ਜਲੰਧਰ ਨੇ 2025 ’ਚ ਵਧੀਆ ਪ੍ਰਸ਼ਾਸਨ ਤੇ ਵਿਕਾਸ ’ਚ ਪੁੱਟੀਆਂ ਨਵੀਆਂ ਪੁਲਾਂਘਾ, 2026 ’ਚ ਪੂਰੇ ਹੋਣਗੇ ਕਈ ਵੱਡੇ ਪ੍ਰਾਜੈਕਟ
ਜਲੰਧਰ ਪ੍ਰਸ਼ਾਸਨ ਨੇ ਆਉਣ ਵਾਲੇ ਸਾਲ ਲਈ ਪੰਜਾਬ ਸਰਕਾਰ ਦੀਆਂ ਅਹਿਮ ਪਹਿਲਕਦਮੀਆਂ, ਨਾਗਰਿਕ-ਕੇਂਦ੍ਰਿਤ ਉਪਰਾਲੇ ਅਤੇ ਤਰਜੀਹੀ ਪ੍ਰਾਜੈਕਟਾਂ ’ਤੇ ਪਾਇਆ ਚਾਨਣਾ
ਜਲੰਧਰ, 31 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ-ਪੱਖੀ ਪਹਿਲਕਦਮੀਆਂ ਦੇ ਨਤੀਜੇ ਵਜੋਂ ਸਾਲ 2025 ਜਲੰਧਰ ਜ਼ਿਲ੍ਹੇ ਲਈ ਇੱਕ ਮੀਲ ਪੱਥਰ ਸਾਬਤ ਹੋਇਆ, ਜਿਸ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਪ੍ਰਸ਼ਾਸਨਿਕ ਸੁਧਾਰਾਂ, ਸਮਾਜ ਭਲਾਈ, ਸਿਹਤ, ਸਿੱਖਿਆ, ਖੇਡਾਂ ਅਤੇ ਆਫ਼ਤ ਪ੍ਰਬੰਧਨ ਵਿੱਚ ਮਹੱਤਵਪੂਰਣ ਪ੍ਰਾਪਤੀਆਂ ਹਾਸਲ ਹੋਈਆਂ। ਪੰਜਾਬ ਸਰਕਾਰ ਨੇ ਅਜਿਹੀਆਂ ਜ਼ਿਕਰਯੋਗ ਉਪਲਬਧੀਆਂ ਹਾਸਲ ਕੀਤੀਆਂ, ਜਿਨ੍ਹਾਂ ਨੇ ਨਾਗਰਿਕਾਂ ਦੇ ਜੀਵਨ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ ਅਤੇ ਆਉਣ ਵਾਲੇ ਸਾਲਾਂ ਵਿੱਚ ਨਿਰੰਤਰ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਰੱਖੀ ।
ਜਿਵੇਂ ਜਿਵੇਂ ਜ਼ਿਲ੍ਹਾ 2026 ਵਿੱਚ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਪ੍ਰਸ਼ਾਸਨ ਵੱਲੋਂ ਬੁਨਿਆਦੀ ਢਾਂਚੇ ਸਬੰਧੀ ਮੈਗਾ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਅਤੇ ਸੰਪਰਕ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਪੱਸ਼ਟ ਤਰਜੀਹਾਂ ਨਿਰਧਾਰਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆਉਣ ਵਾਲੇ ਸਾਲ ਵਿੱਚ ਪੰਜਾਬ ਸਰਕਾਰ ਦੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ, ਜੋ ਜ਼ਿਲ੍ਹੇ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਦੇਣਗੇ।
ਸਿਹਤ, ਸਮਾਜ ਭਲਾਈ ਤੇ ਨਸ਼ਾ ਵਿਰੋਧੀ ਪਹਿਲਕਦਮੀਆਂ
