ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਸਰੀ ਵਿਚ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਹਰਦਮ ਮਾਨ
ਸਰੀ, 5 ਅਗਸਤ 2026- ਭਾਰਤ ਦੀ ਆਜ਼ਾਦੀ ਦੇ ਮਹਾਨ ਸੰਘਰਸ਼ ਅਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਹੱਕਾਂ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਗ਼ਦਰੀ ਬਾਬਿਆਂ ਦੀ ਅਦੁੱਤੀ ਕੁਰਬਾਨੀ ਨੂੰ ਨਮਨ ਕਰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੌਮਾਂਤਰੀ ਪੱਧਰ ਦਾ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸਰੀ ਦੇ ਬੇਅਰ ਕਰੀਕ ਪਾਰਕ ਵਿੱਚ ਬੜੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਭਰਵੀਂ ਹਾਜਰੀ ਨੇ ਇਹ ਸਾਬਤ ਕਰ ਦਿੱਤਾ ਕਿ ਗ਼ਦਰੀ ਬਾਬਿਆਂ ਦੀ ਸੋਚ ਅਤੇ ਸ਼ਹਾਦਤ ਅੱਜ ਵੀ ਪੰਜਾਬੀ ਭਾਈਚਾਰੇ ਦੇ ਦਿਲਾਂ ਵਿੱਚ ਜ਼ਿੰਦਾ ਹੈ।
ਵਿਸ਼ਾਲ ਮੈਦਾਨ ਵਿੱਚ ਸਜਾਏ ਗਏ ਮੰਚ ਤੋਂ ਲੋਕ ਗਾਇਕ ਸੁਖਵਿੰਦਰ ਸੁੱਖੀ, ਗੋਰਾ ਚੱਕ ਵਾਲਾ, ਗੁਰਵਿੰਦਰ ਬਰਾੜ, ਮਨਜੋਤ ਢਿੱਲੋਂ, ਪ੍ਰੀਆ ਨਿੱਝਰ, ਲਾਡੀ ਪੁਆਧੀ, ਗੋਪੀ ਬਰਾੜ, ਅਨਮੋਲ ਵਿਰਕ, ਰਿਦਮ ਸ਼ਰਮਾ, ਈਸ਼ਾਨ ਸ਼ਰਮਾ, ਫਤਿਹਦੀਪ ਸਿੰਘ, ਦੋਗਾਣਾ ਜੋੜੀ ਲੱਖਾ–ਨਾਜ ਅਤੇ ਅਨਮੋਲ ਰਤਨ ਭੰਗੜਾ ਗਰੁੱਪ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗੁਰਦੀਪ ਭੁੱਲਰ ਦੀ ਕੋਰੀਓਗ੍ਰਾਫੀ ਨੇ ਵੀ ਖੂਬ ਵਾਹ-ਵਾਹ ਖੱਟੀ ਅਤੇ ਸਰੀ ਦੀਆਂ ਪੰਜਾਬਣਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਪੰਜਾਬ ਦੇ ਪੇਂਡੂ ਵਿਰਸੇ ਦੀ ਸੁੰਦਰ ਝਲਕ ਬਣਿਆ। ਸ਼ਾਮ ਤੱਕ ਚੱਲੇ ਇਸ ਮੇਲੇ ਦੌਰਾਨ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਸਭ ਨੇ ਖੁੱਲ੍ਹ ਕੇ ਸੰਗੀਤ ਦੀਆਂ ਸੁਰਾਂ ਦਾ ਆਨੰਦ ਮਾਣਿਆ।
ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਸੀਨੀਅਰ ਮੈਂਬਰ ਕਾਮਰੇਡ ਚਿਰੰਜੀ ਲਾਲ ਨੇ ਆਪਣੇ ਸੰਬੋਧਨ ਵਿੱਚ ਗ਼ਦਰੀ ਬਾਬਿਆਂ ਦੀਆਂ ਅਮਰ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਪਰਵਾਸੀ ਪੰਜਾਬੀਆਂ ਵੱਲੋਂ ਇਤਿਹਾਸਕ ਵਿਰਾਸਤ ਨੂੰ ਇਸ ਤਰ੍ਹਾਂ ਸੰਭਾਲਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸਰੀ ਦੀ ਮੇਅਰ ਬਰੈਂਡਾ ਲੌਕ, ਸਾਬਕਾ ਮੇਅਰ ਡੱਗ ਮੈਕੱਲਮ, ਐਮ.