US News: ਸਾਬਕਾ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਅਟਲਾਂਟਾ ਪੁੱਜੇ- ਗੁਰਦੁਆਰਾ ਸਾਹਿਬ 'ਚ ਸੰਗਤ ਨੂੰ ਦਿੱਤਾ ਸੰਦੇਸ਼
ਗੁਰੂ ਨਾਨਕ ਮਿਸ਼ਨ ਸੁਸਾਇਟੀ ਅਟਲਾਂਟਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੇ ਭਰੀ ਹਾਜ਼ਰੀ
ਅਟਲਾਂਟਾ 'ਚ ਸਜੀ ਅਦੁੱਤੀ ਰੂਹਾਨੀ ਸ਼ਾਮ: ਸਿੰਘ ਸਾਹਿਬਾਨ ਦੀ ਪਾਵਨ ਹਾਜ਼ਰੀ ਨੇ ਸੰਗਤਾਂ ਨੂੰ ਕੀਤਾ ਨਿਹਾਲ
Babushahi Network
ਅਟਲਾਂਟਾ, 5 ਅਗਸਤ 2026- ਗੁਰੂ ਨਾਨਕ ਮਿਸ਼ਨ ਸੁਸਾਇਟੀ ਆਫ਼ ਅਟਲਾਂਟਾ ਵਿਖੇ 31 ਜੁਲਾਈ, 1 ਅਤੇ 2 ਅਗਸਤ 2026 ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਅਦੁੱਤੀ, ਅਲੌਕਿਕ ਅਤੇ ਰੂਹਾਨੀ ਸਮਾਗਮ ਦਾ ਸਫ਼ਲ ਆਯੋਜਨ ਕੀਤਾ ਗਿਆ। ਇਹ ਤਿੰਨ ਦਿਨਾਂ ਸਮਾਗਮ ਅਟਲਾਂਟਾ ਦੀਆਂ ਸੰਗਤਾਂ ਲਈ ਬਹੁਤ ਹੀ ਸਤਿਕਾਰ, ਖੁਸ਼ੀ ਅਤੇ ਭਾਗਾਂ ਭਰਿਆ ਰਿਹਾ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ਇਹ ਰਹੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਗੁਰੂ ਨਾਨਕ ਮਿਸ਼ਨ ਸੁਸਾਇਟੀ ਆਫ਼ ਅਟਲਾਂਟਾ ਵਿਖੇ ਆਪਣੀ ਪਾਵਨ ਹਾਜ਼ਰੀ ਭਰੀ। ਦੋਵਾਂ ਸਿੰਘ ਸਾਹਿਬਾਨਾਂ ਨੇ ਆਪਣੇ ਅੰਮ੍ਰਿਤਮਈ ਉਪਦੇਸ਼ਾਂ ਅਤੇ ਗੁਰਮਤਿ ਵਿਚਾਰਾਂ ਨਾਲ ਆਈਆਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਦਿਆਂ ਨਿਹਾਲ ਕੀਤਾ।
ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਲਗਾਤਾਰ 36 ਸਾਲ ਤੱਕ ਨਿਰੰਤਰ ਸੇਵਾ ਨਿਭਾ ਕੇ ਪੰਥ ਦੀ ਮਹਾਨ ਸੇਵਾ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸਿੱਖ ਪੰਥ ਦੀਆਂ ਸਿਧਾਂਤਕ ਮਰਿਆਦਾਵਾਂ ਨੂੰ ਬੁਲੰਦ ਰੱਖਿਆ। ਉਨ੍ਹਾਂ ਦੀ ਅਗਵਾਈ ਹੇਠ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਗਿਆ ਇਤਿਹਾਸਕ ਪੰਥਕ ਫ਼ੈਸਲਾ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਵਜੋਂ ਦਰਜ ਹੈ। ਇਸ ਫ਼ੈਸਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਮਰਿਆਦਾ, ਪੰਥਕ ਜਵਾਬਦੇਹੀ ਅਤੇ ਗੁਰਮਤਿ ਸਿਧਾਂਤਾਂ ਦੀ ਮਹੱਤਤਾ ਨੂੰ ਦੁਨੀਆ ਭਰ ਵਿੱਚ ਹੋਰ ਦ੍ਰਿੜ੍ਹਤਾ ਨਾਲ ਉਜਾਗਰ ਕੀਤਾ।