66 ਆਮ ਆਦਮੀ ਕਲੀਨਿਕਾਂ ਦੇ ਮਾਧਿਅਮ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਹੋਰ ਮਜ਼ਬੂਤ ਕੀਤਾ ਗਿਆ ਅਤੇ ਸਾਲ ਦੌਰਾਨ 11,29,024 ਓਪੀਡੀ ਦਰਜ ਕੀਤੀ ਗਈ ਅਤੇ 5,49,407 ਲੈਬੋਰੇਟਰੀ ਟੈਸਟ ਕੀਤੇ, ਜਿਸ ਨਾਲ ਜ਼ਮੀਨੀ ਪੱਧਰ 'ਤੇ ਗੁਣਵੱਤਾਪੂਰਣ ਸਿਹਤ ਸੰਭਾਲ ਪਹੁੰਚਯੋਗ ਬਣੀ।
ਨਸ਼ਿਆਂ ਖਿਲਾਫ਼ ਲੜਾਈ ਵਿੱਚ ਜ਼ਿਲ੍ਹੇ ਨੇ ਮਾਡਲ ਨਸ਼ਾ ਛੁਡਾਊ-ਕਮ-ਮੁੜ ਵਸੇਬਾ ਕੇਂਦਰ ਨੂੰ ਅਪਗ੍ਰੇਡ ਕਰਕੇ ਆਪਣੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ। 20 ਨਵੇਂ ਬੈੱਡ ਸ਼ਾਮਲ ਕਰਨ ਨਾਲ ਕੇਂਦਰ ਵਿੱਚ ਮੁੜ ਵਸੇਬਾ ਸਮਰੱਥਾ 40 ਬੈੱਡਾਂ ਦੀ ਹੋ ਗਈ ਹੈ। ਸੂਬੇ ਦੀ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਇਸ ਕੇਂਦਰ ਨਾਲ ਜੁੜੇ ਹੁਨਰ ਵਿਕਾਸ ਕੇਂਦਰ ਨੂੰ ਕੰਪਿਊਟਰ ਅਤੇ ਇਲੈਕਟ੍ਰੀਕਲ ਲੈਬਜ਼, ਕਿੱਤਾਮੁਖੀ ਕੋਰਸਾਂ, ਇੱਕ ਆਧੁਨਿਕ ਜਿੰਮ, ਲਾਇਬ੍ਰੇਰੀ ਅਤੇ ਕਾਨਫਰੰਸ ਹਾਲ ਨਾਲ ਆਧੁਨਿਕ ਬਣਾਇਆ ਗਿਆ ਹੈ। ਸ਼ੇਖੇ ਪਿੰਡ ਵਿਖੇ ਸਥਿਤ ਇਸ ਅਤਿ ਆਧੁਨਿਕ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੀਤਾ ਗਿਆ ਸੀ।
ਕੁਸ਼ਲ ਆਫ਼ਤ ਪ੍ਰਬੰਧਨ
2025 ਵਿੱਚ, ਜਲੰਧਰ ਨੇ ਹੜ੍ਹਾਂ ਨਾਲ ਨਜਿੱਠਣ ਦੀ ਤਿਆਰੀ ਵਿੱਚ ਮਿਸਾਲ ਕਾਇਮ ਕੀਤੀ। ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਸੰਵੇਦਨਸ਼ੀਲ ਬੰਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ। ਫੌਰੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਇੱਕ 24×7 ਐਕਸ਼ਨ ਹੈਲਪਲਾਈਨ ਅਤੇ ਇੱਕ ਸਮਰਪਿਤ ਆਫ਼ਤ ਪ੍ਰਬੰਧਨ ਟੀਮ ਦੀ ਸਥਾਪਨਾ ਕੀਤੀ ਗਈ । ਨਿਯਮਿਤ ਐਡਵਾਈਜ਼ਰੀ ਅਤੇ ਜਨਤਕ ਚਿਤਾਵਨੀਆਂ ਨਾਲ ਭਾਈਚਾਰਕ ਤਿਆਰੀ ਨੂੰ ਬਲ ਮਿਲਿਆ । ਪਿਛਲੇ ਸਾਲਾਂ ਦੇ ਮੁਕਾਬਲੇ ਪਾਣੀ ਦਾ ਵਹਾਅ ਵੱਧ ਹੋਣ ਦੇ ਬਾਵਜੂਦ ਜਲੰਧਰ ਵਿੱਚ ਕੋਈ ਵੀ ਦਰਿਆਈ ਪਾੜ ਨਹੀਂ ਪਿਆ, ਜੋ ਕਿ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਤਾਲਮੇਲ ਨੂੰ ਦਰਸਾਉਂਦਾ ਹੈ।
