ਵਿੱਚ ਹੀ ਪਾਕਿਸਤਾਨ ਦੀਆਂ 4 ਅਹਿਮ ਵਿਕਟਾਂ ਝਟਕਾ ਦਿੱਤੀਆਂ। ਸਾਹਿਬਜ਼ਾਦਾ ਫਰਹਾਨ ਜ਼ੀਰੋ 'ਤੇ ਆਊਟ ਹੋ ਗਏ, ਜਦਕਿ ਸੈਮ ਅਯੂਬ (6) ਅਤੇ ਕਪਤਾਨ ਸਲਮਾਨ ਅਲੀ ਆਗਾ (4) ਵੀ ਫੇਲ੍ਹ ਸਾਬਤ ਹੋਏ। ਤਜਰਬੇਕਾਰ ਬੱਲੇਬਾਜ਼ ਬਾਬਰ ਆਜ਼ਮ ਵੀ ਸਿਰਫ਼ 5 ਦੌੜਾਂ ਹੀ ਬਣਾ ਸਕੇ। ਪਾਕਿਸਤਾਨ ਵੱਲੋਂ ਸਿਰਫ਼ ਉਸਮਾਨ ਖਾਨ (44) ਨੇ ਕੁਝ ਸੰਘਰਸ਼ ਦਿਖਾਇਆ, ਪਰ ਪੂਰੀ ਟੀਮ 18 ਓਵਰਾਂ ਵਿੱਚ ਮਹਿਜ਼ 114 ਦੌੜਾਂ 'ਤੇ ਢੇਰ ਹੋ ਗਈ।
ਬੁਮਰਾਹ ਅਤੇ ਅਕਸ਼ਰ ਦਾ ਕਹਿਰ
ਭਾਰਤ ਦੀ ਜਿੱਤ ਵਿੱਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਦੀ ਜੋੜੀ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ। ਦੋਵਾਂ ਨੇ 2-2 ਅਹਿਮ ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ। ਅਕਸ਼ਰ ਪਟੇਲ ਨੇ ਸੈੱਟ ਬੱਲੇਬਾਜ਼ ਉਸਮਾਨ ਖਾਨ ਨੂੰ ਆਊਟ ਕਰਕੇ ਪਾਕਿਸਤਾਨ ਦੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ।
ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 9 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 8 ਮੈਚ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ।