ਨਿਊਜ਼ੀਲੈਂਡ ਦੇ ਲੱਕੜੀ ਵਪਾਰੀਆਂ ਦੀ ਬੱਲੇ-ਬੱਲੇ
ਭਾਰਤੀ ਉਸਾਰੀ ਖੇਤਰ ’ਚ ਵਧੀ ਮੰਗ, ਵਪਾਰਕ ਸਮਝੌਤੇ ਨਾਲ 95% ਤੋਂ ਵੱਧ ਹੋਵੇਗੀ ਕਰ ਦੀ ਬੱਚਤ
- ਕਮਾਈ ਦੇ ਖੁੱਲ੍ਹਣਗੇ ਨਵੇਂ ਰਾਹ-ਹੋਣਗੀਆਂ ਪੰਜੇ ਉਂਗਲਾਂ ਘਿਓ ’ਚ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 06 ਅਗਸਤ 2026:-ਭਾਰਤ ਦੇ ਵੱਡੇ ਬਾਜ਼ਾਰ ’ਚ ਵਧੀਆ ਇਮਾਰਤੀ ਲੱਕੜ ਦੀ ਮੰਗ ਵਧਣ ਨਾਲ ਨਿਊਜ਼ੀਲੈਂਡ ਦੇ ਜੰਗਲਾਤ ਕਾਰੋਬਾਰੀਆਂ ਦੀਆਂ ਪੰਜੇ ਉਂਗਲਾਂ ਘਿਓ ’ਚ ਆ ਗਈਆਂ ਹਨ। ਨਿਊਜ਼ੀਲੈਂਡ ਟਰੇਡ ਐਂਡ ਐਂਟਰਪ੍ਰਾਈਜ਼ (NZ“5) ਦੇ ਤਾਜ਼ਾ ਅੰਕੜਿਆਂ ਮੁਤਾਬਕ 2024 ਤੋਂ ਬਾਅਦ ਭਾਰਤ ਨੂੰ ਭੇਜੀ ਜਾਣ ਵਾਲੀ ਲੱਕੜ ਦਾ ਵਪਾਰ ਦੋਗਣੇ ਤੋਂ ਵੀ ਪਾਰ ਲੰਘ ਗਿਆ ਹੈ। ਸਰਕਾਰੀ ਏਜੰਸੀ ਮੁਤਾਬਕ ਪਹਿਲਾਂ ਨਿਊਜ਼ੀਲੈਂਡ ਦੀ ਰੇਡੀਏਟਾ ਪਾਈਨ (ਚੀਲ੍ਹ) ਸਿਰਫ਼ ਗੋਲ ਛੱਤਿਆਂ (ਲੌਗਸ) ਦੇ ਰੂਪ ’ਚ ਭਾਰਤ ਜਾਂਦੀ ਸੀ, ਜਿੱਥੇ ਇਸ ਤੋਂ ਪੈਕਿੰਗ ਵਾਲੇ ਪੇਟੇ ਬਣਾਏ ਜਾਂਦੇ ਸਨ। ਪਰ ਹੁਣ ਹਵਾ ਦਾ ਰੁੱਖ ਬਦਲ ਗਿਆ ਹੈ ਅਤੇ ਭਾਰਤ ’ਚ ਲੱਕੜ ਨੂੰ ਸਿਰਫ਼ ਪੈਕਿੰਗ ਦਾ ਸਾਮਾਨ ਮੰਨਣ ਦੀ ਬਜਾਏ ਇਮਾਰਤਾਂ ਬਣਾਉਣ ਲਈ ਵੱਡੇ ਪੱਧਰ ’ਤੇ ਵਰਤਿਆ ਜਾਣ ਲੱਗਾ ਹੈ।
ਇਸ ਵੇਲੇ ਨਿਊਜ਼ੀਲੈਂਡ ਤੋਂ ਭਾਰਤ ਜਾਣ ਵਾਲੇ ਮਾਲ ’ਤੇ 5.5 ਤੋਂ 11 ਫੀਸਦੀ ਤੱਕ ਟੈਕਸ ਲੱਗਦਾ ਹੈ, ਪਰ ਦੋਹਾਂ ਦੇਸ਼ਾਂ ਦੇ ਮੁਕਤ ਵਪਾਰ ਸਮਝੌਤੇ ਤੋਂ ਬਾਅਦ 95 ਫੀਸਦੀ ਮਾਲ ਬਿਨਾਂ ਕਿਸੇ ਚੁੰਗੀ-ਨਾਕੇ (ਕਰ) ਦੇ ਲੰਘੇਗਾ। ਹੁਣ ਭਾਰਤੀ ਬਾਜ਼ਾਰ ’ਚ ਪੈਕਿੰਗ ਪੈਲੇਟਾਂ ਦੀ ਥਾਂ ਆਧੁਨਿਕ ਤਰੀਕੇ ਨਾਲ ਤਿਆਰ ਕੀਤੀ ਲੱਕੜ (ਇੰਜੀਨੀਅਰਡ ਵੁੱਡ) ਦੀ ਮੰਗ ਸਿਖਰਾਂ ’ਤੇ ਹੈ। ਸ਼ਹਿਰਾਂ ਦਾ ਪਸਾਰ, ਨਵੇਂ ਮਕਾਨ, ਫੈਕਟਰੀਆਂ ’ਚ ਬਣਦਾ ਫਰਨੀਚਰ ਅਤੇ ਬਿਲਡਿੰਗਾਂ ਦੇ ਬਦਲਦੇ ਨਿਯਮ ਇਸ ਵਾਧੇ ਨੂੰ ਹੋਰ ਹਵਾ ਦੇ ਰਹੇ ਹਨ।