ਪੀ. ਸੁਖ ਧਾਲੀਵਾਲ, ਮੰਤਰੀ ਜਗਰੂਪ ਬਰਾੜ, ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ ਅਤੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਨੇ ਗ਼ਦਰੀ ਬਾਬਿਆਂ ਵੱਲੋਂ ਭਾਰਤ ਦੀ ਆਜ਼ਾਦੀ ਪ੍ਰਤੀ ਜਜ਼ਬੇ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਸਦਕਾ ਹੀ ਅੱਜ ਪੰਜਾਬੀ ਭਾਈਚਾਰਾ ਕੈਨੇਡਾ ਵਿਚ ਮਾਣਮੱਤਾ ਜੀਵਨ ਜਿਉਂ ਰਿਹਾ ਹੈ।
ਇਸ ਮੌਕੇ ਡਾ. ਹਾਕਮ ਭੁੱਲਰ, ਸੋਹਣ ਸਿੰਘ ਪੂਨੀ, ਕਾਮਰੇਡ ਚਿਰੰਜੀ ਲਾਲ, ਪਰਮਿੰਦਰ ਸਵੈਚ ਅਤੇ ਸਤਿੰਦਰਪਾਲ ਸਿੰਘ ਸਿੱਧਵਾਂ (ਟੋਰਾਂਟੋ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਵਿੱਚ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ, ਮਨਦੀਪ ਨਾਗਰਾ, ਮੀਰਾ ਗਿੱਲ, ਡੱਗ ਐਲਫਰਡ, ਸੁਹਾਨਾ ਗਿੱਲ, ਆਸ਼ੀਆਨਾ ਹਨੀਫ, ਪਰਮਿੰਦਰ ਚੌਹਾਨ, ਗਗਨ ਨਾਹਲ, ਕੌਂਸਲਰ ਲਿੰਡਾ ਐਨਿਸ, ਸੁਖਵਿੰਦਰਪਾਲ ਸਿੰਘ, ਇੰਗਲੈਂਡ ਤੋਂ ਸਮਾਜ ਸੇਵੀ ਮੰਗਤ ਸਿੰਘ ਪਲਾਹੀ, ਕੁੰਦਨ ਸਿੰਘ ਰਾਣਾ, ਅਜਮੇਰ ਸਿੰਘ ਢਿੱਲੋਂ, ਅੰਮ੍ਰਿਤਪਾਲ ਢੋਟ, ਗਿਆਨੀ ਨਰਿੰਦਰ ਸਿੰਘ, ਪ੍ਰੀਤਮ ਸਿੰਘ ਭਰੋਵਾਲ, ਸੁਰਜੀਤ ਸਿੰਘ ਮਾਧੋਪੁਰੀ, ਪਰਮਿੰਦਰ ਸਵੈਚ, ਗੈਰੀ ਥਿੰਦ, ਅੰਗਰੇਜ਼ ਬਰਾੜ, ਸੀ.ਜੇ. ਸਿੱਧੂ, ਮਹੇਸ਼ਇੰਦਰ ਸਿੰਘ ਮਾਂਗਟ, ਜੋਗਿੰਦਰ ਸਿੰਘ, ਜਰਨੈਲ ਸਿੰਘ ਖੰਡੋਲੀ, ਨਵਪ੍ਰੀਤ ਸਿੰਘ ਰੰਗੀ ਅਤੇ ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਮੇਲੇ ਦੇ ਪ੍ਰਬੰਧਕ ਸਾਹਿਬ ਸਿੰਘ ਥਿੰਦ, ਗੁਰਬਾਜ ਸਿੰਘ ਬਰਾੜ, ਕਿਰਨਪਾਲ ਸਿੰਘ ਗਰੇਵਾਲ, ਰਮਿੰਦਰ ਧਾਮੀ, ਸੰਦੀਪ ਤੂਰ, ਸੁਖਬੀਰ ਬੀਹਲਾ ਅਤੇ ਜਸਪਾਲ ਥਿੰਦ ਨੇ ਸਮੂਹ ਸਹਿਯੋਗੀਆਂ, ਕਲਾਕਾਰਾਂ ਅਤੇ ਹਾਜ਼ਰੀਨ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਨੇ ਅਗਲੇ ਸਾਲ ਤੋਂ ਮੇਲੇ ਵਿੱਚ ਸੰਗੀਤਕ ਮੁਕਾਬਲੇ ਸ਼ੁਰੂ ਕਰਨ ਦਾ ਸੁਝਾਅ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਐਲਾਨ ਕੀਤਾ।
ਮੇਲੇ ਵਿੱਚ ਵੱਖ-ਵੱਖ ਸਮਾਜਿਕ, ਸਾਹਿਤਕ ਅਤੇ ਵਪਾਰਕ ਸਟਾਲਾਂ ਨੇ ਵੀ ਲੋਕਾਂ ਦਾ ਖੂਬ ਧਿਆਨ ਖਿੱਚਿਆ। ਗੁਲਾਟੀ ਪਬਲਿਸ਼ਰ ਵੱਲੋਂ ਲਾਈ ਗਈ ਪੁਸਤਕ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ, ਜਿੱਥੇ ਨਾਮਵਰ ਸ਼ਾਇਰ ਜਸਵਿੰਦਰ, ਹਰਦਮ ਮਾਨ, ਜਸਵੀਰ ਸਿੰਘ ਭਲੂਰੀਆ ਅਤੇ ਪ੍ਰੋ. ਅਮਰਜੀਤ ਭੁੱਲਰ ਨੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ।