'ਇਹ ਮੋਦੀ ਨੇ ਸਿਆਪਾ ਪਾਇਆ'; ਮਨਰੇਗਾ ਮੁੱਦੇ 'ਤੇ ਭਗਵੰਤ ਮਾਨ ਦਾ ਵੱਡਾ ਬਿਆਨ
ਭਗਵੰਤ ਸਿੰਘ ਮਾਨ ਨੇ ਕਾਂਗਰਸ-ਅਕਾਲੀ-ਭਾਜਪਾ ਨੂੰ ਲਿਆ ਲੰਮੇ ਹੱਥੀਂ
Babushahi Network
ਚੰਡੀਗੜ੍ਹ, 30 ਦਸੰਬਰ 2025: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਨਰੇਗਾ ਦੇ ਮੁੱਦੇ 'ਤੇ ਬੋਲਦਿਆਂ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ-ਨਾਲ ਕਾਂਗਰਸ ਅਤੇ ਅਕਾਲੀ ਦਲ 'ਤੇ ਸਿਆਸੀ ਗਠਜੋੜ ਦੇ ਗੰਭੀਰ ਇਲਜ਼ਾਮ ਲਗਾਏ।
ਮੁੱਖ ਮੰਤਰੀ ਮਾਨ ਨੇ ਮਨਰੇਗਾ ਦੇ ਨਵੇਂ ਨਿਯਮਾਂ (G-Ram-G) ਨੂੰ ਲੈ ਕੇ ਸਿੱਧਾ ਕੇਂਦਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ "ਇਹ ਸਾਰਾ ਸਿਆਪਾ ਮੋਦੀ ਨੇ ਪਾਇਆ ਹੈ। ਕੇਂਦਰ ਸਰਕਾਰ ਅਜਿਹੇ ਅੜਿੱਕੇ ਡਾਹ ਕੇ ਪੰਜਾਬ ਦੇ ਵਿਕਾਸ ਅਤੇ ਗਰੀਬ ਮਜ਼ਦੂਰਾਂ ਦੀ ਰੋਜ਼ੀ-ਰੋਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ।"
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਉਸ ਬਿਆਨ 'ਤੇ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਦੀ ਗੱਲ ਕਹੀ ਸੀ, ਜਿਸ ਤੇ ਮਾਨ ਨੇ ਕਿਹਾ ਕਿ "ਇਹ ਕਾਂਗਰਸੀ ਸਦਨ ਵਿੱਚ ਤਾਂ ਚਾਰ ਘੰਟੇ ਟਿਕ ਕੇ ਬੈਠ ਨਹੀਂ ਸਕਦੇ, ਇਹ ਮੋਦੀ ਦੇ ਘਰ ਅੱਗੇ ਸੁਆਹ ਧਰਨਾ ਲਾਉਣਗੇ? ਇਹ ਸਿਰਫ਼ ਗੱਲਾਂ ਦੇ ਸ਼ੇਰ ਹਨ।"
ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਦਲ ਅੰਦਰੋਂ ਭਾਜਪਾ ਨਾਲ ਰਲੇ ਹੋਏ ਹਨ। ਇਹ ਲੋਕ ਸਿਰਫ਼ ਬਾਹਰ ਦਿਖਾਵਾ ਕਰਦੇ ਹਨ, ਪਰ ਅਸਲ ਵਿੱਚ ਸਭ ਇੱਕੋ ਹਨ। ਮਾਨ ਨੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਦੇ ਗਰੀਬਾਂ ਦੀ ਕੋਈ ਚਿੰਤਾ ਨਹੀਂ ਹੈ। ਇਹ ਸਿਰਫ਼ ਸਿਆਸੀ ਨੌਟੰਕੀ ਕਰ ਰਹੇ ਹਨ ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ।
ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਦਨ ਵਿੱਚ ਭਾਰੀ ਹੰਗਾਮਾ ਹੋਇਆ ਅਤੇ ਵਿਰੋਧੀ ਧਿਰ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਗਰੀਬਾਂ ਦੇ ਹੱਕਾਂ ਲਈ ਲੜੇਗੀ।