ਨਿਊਜ਼ੀਲੈਂਡ ਟਰੇਡ ਐਂਡ ਐਂਟਰਪ੍ਰਾਈਜ਼ ਨੇ ਵਪਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਖਰੀਦਦਾਰਾਂ, ਨਕਸ਼ੇਨਵੀਸਾਂ (ਆਰਕੀਟੈਕਟਾਂ) ਅਤੇ ਇੰਜੀਨੀਅਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਰੇਡੀਏਟਾ ਪਾਈਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਣ। ਭਾਰਤ ’ਚ ਵਰਤੀ ਜਾਂਦੀ ਲੱਕੜ ਦਾ ਮਹਿਜ਼ 10 ਫੀਸਦੀ ਹਿੱਸਾ ਬਾਹਰੋਂ ਆਉਂਦਾ ਹੈ, ਜਿਸ ’ਚੋਂ 80 ਫੀਸਦੀ ਕੱਚਾ ਮਾਲ ਹੀ ਹੁੰਦਾ ਹੈ। ਇਸ ਲਈ ਭਾਰਤੀ ਵਪਾਰੀਆਂ ਨਾਲ ਸੈਮੀਨਾਰ ਅਤੇ ਵਰਕਸ਼ਾਪਾਂ ਲਾ ਕੇ ਨੇੜਤਾ ਵਧਾਉਣੀ ਪਵੇਗੀ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਾਫ਼-ਸੁਥਰੇ ਅਤੇ ਵਾਤਾਵਰਣ-ਪੱਖੀ ਜੰਗਲਾਤ ਪ੍ਰਬੰਧ ਨੂੰ ਵੀ ਇੱਕ ਵੱਡੀ ਤਾਕਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।
ਹਾਲਾਂਕਿ, ਭਾਰਤ ਦੇ ਵੱਖ-ਵੱਖ ਰਾਜਾਂ ਦੇ ਵੱਖੋ-ਵੱਖਰੇ ਨਿਯਮਾਂ ਅਤੇ ਸਿਓਂਕ ਲੱਗਣ ਦੇ ਡਰ ਵਰਗੀਆਂ ਚੁਣੌਤੀਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਲੱਕੜ ਨੂੰ ਭੱਠੀ ’ਚ ਚੰਗੀ ਤਰ੍ਹਾਂ ਸੁਕਾ ਕੇ (ਸੀਜ਼ਨਿੰਗ) ਅਤੇ ਸਿਓਂਕ-ਰੋਧਕ ਦਵਾਈਆਂ (ਟਰੀਟਮੈਂਟ) ਨਾਲ ਤਿਆਰ ਕਰਨਾ ਹੀ ਇਸ ਦਾ ਪੱਕਾ ਹੱਲ ਹੈ। ਨਿਊਜ਼ੀਲੈਂਡ ਟਰੇਡ ਐਂਡ ਐਂਟਰਪ੍ਰਾਈਜ਼ ਅਨੁਸਾਰ ਦਰਵਾਜ਼ੇ, ਖਿੜਕੀਆਂ ਦੇ ਫਰੇਮ, ਸ਼ਾਨਦਾਰ ਹੋਟਲ, ਰਿਜ਼ੋਰਟ, ਰਿਹਾਇਸ਼ੀ ਕੋਠੀਆਂ ਅਤੇ ਵੱਡੇ ਇਮਾਰਤੀ ਪ੍ਰੋਜੈਕਟਾਂ ’ਚ ਨਿਊਜ਼ੀਲੈਂਡ ਦੀ ਲੱਕੜ ਲਈ ਕਮਾਈ ਦੇ ਬਹੁਤ ਵੱਡੇ ਮੌਕੇ ਉਡੀਕ ਰਹੇ ਹਨ।