ਇਸ ਪਾਵਨ ਅਵਸਰ 'ਤੇ ਗਿਆਨੀ ਸੁਲਤਾਨ ਸਿੰਘ ਜੀ ਦੀ ਮੌਜੂਦਗੀ ਨੇ ਸਮਾਗਮ ਦੀ ਸ਼ੋਭਾ, ਰੂਹਾਨੀਅਤ ਅਤੇ ਗੁਰਮਤਿ ਦੀ ਮਹਿਕ ਨੂੰ ਹੋਰ ਵੀ ਵਧਾ ਦਿੱਤਾ। ਦੋਵੇਂ ਸਿੰਘ ਸਾਹਿਬਾਨ ਦੀ ਹਜ਼ੂਰੀ, ਅਥਾਹ ਨਿਮਰਤਾ ਅਤੇ ਪ੍ਰਭਾਵਸ਼ਾਲੀ ਵਿਚਾਰਾਂ ਨੇ ਅਟਲਾਂਟਾ ਅਤੇ ਆਸ-ਪਾਸ ਦੇ ਖੇਤਰਾਂ ਤੋਂ ਆਈਆਂ ਸੰਗਤਾਂ ਦੇ ਮਨਾਂ 'ਤੇ ਗੂੜ੍ਹਾ ਅਸਰ ਛੱਡਿਆ।
ਸਮਾਗਮ ਦੇ ਤਿੰਨਾਂ ਦਿਨਾਂ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਨਾਨਕ ਮਿਸ਼ਨ ਸੁਸਾਇਟੀ ਆਫ਼ ਅਟਲਾਂਟਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ। ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ। ਗੁਰੂ ਦਰਬਾਰ ਵਿੱਚ ਇੱਕ ਅਦਭੁੱਤ ਸ਼ਾਂਤੀ, ਅਨੁਸ਼ਾਸਨ ਅਤੇ ਪੂਰਨ ਸਤਿਕਾਰ ਦਾ ਮਾਹੌਲ ਬਣਿਆ ਹੋਇਆ ਸੀ।
ਜਦੋਂ ਦੋਵੇਂ ਸਿੰਘ ਸਾਹਿਬਾਨ ਤਬਿਆ ਵਿੱਚ ਬਿਰਾਜਮਾਨ ਹੋ ਕੇ ਗੁਰਬਾਣੀ ਦਾ ਪਾਵਨ ਪਾਠ ਕਰ ਰਹੇ ਸਨ ਅਤੇ ਗੁਰੂ ਸਾਹਿਬ ਦੇ ਪਾਵਨ ਬਚਨਾਂ ਦੀ ਰਸਭਰੀ ਵਿਆਖਿਆ (ਕਥਾ ਵਿਚਾਰ) ਕਰ ਰਹੇ ਸਨ, ਤਾਂ ਸਮੁੱਚਾ ਦਰਬਾਰ ਹਾਲ ਡੂੰਘੀ ਇਕਾਗਰਤਾ ਵਿੱਚ ਲੀਨ ਹੋ ਗਿਆ। ਮਾਹੌਲ ਇੰਨਾ ਸ਼ਾਂਤ ਸੀ ਕਿ ਪੂਰੇ ਹਾਲ ਵਿੱਚ ਸੂਈ ਡਿੱਗਣ ਜਿੰਨੀ ਵੀ ਆਵਾਜ਼ ਨਹੀਂ ਸੀ ਆ ਰਹੀ। ਸਿੰਘ ਸਾਹਿਬਾਨ ਦੀ ਮਿੱਠੀ, ਪ੍ਰਭਾਵਸ਼ਾਲੀ ਅਤੇ ਰਸਭਿੰਨੀ ਆਵਾਜ਼ ਨੇ ਸਮੁੱਚੇ ਵਾਤਾਵਰਣ ਨੂੰ ਪੂਰਨ ਤੌਰ 'ਤੇ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਉਸ ਵੇਲੇ ਸਮਾਗਮ ਵਿੱਚ ਹਾਜ਼ਰ ਹਰ ਇੱਕ ਸ਼ਰਧਾਲੂ ਨੂੰ ਇਹੀ ਅਹਿਸਾਸ ਹੋ ਰਿਹਾ ਸੀ ਜਿਵੇਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਮਾਣ ਰਹੇ ਹੋਣ।
ਗੁਰੂ ਨਾਨਕ ਮਿਸ਼ਨ ਸੁਸਾਇਟੀ ਆਫ਼ ਅਟਲਾਂਟਾ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਵੱਲੋਂ ਦੋਵੇਂ ਸਿੰਘ ਸਾਹਿਬਾਨ ਦਾ ਹਿਰਦੇ ਦੀਆਂ ਗਹਿਰਾਈਆਂ ਤੋਂ ਵਿਸ਼ੇਸ਼ ਧੰਨਵਾਦ ਅਤੇ ਸਤਿਕਾਰ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਸਿੰਘ ਸਾਹਿਬਾਨ ਨੂੰ ਚੰਗੀ ਸਿਹਤ, ਲੰਮੀ ਉਮਰ ਅਤੇ ਪੰਥ ਦੀ ਨਿਰੰਤਰ ਸੇਵਾ ਕਰਨ ਲਈ ਹੋਰ ਬਲ ਬਖ਼ਸ਼ਣ, ਅਤੇ ਸਮੁੱਚੀ ਲੋਕਾਈ ਨੂੰ ਗੁਰਬਾਣੀ ਨਾਲ ਸਦਾ ਜੋੜੀ ਰੱਖਣ।