ਗ਼ਜ਼ਲ ਮੰਚ ਦਾ ‘ਕਾਵਸ਼ਾਰ’ ਪ੍ਰੋਗਰਾਮ - ਨੌਜਵਾਨ ਸ਼ਾਇਰਾਂ ਦੀ ਖੂਬਸੂਰਤ ਪੇਸ਼ਕਾਰੀ ਨੇ ਸਰੋਤਿਆਂ ਨੂੰ ਮੋਹ ਲਿਆ
ਹਰਦਮ ਮਾਨ
ਸਰੀ, 1 ਜਨਵਰੀ 2026-ਗ਼ਜ਼ਲ ਮੰਚ ਸਰੀ ਵੱਲੋਂ ਆਪਣਾ ਦੂਜਾ ਕਾਵਸ਼ਾਰ ਪ੍ਰੋਗਰਾਮ ਬੀਤੇ ਐਤਵਾਰ ਫਲੀਟਵੁੱਡ ਕਮਿਊਨਿਟੀ ਸੈਂਟਰ, ਸਰੀ ਵਿਖੇ ਕਰਵਾਇਆ ਗਿਆ। ਉਭਰ ਰਹੇ ਕਵੀਆਂ ਅਤੇ ਕਵਿਤਰੀਆਂ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਕਲਾਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਲੀਕਿਆ ਗਿਆ ਇਹ ਸਾਹਿਤਕ ਸਮਾਗਮ ਪ੍ਰਬੰਧਕਾਂ ਦੀ ਉਮੀਦ ਤੋਂ ਵੀ ਵੱਧ ਪ੍ਰਭਾਵਸ਼ਾਲੀ ਸਾਬਤ ਹੋਇਆ।
ਕਾਵਸ਼ਾਰ ਦੌਰਾਨ ਕਵੀਆਂ ਨੇ ਆਪਣੀਆਂ ਸੰਵੇਦਨਸ਼ੀਲ ਰਚਨਾਵਾਂ ਦੀ ਬਾ-ਕਮਾਲ ਪੇਸ਼ਕਾਰੀ ਕਰਕੇ ਸਾਹਿਤਕ ਮਾਹੌਲ ਨੂੰ ਜੀਵੰਤ ਕਰ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਮੰਚ ’ਤੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਇਰਾਂ ਨੇ ਹਿੱਸਾ ਲਿਆ, ਜਿਨ੍ਹਾਂ ਦੀ ਕਾਵਿ-ਸੂਝ ਅਤੇ ਨਵੀਂ ਸੋਚ ਨੇ ਹਾਲ ਵਿੱਚ ਮੌਜੂਦ ਤਜਰਬੇਕਾਰ ਕਵੀਆਂ ਨੂੰ ਵੀ ਹੈਰਾਨ ਕਰ ਦਿੱਤਾ। ਉਭਰ ਰਹੀਆਂ ਕਲਮਾਂ ਵੱਲੋਂ ਸਿਰਜਿਆ ਗਿਆ ਮਾਹੌਲ ਏਨਾ ਪ੍ਰਭਾਵਸ਼ਾਲੀ ਸੀ ਕਿ ਸੈਂਕੜੇ ਦੀ ਗਿਣਤੀ ਵਿੱਚ ਮੌਜੂਦ ਸਰੋਤਿਆਂ ਨੇ ਹਰ ਇਕ ਸ਼ਾਇਰ ਨੂੰ ਤਾੜੀਆਂ ਦੀ ਭਰਪੂਰ ਦਾਦ ਦਿੱਤੀ।
ਇਸ ਕਾਵਸ਼ਾਰ ਵਿੱਚ ਸੋਨਲ ਕੌਰ, ਪਰਮਿੰਦਰ ਸਵੈਚ, ਡਾ. ਦਵਿੰਦਰ ਕੌਰ, ਦਲਜੀਤ ਖੋਸਲਾ, ਬਲਤੇਜ ਬਰਾੜ, ਮਹਿੰਦਰਪਾਲ ਸਿੰਘ ਪਾਲ, ਜਸਪਾਲ ਮਠਾੜੂ, ਸ਼ੁਭਪ੍ਰੀਤ ਸਿੰਘ, ਰੂਬੀ ਔਲਖ, ਗੁਰਸਾਹਿਬ ਸਿੰਘ, ਡਾ. ਦਿਲਬਾਗ ਰਾਣਾ, ਸੁਖਪ੍ਰੀਤ ਬੱਡੋਂ, ਸਾਧਿਕਪ੍ਰੀਤ ਸਿੰਘ, ਨਰਿੰਦਰ ਬਾਹੀਆ, ਕੁਲਵਿੰਦਰ ਕੌਰ, ਪ੍ਰੇਮਦੀਪ, ਜਸਵੰਤ ਕੌਰ ਰਾਣਾ, ਅਮਰਜੀਤ ਸ਼ਾਂਤ, ਜਸਬੀਰ ਮਾਨ, ਗੁਰਜੀਵਨ ਸਿੰਘ, ਹਰਪ੍ਰੀਤ ਧਾਲੀਵਾਲ, ਅਭਿਸ਼ੇਕ, ਮਨਜਿੰਦਰ ਘੁਮਾਣ, ਆਯੂਸ਼ ਅਰੋੜਾ, ਪ੍ਰੀਤ ਬੈਂਸ, ਸ਼ਾਨ ਗਿੱਲ, ਨਵੀ ਬਰਾੜ ਅਤੇ ਅਰਸ਼ ਆਦਿ ਨੇ ਆਪਣਾ ਕਲਾਮ ਪੇਸ਼ ਕਰਕੇ ਕਾਵਸ਼ਾਰ ਨੂੰ ਯਾਦਗਾਰ ਬਣਾਇਆ।
ਇਸ ਦੌਰਾਨ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿੱਚ ਯਾਦਗਾਰ ਪਲੈਕ, ਸਨਮਾਨ ਪੱਤਰ, ਲੋਈ ਅਤੇ 2000 ਡਾਲਰ ਦੀ ਨਕਦ ਰਾਸ਼ੀ ਸ਼ਾਮਲ ਸੀ। ਸਨਮਾਨ ਪੱਤਰ ਪੜ੍ਹਦਿਆਂ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਸ਼ਾਇਰ ਇੰਦਰਜੀਤ ਸਿੰਘ ਧਾਮੀ ਨੂੰ ਇਸ ਅਵਾਰਡ ਨਾਲ ਸਨਮਾਨਿਤ ਕਰਨਾ ਮੰਚ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਾਂਦਲਬਾਰ ਦੀ ਧਰਤੀ ’ਤੇ ਜਨਮੇ ਧਾਮੀ ਦੇ ਕਲਾਮ ਵਿੱਚ ਮੁਹੱਬਤ, ਨਾਬਰੀ ਅਤੇ ਦਰਦ ਦੀ ਅਮੁੱਕ ਧਾਰਾ ਵਹਿੰਦੀ ਹੈ, ਜੋ ਉਸ ਦੀ ਸੰਵੇਦਨਾ ਅਤੇ ਲੰਬੀ ਕਾਵਿ-ਸਾਧਨਾ ਦਾ ਪ੍ਰਮਾਣ ਹੈ। ਪਿਛਲੇ ਚਾਰ ਦਹਾਕਿਆਂ ਤੋਂ ਕਨੇਡਾ ਵੱਸਦੇ ਧਾਮੀ ਦੀ ਸ਼ਾਇਰੀ ਦਾਰਸ਼ਨਿਕ ਅਨੁਭਵਾਂ ਦੀ ਕਲਾਤਮਕ ਉਚਾਈ ਨੂੰ ਛੂੰਹਦੀ ਹੈ।
ਇਸ ਮੌਕੇ ਜਤਿੰਦਰ ਜੇ. ਮਿਨਹਾਸ, ਹਰਦਮ ਮਾਨ, ਸੁਖਜੀਤ ਹੁੰਦਲ, ਪ੍ਰੀਤ ਮਨਪ੍ਰੀਤ, ਮਨਜੀਤ ਕੰਗ ਅਤੇ ਹਰਕੀਰਤ ਚਾਹਲ ਨੇ ਇੰਦਰਜੀਤ ਸਿੰਘ ਧਾਮੀ ਨੂੰ ਸਨਮਾਨ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ। ਆਪਣੇ ਸੰਬੋਧਨ ਵਿੱਚ ਧਾਮੀ ਨੇ ਇਸ ਵਡੇਰੇ ਸਨਮਾਨ ਲਈ ਗ਼ਜ਼ਲ ਮੰਚ ਸਰੀ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਰਾਜਵੰਤ ਰਾਜ, ਦਸ਼ਮੇਸ਼ ਗਿੱਲ ਫਿਰੋਜ਼ ਅਤੇ ਦਵਿੰਦਰ ਗੌਤਮ ਨੇ ਬੜੀ ਸੁਚੱਜੇ ਢੰਗ ਨਾਲ ਖੂਬਸੂਰਤ ਕਾਵਿਕ ਸ਼ੈਲੀ ਵਿੱਚ ਕੀਤਾ। ਅੰਤ ਵਿੱਚ ਮੰਚ ਦੇ ਪ੍ਰਧਾਨ ਜਸਵਿੰਦਰ ਨੇ ‘ਕਾਵਸ਼ਾਰ’ ਦੀ ਸਫਲਤਾ ਲਈ ਸਾਰੇ ਸ਼ਾਇਰਾਂ, ਸਰੋਤਿਆਂ ਅਤੇ ਸਹਿਯੋਗੀਆਂ ਪ੍ਰਤੀ ਧੰਨਵਾਦ ਕੀਤਾ।