USA : ਫਰਿਜ਼ਨੋ ਵਿਖੇ ਨੌਜਵਾਨ ਪੰਜਾਬੀ ਮਕੈਨਿਕ ਦੀ ਦਰਦਨਾਕ ਮੌਤ, ਭਾਈਚਾਰੇ ਵਿੱਚ ਸੋਗ ਦੀ ਲਹਿਰ
ਗੁਰਿੰਦਰਜੀਤ ਨੀਟਾ ਮਾਛੀਕੇ/ ਬਾਬੂਸ਼ਾਹੀ ਬਿਊਰੋ
ਫਰਿਜ਼ਨੋ (ਕੈਲੀਫੋਰਨੀਆ), 3 May 2026
ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੈਂਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਪੰਜਾਬੀ ਮਕੈਨਿਕ ਦੀ ਟਰੱਕ-ਟ੍ਰੇਲਰ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 20–21 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪੰਜਾਬ ਦੇ ਪਟਿਆਲਾ ਇਲਾਕੇ ਨਾਲ ਸੰਬੰਧਤ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਫਰਿਜ਼ਨੋ ਦੀ ਇੱਕ ਟਰੱਕ-ਟ੍ਰੇਲਰ ਮੁਰੰਮਤ ਸ਼ਾਪ ਵਿੱਚ ਵਾਪਰਿਆ, ਜਿੱਥੇ ਗੁਰਪ੍ਰੀਤ ਸਿੰਘ ਮਕੈਨਿਕ ਵਜੋਂ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਟ੍ਰੇਲਰ ਮੁਰੰਮਤ ਲਈ ਖੜ੍ਹਾ ਕੀਤਾ ਹੋਇਆ ਸੀ ਅਤੇ ਚੋਰੀ ਤੋਂ ਬਚਾਅ ਲਈ ਉਸ ਦੇ ਕਿੰਗਪਿੰਨ ਨੂੰ ਲਾਕ ਲਾਇਆ ਗਿਆ ਸੀ।
ਘਟਨਾ ਦੌਰਾਨ ਇੱਕ ਟਰੱਕ ਡਰਾਈਵਰ ਟ੍ਰੇਲਰ ਨੂੰ ਹੁੱਕ ਕਰਨ ਲਈ ਆਇਆ। ਜਦੋਂ ਉਸਨੇ ਵੇਖਿਆ ਕਿ ਕਿੰਗਪਿੰਨ ਲਾਕ ਹੈ, ਤਾਂ ਉਸਨੇ ਟ੍ਰੇਲਰ ਦੇ ਲੈਂਡਿੰਗ ਗੀਅਰ ਉੱਪਰ ਚੁੱਕ ਦਿੱਤੇ ਅਤੇ ਚਾਬੀ ਲੈਣ ਲਈ ਅੰਦਰ ਚਲਾ ਗਿਆ। ਇਸ ਦੌਰਾਨ ਗੁਰਪ੍ਰੀਤ ਸਿੰਘ ਮੌਕੇ ‘ਤੇ ਆ ਗਿਆ। ਡਰਾਈਵਰ ਨੇ ਉਸਨੂੰ ਟ੍ਰੇਲਰ ਹੇਠਾਂ ਜਾ ਕੇ ਲਾਕ ਖੋਲ੍ਹਣ ਲਈ ਕਿਹਾ।
ਬਦਕਿਸਮਤੀ ਨਾਲ ਗੁਰਪ੍ਰੀਤ ਸਿੰਘ ਨੂੰ ਇਹ ਗੱਲ ਪਤਾ ਨਾ ਲੱਗੀ ਕਿ ਟ੍ਰੇਲਰ ਦਾ ਲੈਂਡਿੰਗ ਗੀਅਰ ਉੱਪਰ ਕੀਤਾ ਹੋਇਆ ਹੈ। ਉਸਨੇ ਡਰਾਈਵਰ ਨੂੰ ਟਰੱਕ ਅੱਗੇ ਕਰਨ ਲਈ ਕਿਹਾ। ਜਿਵੇਂ ਹੀ ਟ੍ਰੇਲਰ ਟਰੱਕ ਦੀ ਚੈਸੀ ‘ਤੇ ਡਿੱਗਿਆ, ਗੁਰਪ੍ਰੀਤ ਸਿੰਘ ਟਰੱਕ ਅਤੇ ਟ੍ਰੇਲਰ ਵਿਚਕਾਰ ਆ ਜਾਣ ਕਰਕੇ ਮੌਕੇ ‘ਤੇ ਹੀ ਦਮ ਤੋੜ ਗਿਆ।
ਇਸ ਹਾਦਸੇ ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਗਹਿਰਾ ਦੁੱਖ ਅਤੇ ਸੋਗ ਪੈਦਾ ਹੋ ਗਿਆ ਹੈ। ਨੌਜਵਾਨ ਦੀ ਅਚਾਨਕ ਮੌਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਭਾਈਚਾਰੇ ਵੱਲੋਂ ਪਰਿਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਰੱਬ ਕੋਲ ਅਰਦਾਸ ਕੀਤੀ ਜਾ ਰਹੀ ਹੈ ਕਿ ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਵੱਡਾ ਘਾਟਾ ਸਹਿਣ ਦੀ ਹਿੰਮਤ ਦੇਵੇ।