ਵਧੀਆ ਪ੍ਰਸ਼ਾਸਨ ਅਤੇ ਨਾਗਰਿਕ ਸੇਵਾਵਾਂ
ਨਾਗਰਿਕ-ਕੇਂਦਰਿਤ ਸੇਵਾਵਾਂ ਪ੍ਰਸ਼ਾਸਕੀ ਤਰਜੀਹਾਂ ਦਾ ਕੇਂਦਰ ਰਹੀਆਂ। 2025 ਦੌਰਾਨ ਜ਼ਿਲ੍ਹੇ ਭਰ ਵਿੱਚ ਸੇਵਾ ਕੇਂਦਰਾਂ ਰਾਹੀਂ 3,75,598 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ, ਜੋ ਸੇਵਾਵਾਂ ਪ੍ਰਦਾਨ ਕਰਨ ਵਿੱਚ ਪ੍ਰਸ਼ਾਸਨ ਦੀ ਕੁਸ਼ਲਤਾ ਅਤੇ ਜਵਾਬਦੇਹੀ ਨੂੰ ਦਰਸਾਉਂਦਾ ਹੈ। ਐਕਸ਼ਨ ਹੈਲਪਲਾਈਨ 9646222555 ਦੀ ਸ਼ੁਰੂਆਤ ਨਾਲ ਨਾਗਰਿਕਾਂ ਨੂੰ ਰੋਜ਼ਾਨਾ ਦੇ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਕੇ ਸ਼ਿਕਾਇਤ ਨਿਵਾਰਣ ਨੂੰ ਹੋਰ ਮਜ਼ਬੂਤੀ ਮਿਲੀ। ਇਸ ਪਹਿਲਕਦਮੀ ਤਹਿਤ ਨਾਗਰਿਕਾਂ ਨੂੰ ਇੱਕ ਵਟਸਐਪ ਹੈਲਪਲਾਈਨ ਨੰਬਰ ਪ੍ਰਦਾਨ ਕੀਤਾ ਗਿਆ ਸੀ, ਜਿੱਥੇ ਵੱਖ-ਵੱਖ ਸਮੱਸਿਆਵਾਂ ਸਬੰਧੀ ਉਹ ਫੋਟੋਆਂ ਅਤੇ ਵੀਡੀਓਜ਼ ਨਾਲ ਸੂਚਿਤ ਕਰ ਸਕਦੇ ਹਨ। ਇਸ ਐਕਸ਼ਨ ਹੈਲਪਲਾਈਨ ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਹੈਲਪਲਾਈਨ 'ਤੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਨਾਲ ਸਾਂਝਾ ਕਰਨ ਲਈ ਇੱਕ ਸਮਰਪਿਤ ਕੰਟਰੋਲ ਰੂਮ ਸਥਾਪਤ ਕੀਤਾ। ਇਸ ਐਕਸ਼ਨ ਹੈਲਪਲਾਈਨ ਰਾਹੀਂ 473 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਨਾਲ ਨਾਗਰਿਕ ਦੇ ਰੋਜ਼ਾਨਾਂ ਦੇ ਮੁੱਦਿਆਂ ਦੇ ਸੰਬੰਧ ਵਿੱਚ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਗਿਆ। ਖਾਲੀ ਪਲਾਟਾਂ ’ਚੋਂ ਕੂੜਾ ਹਟਾਉਣਾ, ਹੜ੍ਹ ਰਾਹਤ ਉਪਾਵਾਂ ਦੌਰਾਨ ਨਾਗਰਿਕਾਂ ਦੀ ਸਹਾਇਤਾ ਕਰਨਾ, ਸੜਕਾਂ ਤੋਂ ਬੇਸਹਾਰਾ ਪਸ਼ੂਆਂ ਨੂੰ ਹਟਾਉਣਾ ਇਸ ਐਕਸ਼ਨ ਹੈਲਪਲਾਈਨ ਦਾ ਹਿੱਸਾ ਹਨ।
ਜ਼ਿਲ੍ਹੇ ਨੂੰ ਰਾਸ਼ਟਰੀ ਪੱਧਰ 'ਤੇ ਵੀ ਮਾਨਤਾ ਪ੍ਰਾਪਤ ਮਿਲੀ, ਜਦੋਂ ਸ਼ਾਹਕੋਟ ਬਲਾਕ ਨੂੰ ਦੇਸ਼ ਵਿੱਚ ਸਰਬਉੱਤਮ ਐਸਪੀਰੇਸ਼ਨਲ ਬਲਾਕ (ਜ਼ੋਨ-II) ਚੁਣਿਆ ਗਿਆ ਅਤੇ ਇਸਦੇ ਲਈ ਬਲਾਕ ਨੂੰ 1.5 ਕਰੋੜ ਰੁਪਏ ਦਾ ਵੱਕਾਰੀ ਪੁਰਸਕਾਰ ਵੀ ਮਿਲਿਆ। ਇਸ ਪ੍ਰਾਪਤੀ ਨੇ ਜਲੰਧਰ ਦੀ ਸਮਾਵੇਸ਼ੀ ਅਤੇ ਸੰਤੁਲਿਤ ਵਿਕਾਸ ਵੱਲ ਕੇਂਦਰਿਤ ਪਹੁੰਚ ਨੂੰ ਉਜਾਗਰ ਕੀਤਾ। ਇਸੇ ਤਰ੍ਹਾਂ, ਪੰਜਾਬ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ, ਈਜ਼ੀ ਰਜਿਸਟ੍ਰੇਸ਼ਨ, 2025 ਵਿੱਚ ਸ਼ੁਰੂ ਕੀਤਾ ਗਿਆ, ਜਿਸ ਨੇ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਜਿਸ ਨਾਲ ਜਨਤਾ ਨੂੰ ਸੁਚਾਰੂ ਅਤੇ ਵਧੇਰੇ ਪਾਰਦਰਸ਼ੀ ਰਜਿਸਟ੍ਰੇਸ਼ਨ ਸੇਵਾਵਾਂ ਮਿਲ ਰਹੀਆਂ ਹਨ।
ਯੁਵਾ ਸਸ਼ਕਤੀਕਰਨ, ਸਿੱਖਿਆ ਅਤੇ ਰੋਜ਼ਗਾਰ
ਨੌਜਵਾਨਾਂ ਨੂੰ ਸਸ਼ਕਤ ਬਣਾਉਣ ’ਤੇ ਵੱਡਾ ਜ਼ੋਰ ਰਿਹਾ। ਸਾਲ ਦੌਰਾਨ ਲਗਭਗ 42 ਪਲੇਸਮੈਂਟ ਕੈਂਪ ਲਗਾਏ ਗਏ, ਜਿਸ ਨਾਲ 4,682 ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ। ਅਕਾਦਮਿਕ ਉੱਤਮਤਾ ਨੂੰ ਹੁਲਾਰਾ ਦੇਣ ਲਈ ਮੁਫ਼ਤ ਕੋਚਿੰਗ ਕਲਾਸਾਂ ਦੇ ਚਾਰ ਬੈਚਾਂ ਰਾਹੀਂ 150 ਵਿਦਿਆਰਥੀਆਂ ਨੇ ਲਾਭ ਲਿਆ ਜਦ ਕਿ ਚੇਤਨਾ ਪ੍ਰਾਜੈਕਟ ਤਹਿਤ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ 3,300 ਵਿਦਿਆਰਥੀਆਂ ਨੂੰ ਲਾਈਫ਼ ਸੇਵਿੰਗ ਸਕਿੱਲ਼ ਦੀ ਸਿਖਲਾਈ ਪ੍ਰਦਾਨ ਕੀਤੀ ਗਈ। ਨਵੀਨਤਾ ਅਤੇ ਵਿਗਿਆਨ ਸਿੱਖਿਆ ਨੂੰ ਮਹੱਤਵਪੂਰਣ ਹੁਲਾਰਾ ਦਿੰਦਿਆਂ ਜਲੰਧਰ ਨੂੰ ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (DARPG) ਤੋਂ ਸਕੂਲਾਂ ਵਿੱਚ ਸਪੇਸ ਲੈਬਜ਼ ਦੀ ਸਥਾਪਨਾ ਲਈ 1.34 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ, ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਅਤੇ ਉਤਸੁਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਕੁਨੈਕਟੀਵਿਟੀ ਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ
ਜੁਲਾਈ 2025 ਤੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਇਸ ਉਦਯੋਗਿਕ ਅਤੇ ਐਨ.ਆਰ.ਆਈ. ਬੈਲਟ ਦੀ ਖੇਤਰੀ ਕੁਨੈਕਟੀਵਿਟੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਇਸ ਕਨੈਕਟੀਵਿਟੀ ਨੇ ਨਾ ਸਿਰਫ਼ ਨਿਵਾਸੀਆਂ ਨੂੰ ਲਾਭ ਪਹੁੰਚਾਇਆ ਹੈ ਸਗੋਂ ਜਲੰਧਰ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਨਾਲ ਸਿੱਧਾ ਜੋੜ ਕੇ ਇਸ ਦੀਆਂ ਆਰਥਿਕ ਅਤੇ ਵਪਾਰਕ ਸੰਭਾਵਨਾਵਾਂ ਨੂੰ ਵੀ ਵਧਾਇਆ ਹੈ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ 1.25 ਕਿਲੋਮੀਟਰ ਲੰਬੀ ਆਦਮਪੁਰ ਏਅਰਪੋਰਟ ਰੋਡ ਦੇ ਨਿਰਮਾਣ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਹਵਾਈ ਅੱਡੇ ਤੱਕ ਨਿਰਵਿਘਨ ਅਤੇ ਸਿੱਧਾ ਸੰਪਰਕ ਪ੍ਰਦਾਨ ਕਰਨਾ ਹੈ। ਇਸ ਪ੍ਰਾਜੈਕਟ ਨਾਲ ਯਾਤਰਾ ਦਾ ਸਮਾਂ ਕਾਫ਼ੀ ਘਟ ਹੋਣ ਅਤੇ ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਹੋਣ ਦੀ ਉਮੀਦ ਹੈ।
ਬੁਨਿਆਦੀ ਢਾਂਚੇ ਖੇਤਰ ਵਿੱਚ ਇਹ ਹੋਰ ਅਹਿਮ ਉਪਲਬਧੀ ਪੀ.ਏ.ਪੀ. ਫਲਾਈਓਵਰ ਪ੍ਰਾਜੈਕਟ ਦੀ ਸ਼ੁਰੂਆਤ ਸੀ, ਜਿਸਦੀ ਯਾਤਰੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। 2025 ਵਿੱਚ ਇਸ ਕਾਰਜ ਨੇ ਗਤੀ ਫੜੀ ਅਤੇ ਅਗਲੇ ਸਾਲ ਇਸ ਦੇ ਪੂਰਾ ਹੋਣ ਦੀ ਉਮੀਦ ਹੈ, ਜਿਸ ਨਾਲ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲੇਗੀ। ਇਸੇ ਤਰ੍ਹਾਂ ਕਈ ਰੁਕਾਵਟਾਂ ਨੂੰ ਪਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮਹੱਤਵਪੂਰਣ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨਾਲ ਜਲੰਧਰ ਦੀ ਖੇਡ ਸ਼ਹਿਰ ਵਜੋਂ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ।
ਖੇਡਾਂ, ਫਿੱਟਨਸ ਅਤੇ ਸ਼ਹਿਰੀ ਪ੍ਰਬੰਧਨ
ਜਲੰਧਰ ਪ੍ਰੀਮੀਅਰ ਲੀਗ ਰਾਹੀਂ ਜਲੰਧਰ ਦੇ ਖੇਡ ਸੱਭਿਆਚਾਰ ਨੂੰ ਵੱਡਾ ਹੁਲਾਰਾ ਮਿਲਿਆ। ਲੀਗ ਵਿੱਚ ਜ਼ਿਲ੍ਹੇ ਭਰ ਦੀਆਂ ਸਕੂਲੀ ਟੀਮਾਂ ਵਿਚਕਾਰ ਕ੍ਰਿਕਟ ਮੈਚ ਹੋਏ। ਜਲੰਧਰ ਪ੍ਰੀਮੀਅਰ ਲੀਗ ਵਿੱਚ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ 32 ਟੀਮਾਂ ਦੇ 400 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ ਸੀ.