ਮਾਊਂਟ ਐਵਰੈਸਟ ਫ਼ਤਹਿ ਕਰਕੇ ਵੈਨਕੂਵਰ ਪਰਤੇ ਅਜੇਪਾਲ ਧਾਲੀਵਾਲ ਦਾ ਹਵਾਈ ਅੱਡੇ ’ਤੇ ਭਰਵਾਂ ਸਵਾਗਤ
ਹਰਦਮ ਮਾਨ
ਵੈਨਕੂਵਰ, 4 ਜੂਨ 2026-ਦੁਨੀਆ ਦੀ ਸਭ ਤੋਂ ਉੱਚੀ ਅਤੇ ਦੁਰਗਮ ਚੋਟੀ 'ਮਾਊਂਟ ਐਵਰੈਸਟ' ਨੂੰ ਸਫ਼ਲਤਾਪੂਰਵਕ ਫ਼ਤਹਿ ਕਰਕੇ ਇਤਿਹਾਸ ਰਚਣ ਵਾਲੇ ਪ੍ਰਸਿੱਧ ਪਰਬਤਾਰੋਹੀ ਅਜੇਪਾਲ ਧਾਲੀਵਾਲ ਦਾ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ’ਤੇ ਭਾਈਚਾਰੇ ਵੱਲੋਂ ਬੇਮਿਸਾਲ ਅਤੇ ਨਿੱਘਾ ਸਵਾਗਤ ਕੀਤਾ ਗਿਆ।
ਜਿਵੇਂ ਹੀ ਅਜੇਪਾਲ ਧਾਲੀਵਾਲ ਟਰਮੀਨਲ ਤੋਂ ਬਾਹਰ ਆਏ, ਉੱਥੇ ਮੌਜੂਦ ਪਰਿਵਾਰਕ ਮੈਂਬਰਾਂ, ਦੋਸਤਾਂ, ਸਨੇਹੀਆਂ ਅਤੇ ਪੰਜਾਬੀ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤੇ ਭੇਟ ਕਰਕੇ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਅਜੇਪਾਲ ਧਾਲੀਵਾਲ ਨੇ 20 ਮਈ 2026 ਨੂੰ ਦੁਨੀਆ ਦੇ ਸਿਖਰ (ਮਾਊਂਟ ਐਵਰੈਸਟ) ’ਤੇ ਕਦਮ ਰੱਖ ਕੇ ਇਸ ਵਿਲੱਖਣ ਉਪਲਬਧੀ ਨੂੰ ਆਪਣੇ ਨਾਮ ਕੀਤਾ ਸੀ। ਇਸ ਚੁਣੌਤੀਪੂਰਨ ਮਿਸ਼ਨ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸਾਲਾਂ ਬੱਧੀ ਸਖ਼ਤ ਮਿਹਨਤ, ਅਣਥੱਕ ਅਭਿਆਸ ਅਤੇ ਦ੍ਰਿੜ ਇਰਾਦੇ ਦਾ ਸਬੂਤ ਦਿੱਤਾ, ਜਿਸ ਸਦਕਾ ਅੱਜ ਉਨ੍ਹਾਂ ਨੇ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਵਾਗਤੀ ਲਈ ਪੁੱਜੇ ਪਤਵੰਤਿਆਂ ਅਤੇ ਬੁਲਾਰਿਆਂ ਨੇ ਅਜੇਪਾਲ ਧਾਲੀਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਸਿਰਫ਼ ਪੰਜਾਬੀ ਭਾਈਚਾਰੇ ਲਈ ਹੀ ਨਹੀਂ, ਸਗੋਂ ਸਮੁੱਚੇ ਕੈਨੇਡੀਅਨ ਸਮਾਜ ਲਈ ਇੱਕ ਬਹੁਤ ਵੱਡਾ ਮਾਣ ਹੈ। ਧਾਲੀਵਾਲ ਦੀ ਇਹ ਇਤਿਹਾਸਕ ਪ੍ਰਾਪਤੀ ਸਾਡੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦਾ ਅਟੱਲ ਹੋਵੇ ਅਤੇ ਮਿਹਨਤ ਸੱਚੀ ਹੋਵੇ, ਤਾਂ ਦੁਨੀਆ ਦਾ ਕੋਈ ਵੀ ਮੁਕਾਮ ਹਾਸਲ ਕਰਨਾ ਅਸੰਭਵ ਨਹੀਂ ਹੈ।
ਇਸ ਭਾਵੁਕ ਅਤੇ ਖ਼ੁਸ਼ੀ ਦੇ ਮੌਕੇ ’ਤੇ ਆਪਣੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਅਜੇਪਾਲ ਧਾਲੀਵਾਲ ਨੇ ਕਿਹਾ ਕਿ ਇਹ ਸਫ਼ਲਤਾ ਮੈਨੂੰ ਮਿਲੇ ਸਹਿਯੋਗ, ਸਾਰਿਆਂ ਦੇ ਹੌਸਲੇ ਅਤੇ ਬਜ਼ੁਰਗਾਂ ਦੀਆਂ ਅਸੀਸਾਂ ਦਾ ਨਤੀਜਾ ਹੈ। ਜਦੋਂ ਮੈਂ ਐਵਰੈਸਟ ਦੀਆਂ ਕਠਿਨਾਈਆਂ ਨਾਲ ਲੜ ਰਿਹਾ ਸੀ, ਤਾਂ ਤੁਹਾਡੀਆਂ ਦੁਆਵਾਂ ਮੇਰੀ ਤਾਕਤ ਬਣੀਆਂ। ਇਹ ਉਪਲਬਧੀ ਸਿਰਫ਼ ਮੇਰੀ ਨਹੀਂ, ਸਗੋਂ ਸਮੁੱਚੇ ਭਾਈਚਾਰੇ ਦੇ ਮਾਣ ਦਾ ਪਲ ਹੈ।
ਇਸ ਯਾਦਗਾਰੀ ਪਲਾਂ ਦੌਰਾਨ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਬਲਜਿੰਦਰ ਸੰਘਾ, ਹਰਮੀਤ ਖੁੱਡੀਆਂ, ਮਨਜੀਤ ਮੰਗਤ, ਅਮਨ ਬਰਾੜ, ਕਰਤਾਰ ਢਿੱਲੋਂ, ਸੰਜੇ ਰਾਣਾ, ਟਿੱਕਾ ਸਰਾਓਂ ਅਤੇ ਹਰਪ੍ਰੀਤ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਸ਼ਾਮਲ ਸਨ। ਸਾਰਿਆਂ ਨੇ ਅਜੇਪਾਲ ਧਾਲੀਵਾਲ ਦੇ ਸੁਖਾਵੇਂ ਅਤੇ ਉੱਜਲ ਭਵਿੱਖ ਦੀ ਕਾਮਨਾ ਕੀਤੀ।