ਗਾਇਕ ਤੇ ਗੀਤਕਾਰ ਹਰਨੇਕ ਰਾਣਾ ਦੀ ਨਵੀਂ ਪੰਜਾਬੀ ਐਲਬਮ ‘ਸੋਚ’ ਹੋਈ ਰਿਲੀਜ਼
ਹਰਦਮ ਮਾਨ
ਸਰੀ, 4 ਜੂਨ 2026-ਬੀਟੀਐਚਰਾਣਾਜ਼ਾਰਾ ਇੰਟਰਟੇਨਮੈਂਟ ਲਿਮਟਿਡ ਦੇ ਬੈਨਰ ਹੇਠ ਉੱਘੇ ਪੰਜਾਬੀ ਗਾਇਕ ਅਤੇ ਲੇਖਕ ਹਰਨੇਕ ਰਾਣਾ ਦੀ ਨਵੀਂ ਸੰਗੀਤਕ ਐਲਬਮ ‘ਸੋਚ’ ਬੀਤੇ ਦਿਨੀਂ ਐਬਸਫੋਰਡ ਵਿਖੇ ਵਿਰਸੇ ਦੇ ਸ਼ੌਕੀਨ ਮੇਲੇ ਵਿਚ ਰਿਲੀਜ਼ ਕੀਤੀ ਗਈ, ਜਿਸ ਨੂੰ ਸੰਗੀਤ ਜਗਤ ਅਤੇ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਐਲਬਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਸਾਰੇ ਗੀਤ ਜਿੱਥੇ ਇੱਕ ਪਾਸੇ ਭਰਪੂਰ ਮਨੋਰੰਜਨ ਕਰਦੇ ਹਨ, ਉੱਥੇ ਹੀ ਸਮਾਜ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ‘ਤੇ ‘ਸੋਚਣ’ ਲਈ ਵੀ ਮਜਬੂਰ ਕਰਦੇ ਹਨ। ਐਲਬਮ ਦੇ ਸਾਰੇ ਅੱਠ ਗੀਤਾਂ ਨੂੰ ਖ਼ੁਦ ਹਰਨੇਕ ਰਾਣਾ ਨੇ ਆਪਣੀ ਕਲਮ ਨਾਲ ਸ਼ਬਦਾਂ ਵਿੱਚ ਪਰੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ।
ਇਸ ਐਲਬਮ ਵਿੱਚ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਵਿਸ਼ਿਆਂ ‘ਤੇ ਗੀਤ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ‘ਯਾਰ ਮਾਰ’, ‘ਤਸੱਲੀਆਂ’, ‘ਰਾਂਝਾ’, ‘ਸੁਨੇਹਾ’, ‘ਪੈਂਦੀਆਂ ਹੋਵਣ’, ‘ਦੇਸ ਕੈਨੇਡਾ’, ‘ਵਿੱਛੜ ਜਾਣਾ ਮੇਲਾ’ ਅਤੇ ‘ਪਾਣੀ ਤੇ ਗੁਰਬਾਣੀ’ ਸ਼ਾਮਲ ਹਨ।
ਇਸ ਪ੍ਰੋਜੈਕਟ ਦੇ ਪ੍ਰੋਡਿਊਸਰ ਖ਼ੁਦ ਹਰਨੇਕ ਰਾਣਾ ਹਨ ਅਤੇ ਇਸ ਨੂੰ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਸੁਖਰਾਜ ਸਾਰੰਗ ਨੇ ਸਜਾਇਆ ਹੈ, ਜਿਨ੍ਹਾਂ ਦਾ ਬਿਹਤਰੀਨ ਸੰਗੀਤ ਇਹਨਾਂ ਗੀਤਾਂ ਦੇ ਬੋਲਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ। ਇਸ ਦੇ ਨਾਲ ਹੀ ਐਲਬਮ ਵਿੱਚ ਸਵਰਗੀ ਡਾ. ਪ੍ਰਿੰਸ ਸੁਖਦੇਵ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਗਾਇਕ ਹਰਨੇਕ ਰਾਣਾ ਨੇ ਸਮੂਹ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਉਮੀਦ ਜ਼ਾਹਰ ਕੀਤੀ ਹੈ ਕਿ ਪਹਿਲੇ ਗੀਤਾਂ ਦੀ ਤਰ੍ਹਾਂ ਹੀ ਸਰੋਤੇ ਇਸ ਨਿਮਾਣੇ ਜਿਹੇ ਯਤਨ ਨੂੰ ਵੀ ਆਪਣਾ ਭਰਪੂਰ ਪਿਆਰ ਅਤੇ ਸਹਿਯੋਗ ਦੇਣਗੇ।
ਐਲਬਮ ਦਾ ਪੋਸਟਰ ਰਿਲੀਜ਼ ਕਰਦਿਆਂ ਡਾਇਮੰਡ ਕਲਚਰਲ ਕਲੱਬ ਐਬਸਫੋਰਡ ਦੇ ਆਗੂ ਰਾਜਾ ਗਿੱਲ ਅਤੇ ਸੋਨੀ ਸਿੱਧੂ ਅਤੇ ਪੰਜਾਬੀ ਗੀਤਕਾਰਾਂ ਦੇ ਖੋਜੀ ਅਸ਼ੋਕ ਬਾਂਸਲ ਮਾਨਸਾ ਨੇ ਹਰਨੇਕ ਰਾਣਾ ਨੂੰ ਇਸ ਐਲਬਮ ਲਈ ਮੁਬਾਰਕਬਾਦ ਦਿੱਤੀ।