ਐਮ. ਦੀ ਯੋਗਸ਼ਾਲਾ ਪਹਿਲਕਦਮੀ ਨੇ ਜ਼ਮੀਨੀ ਪੱਧਰ ’ਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ, ਇਸ ਪਹਿਲਕਦਮੀ ਤਹਿਤ 201 ਕਲਾਸਾਂ ਲਗਾਈਆਂ ਗਈਆਂ ਅਤੇ 11,024 ਲਾਭਪਾਤਰੀਆਂ ਨੇ ਲਾਭ ਲਿਆ। 19 ਜੂਨ ਨੂੰ ਪੀ.ਏ.ਪੀ. ਗਰਾਊਂਡ ਵਿਖੇ ਰਾਜ ਪੱਧਰੀ 'ਸੀ.ਐਮ. ਦੀ ਯੋਗਸ਼ਾਲਾ' ਸਮਾਗਮ ਵਿੱਚ 21,000 ਤੋਂ ਵੱਧ ਯੋਗਾ ਪ੍ਰੇਮੀਆਂ ਨੇ ਹਿੱਸਾ ਲਿਆ, ਜੋ ਕਿ ਪੰਜਾਬ ਵਿੱਚ ਕਿਸੇ ਇੱਕ ਯੋਗਾ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਇੱਕ ਨਵਾਂ ਰਿਕਾਰਡ ਹੈ।
ਚੇਤਨਾ ਪ੍ਰਾਜੈਕਟ ਤਹਿਤ ਇੱਕ ਹੋਰ ਵਿਲੱਖਣ ਪਹਿਲਕਦਮੀ ਵਿੱਚ 3300 ਤੋਂ ਵੱਧ ਵਿਦਿਆਰਥੀਆਂ ਨੂੰ ਲਾਈਫ਼ ਸੇਵਿੰਗ ਸਕਿੱਲ ਦੀ ਸਿਖਲਾਈ ਪ੍ਰਦਾਨ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਲਈ ਵਿਦਿਆਰਥੀਆਂ ਨੂੰ ਜਲੰਧਰ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਦੌਰੇ ਵੀ ਕਰਵਾਏ।
ਜ਼ਿਲ੍ਹੇ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਬਣਾਉਣਾ ਅਤੇ ਖਾਲੀ ਪਲਾਟਾਂ ਦੇ ਸੁੰਦਰੀਕਰਨ ਵਰਗੀਆਂ ਸ਼ਹਿਰੀ ਪ੍ਰਬੰਧਨ ਪਹਿਲਕਦਮੀਆਂ ਨੇ ਸੁਹਜ ਅਤੇ ਜਨਤਕ ਸੁਰੱਖਿਆ ਵਿੱਚ ਸੁਧਾਰ ਲਿਆਉਣ ਵਿੱਚ ਯੋਗਦਾਨ ਪਾਇਆ।
ਮਾਨਤਾ ਅਤੇ ਰਾਸ਼ਟਰੀ ਸੇਵਾ
ਇਸ ਸਾਲ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਰਤ-ਪਾਕਿ ਟਕਰਾਅ ਦੀ ਸਥਿਤੀ ਦੌਰਾਨ ਆਪਣੀ ਭੂਮਿਕਾ ਅਤੇ ਤਾਲਮੇਲ ਲਈ ਚੀਫ਼ ਆਫ਼ ਡਿਫੈਂਸ ਸਟਾਫ਼ ਤੋਂ ਪ੍ਰਸ਼ੰਸਾ ਵੀ ਮਿਲੀ, ਜਿਸ ਨਾਲ ਨਾਜ਼ੁਕ ਸਮੇਂ ਦੌਰਾਨ ਪ੍ਰਸ਼ਾਸਕੀ ਕੁਸ਼ਲਤਾ ਉਜਾਗਰ ਹੁੰਦੀ ਹੈ। ਸਿਵਲ ਪ੍ਰਸ਼ਾਸਨ ਅਤੇ ਫੌਜ ਵਿੱਚ ਬਿਹਤਰ ਤਾਲਮੇਲ ਨਾਲ ਜਾਣਕਾਰੀ ਦਾ ਸਮੇਂ ਸਿਰ ਅਦਾਨ-ਪ੍ਰਦਾਨ ਕੀਤਾ ਗਿਆ ਅਤੇ ਆਮ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਡਰ ਜਾਂ ਸਹਿਮ ਨੂੰ ਪੈਦਾ ਹੋਣ ਤੋਂ ਰੋਕਣ ਲਈ ਆਹਿਤਿਆਤੀ ਅਤੇ ਜ਼ਰੂਰੀ ਕਦਮ ਉਠਾਏ ਗਏ।
