Assalamualaikum ਨਾਲ ਵੀਡੀਓ ਸ਼ੁਰੂ ਕਰਨ ’ਤੇ IPS ਅਫ਼ਸਰ ਖ਼ਿਲਾਫ਼ ਸ਼ਿਕਾਇਤ, ਜਾਣੋ ਕੀ ਹੈ ਮਾਮਲਾ
ਕੋਲਕਾਤਾ, 16 ਸਤੰਬਰ 2026- ਪੱਛਮੀ ਬੰਗਾਲ ਦੀ IPS ਅਫ਼ਸਰ ਬੁਸ਼ਰਾ ਬਾਨੋ ਵੱਲੋਂ ਆਪਣੀ ਸਿਵਲ ਸਰਵਿਸ ਦੀ ਯਾਤਰਾ ਬਾਰੇ ਜਾਰੀ ਕੀਤੀ ਵੀਡੀਓ ਵਿੱਚ ਇਸਲਾਮੀ (Assalamualaikum) ਸ਼ੁਭਕਾਮਨਾਵਾਂ ਦੀ ਵਰਤੋਂ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮਾਮਲੇ ਵਿੱਚ ਹਿੰਦੂ ਲੀਗਲ ਫੰਡ ਵੱਲੋਂ ਪੱਛਮੀ ਬੰਗਾਲ ਦੇ ਹੋਮ ਸਕੱਤਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤਕਰਤਾ ਸੰਸਥਾ ਦਾ ਦੋਸ਼ ਹੈ ਕਿ ਬੁਸ਼ਰਾ ਬਾਨੋ ਨੇ ਵੀਡੀਓ ਦੀ ਸ਼ੁਰੂਆਤ ‘ਅਸਸਲਾਮੁਅਲੈਕੁਮ’ ਅਤੇ ‘ਇਨਸ਼ਾਅੱਲ੍ਹਾ’ ਵਰਗੇ ਸ਼ਬਦਾਂ ਨਾਲ ਕੀਤੀ, ਜਦਕਿ ਅੰਤ ਵਿੱਚ ‘ਜਜ਼ਾਕੱਲ੍ਹਾ’ (Jazakallah) ਕਿਹਾ। ਸੰਸਥਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਵੱਲੋਂ ਜਨਤਕ ਸੰਚਾਰ ਦੌਰਾਨ ਰਾਸ਼ਟਰੀ ਪ੍ਰਤੀਕਾਤਮਕ ਸ਼ੁਭਕਾਮਨਾਵਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ’ਤੇ ਅੰਤਿਮ ਫੈਸਲਾ ਜਾਂਚ ਤੋਂ ਬਾਅਦ ਹੀ ਹੋ ਸਕਦਾ ਹੈ।
ਸਾਊਦੀ ਅਰਬ ਤੋਂ IPS ਤੱਕ ਦਾ ਸਫ਼ਰ
ਬੁਸ਼ਰਾ ਬਾਨੋ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਮੈਨੇਜਮੈਂਟ ਸਟੱਡੀਜ਼ ਵਿੱਚ ਪੀਐੱਚ.ਡੀ. ਕੀਤੀ ਅਤੇ ਨੈਸ਼ਨਲ ਐਲੀਜਿਬਿਲਿਟੀ ਟੈਸਟ-ਜੂਨੀਅਰ ਰਿਸਰਚ ਫੈਲੋਸ਼ਿਪ (NET-JRF) ਵੀ ਪਾਸ ਕੀਤੀ। ਵਿਆਹ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਪੜ੍ਹਾਈ ਅਤੇ ਕਰੀਅਰ ਜਾਰੀ ਰੱਖਿਆ। ਉਹ ਕੁਝ ਸਮਾਂ ਸਾਊਦੀ ਅਰਬ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰਦੇ ਰਹੇ। ਇਸ ਤੋਂ ਬਾਅਦ ਭਾਰਤ ਵਾਪਸ ਆ ਕੇ UPSC ਦੀ ਤਿਆਰੀ ਸ਼ੁਰੂ ਕੀਤੀ। ਉਨ੍ਹਾਂ ਮੁਤਾਬਕ AMU ਦੀ ਰੈਜ਼ੀਡੈਂਸ਼ਲ ਕੋਚਿੰਗ ਅਕੈਡਮੀ ਨੇ ਤਿਆਰੀ ਵਿੱਚ ਮਹੱਤਵਪੂਰਨ ਮਦਦ ਕੀਤੀ।
ਬੁਸ਼ਰਾ ਬਾਨੋ ਨੇ UPSC ਦੀ ਪ੍ਰੀਖਿਆ ਦੋ ਵਾਰ ਪਾਸ ਕੀਤੀ। 2018 ਵਿੱਚ ਉਨ੍ਹਾਂ ਨੇ 277ਵਾਂ ਰੈਂਕ ਹਾਸਲ ਕੀਤਾ ਅਤੇ ਇੰਡੀਅਨ ਰੇਲਵੇ ਟ੍ਰੈਫਿਕ ਸਰਵਿਸ ਲਈ ਚੁਣੇ ਗਏ, ਪਰ ਦੂਜੇ ਬੱਚੇ ਦੀ ਪ੍ਰੈਗਨੈਂਸੀ ਕਾਰਨ ਉਹ ਇਹ ਸੇਵਾ ਜੁਆਇਨ ਨਹੀਂ ਕਰ ਸਕੇ। 2019 ਵਿੱਚ ਮੁੜ ਪ੍ਰੀਖਿਆ ਦੇ ਕੇ ਉਨ੍ਹਾਂ ਨੇ 234ਵਾਂ ਰੈਂਕ ਹਾਸਲ ਕੀਤਾ ਅਤੇ IPS ਵਿੱਚ ਚੁਣੇ ਗਏ। 2021 ਬੈਚ ਦੀ IPS ਅਫ਼ਸਰ ਵਜੋਂ ਉਨ੍ਹਾਂ ਨੂੰ ਪੱਛਮੀ ਬੰਗਾਲ ਕੈਡਰ ਮਿਲਿਆ। ਉਨ੍ਹਾਂ ਦੀ ਪਹਿਲੀ ਤਾਇਨਾਤੀ ਹੁਗਲੀ ਰੂਰਲ ਵਿੱਚ ASP ਵਜੋਂ ਹੋਈ। ਇਸ ਸਾਲ ਜੂਨ ਵਿੱਚ ਤਰੱਕੀ ਤੋਂ ਬਾਅਦ ਉਹ ਐਡੀਸ਼ਨਲ ਐਸਪੀ ਬਣੇ ਅਤੇ ਇਸ ਵੇਲੇ ਖੜਗਪੁਰ ਵਿੱਚ ਤਾਇਨਾਤ ਹਨ।
- Download Babushahi App
-
-