2026 ਲਈ ਰੋਡਮੈਪ ਅਤੇ ਤਰਜੀਹਾਂ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੀਆਂ ਯੋਜਨਾਵਾਂ ਨੂੰ ਦੇਖਦੇ ਹੋਏ 2026 ਲਈ ਸਪੱਸ਼ਟ ਟੀਚੇ ਨਿਰਧਾਰਿਤ ਕੀਤੇ। ਜਲੰਧਰ-ਹੁਸ਼ਿਆਰਪੁਰ ਸੜਕ ਪ੍ਰਾਜੈਕਟ ਦਾ ਦੁਬਾਰਾ ਟੈਂਡਰ ਕੀਤਾ ਜਾਵੇਗਾ ਅਤੇ ਇਸ ਦੀ ਰੀ-ਬਿਡਿੰਗ ਪ੍ਰਕਿਰਿਆ ਮਾਰਚ 2026 ਲਈ ਨਿਰਧਾਰਿਤ ਹੈ। ਜੰਡੂ ਸਿੰਘਾ-ਲੰਮਾ ਪਿੰਡ ਸੜਕ ਨੂੰ ਹੁਣ 30 ਅਪ੍ਰੈਲ, 2026 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪ੍ਰਸ਼ਾਸਨ ਵੱਲੋਂ ਵੱਡੇ ਪ੍ਰਾਜੈਕਟਾਂ ਲਈ ਨਿਸ਼ਚਿਤ ਸਮਾਂ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 15 ਅਗਸਤ, 2026 ਤੱਕ ਬਰਲਟਨ ਪਾਰਕ ਸਪੋਰਟਸ ਹੱਬ, 31.10.2026 ਤੱਕ ਪੀ.ਏ.ਪੀ. ਫਲਾਈਓਵਰ ਪ੍ਰਾਜੈਕਟ ਅਤੇ 31 ਦਸੰਬਰ, 2026 ਤੱਕ ਸਰਫੇਸ ਵਾਟਰ ਪ੍ਰਾਜੈਕਟ ਦਾ ਪੂਰਾ ਹੋਣਾ ਸ਼ਾਮਲ ਹਨ, ਇਸ ਨਾਲ ਸ਼ਹਿਰੀ ਪਾਣੀ ਸਪਲਾਈ ਵਿੱਚ ਵੱਡੀ ਤਬਦੀਲੀ ਆਉਣ ਦੀ ਆਸ ਹੈ। ਇਸ ਤੋਂ ਇਲਾਵਾ ਆਦਮਪੁਰ ਤੋਂ ਦਿੱਲੀ ਤੱਕ ਸਿੱਧੀਆਂ ਉਡਾਣਾਂ ਲਈ ਯਤਨ ਤੇਜ਼ ਕੀਤੇ ਜਾਣਗੇ, ਜਿਸ ਨਾਲ ਜਲੰਧਰ ਦੀ ਕੁਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ।
ਡਾ. ਅਗਰਵਾਲ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਸਾਲ 2025 ਦੌਰਾਨ ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਹਿਤੈਸ਼ੀ ਪਹਿਲਕਦਮੀਆਂ ਨੂੰ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2026 ਮੈਗਾ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ, ਬਿਹਤਰ ਸੰਪਰਕ ਅਤੇ ਨਾਗਰਿਕ ਭਲਾਈ 'ਤੇ ਨਿਰੰਤਰ ਜ਼ੋਰ ਦੇਣ 'ਤੇ ਕੇਂਦਰਿਤ ਰਹੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਲੰਧਰ ਪਾਰਦਰਸ਼ੀ, ਜਵਾਬਦੇਹ, ਭ੍ਰਿਸ਼ਟਾਚਾਰ ਮੁਕਤ ਅਤੇ ਸਮਾਵੇਸ਼ੀ ਪ੍ਰਸ਼ਾਸਨ ਪ੍ਰਦਾਨ ਕਰਦੇ ਹੋਏ ਵਿਕਾਸ ਦੀਆਂ ਉੱਚ ਲੀਹਾਂ 'ਤੇ ਚੱਲਦਾ ਰਹੇ।