ਮੁੱਖ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਨਾਲ ਧੱਕਾਮੁੱਕੀ, ਪੱਗਾਂ, ਚੁੰਨੀਆਂ ਲੱਥੀਆਂ
ਪੁਲਿਸ ਵੱਲੋਂ ਕੀਤੇ ਡੀਟੇਨ ਅਧਿਆਪਕ ਸੰਘਰਸ਼ ਦੇ ਦਬਾਅ ਸਦਕਾ ਸ਼ਾਮ ਨੂੰ ਛੱਡੇ
ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ/ਲਾਇਆ ਧਰਨਾ
ਟਰਮੀਨੇਸ਼ਨ ਦੇ ਸ਼ੋਕਾਜ਼ ਨੋਟਿਸ ਵਾਪਸ ਲੈ ਕੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕਰਨ ਦੀ ਮੰਗ ਨੂੰ ਲੈਕੇ ਮੁੱਖ ਮੰਤਰੀ ਦੀ ਕੋਠੀ ਦੇ ਗੇਟ 'ਤੇ ਧਰਨਾ
ਜਿਲ੍ਹਾ ਪ੍ਰਸਾਸ਼ਨ ਵੱਲੋਂ 25 ਅਗਸਤ ਨੂੰ ਵਿੱਤ ਮੰਤਰੀ ਦੀ ਅਗਵਾਈ ਹੇਠ ਸਿੱਖਿਆ ਅਧਿਕਾਰੀਆਂ ਨਾਲ਼ ਮੀਟਿੰਗ ਦਾ ਸਮਾਂ ਤੈਅ ਕਰਵਾਉਣ ਤੋਂ ਬਾਅਦ ਧਰਨਾ ਸਮਾਪਤ
ਦਲਜੀਤ ਕੌਰ
ਸੰਗਰੂਰ, 16 ਅਗਸਤ, 2026: ਵਿਭਾਗੀ ਅਤੇ ਦਫ਼ਤਰੀ ਗਲਤੀਆਂ ਕਾਰਨ ਵੱਖ-ਵੱਖ ਭਰਤੀਆਂ ਦੀਆਂ ਸਿਲੈਕਸ਼ਨ ਸੂਚੀਆਂ ਰੀਕਾਸਟ ਕੀਤੇ ਜਾਣ ਤੋਂ ਪ੍ਰਭਾਵਿਤ ਅਧਿਆਪਕਾਂ ਦੇ ਫਰੰਟ ਵੱਲੋਂ ਅੱਜ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਫਰੰਟ ਆਗੂਆਂ ਬਲਕਾਰ ਸਿੰਘ ਮਘਾਣੀਆ, ਮੈਡਮ ਗ਼ਜ਼ਲਪ੍ਰੀਤ ਕੌਰ, ਗੁਰਿੰਦਰ ਸਿੰਘ, ਮੈਡਮ ਸ਼ਿੰਪੀ ਮੌਂਗਾ, ਰਤਨਦੀਪ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਪ੍ਰਭਾਵਿਤ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਅਧਿਆਪਕਾਂ ਨਾਲ ਪੁਲਿਸ ਵੱਲੋਂ ਧੱਕਾਮੁੱਕੀ ਹੋਈ, ਪੱਗਾਂ, ਚੁੰਨੀਆਂ ਲੱਥੀਆਂ, ਬਹੁਤ ਸਾਰੇ ਅਧਿਆਪਕਾਂ ਨੂੰ ਫੜਕੇ ਪੁਲਿਸ ਗੱਡੀਆਂ ਵਿੱਚ ਬੰਦ ਕਰ ਦਿੱਤਾ ਗਿਆ। ਆਖਿਰ ਜਿਲ੍ਹਾ ਪ੍ਰਸਾਸ਼ਨ ਵੱਲੋਂ 25 ਅਗਸਤ ਨੂੰ ਵਿੱਤ ਮੰਤਰੀ ਦੀ ਅਗਵਾਈ ਹੇਠ ਸਿੱਖਿਆ ਅਧਿਕਾਰੀਆਂ ਨਾਲ਼ ਮੀਟਿੰਗ ਦਾ ਸਮਾਂ ਤੈਅ ਕਰਵਾਉਣ ਅਤੇ ਪ੍ਰਸਾਸ਼ਨ ਵੱਲੋਂ ਮੀਟਿੰਗ ਲਈ ਡਿਊਟੀ ਅਫ਼ਸਰ ਤੈਅ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਮੈਡਮ ਨਰਿੰਦਰ ਕੌਰ, ਰਾਜੂ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪਿਛਲੇ ਸਮੇਂ ਦੌਰਾਨ ਹੋਈਆਂ ਵੱਖ-ਵੱਖ ਭਰਤੀਆਂ, ਜਿਨ੍ਹਾਂ ਵਿੱਚ 4161 ਮਾਸਟਰ ਕਾਡਰ, 2392 ਮਾਸਟਰ ਕਾਡਰ, 6635 ਈਟੀਟੀ ਕਾਡਰ ਅਤੇ 3704 ਮਾਸਟਰ ਕਾਡਰ ਭਰਤੀਆਂ ਸ਼ਾਮਲ ਹਨ, ਦੀਆਂ ਸਿਲੈਕਸ਼ਨ ਸੂਚੀਆਂ ਵਿਭਾਗੀ/ਦਫ਼ਤਰੀ ਗਲਤੀਆਂ ਕਾਰਨ ਵੱਖ-ਵੱਖ ਅਧਾਰਾਂ ’ਤੇ ਰੀਕਾਸਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਇਕਨਾਮੀਕਲ ਵੀਕਰ ਸੈਕਸ਼ਨ (EWS) ਦੀ ਰਿਜ਼ਰਵੇਸ਼ਨ ਦੀ ਵੰਡ ਵਿੱਚ ਤਰੁੱਟੀਆਂ ਅਤੇ ਉੱਤਰ-ਕੁੰਜੀਆਂ ਰਿਵਾਈਜ਼ ਹੋਣ ਆਦਿ ਕਾਰਨ ਕੀਤੀਆਂ ਗਈਆਂ ਤਬਦੀਲੀਆਂ ਵੀ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਰੀਕਾਸਟ ਸੂਚੀਆਂ ਕਾਰਨ ਲੰਮੇ ਸਮੇਂ ਤੋਂ ਆਪਣੇ-ਆਪਣੇ ਸਕੂਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਿਲੈਕਸ਼ਨ ਜ਼ੋਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸੇਵਾ ਸਮਾਪਤੀ ਸਬੰਧੀ ਸ਼ੋਕਾਜ਼ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਵਿਭਾਗੀ ਗਲਤੀਆਂ ਦਾ ਖ਼ਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਕਿ ਕਿਸੇ ਵੀ ਪੱਖੋਂ ਵਾਜਬ ਨਹੀਂ ਹੈ।
ਆਗੂਆਂ ਅਨੁਸਾਰ 4161 ਮਾਸਟਰ ਕਾਡਰ ਭਰਤੀ ਦੇ 253, 2392 ਮਾਸਟਰ ਕਾਡਰ ਦੇ 40, 6635 ਈਟੀਟੀ ਕਾਡਰ ਵਿੱਚੋਂ 108 ਅਤੇ 3704 ਭਰਤੀ ਦੇ 117 ਅਧਿਆਪਕ ਇਸ ਰੀਕਾਸਟ ਪ੍ਰਕਿਰਿਆ ਤੋਂ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ 4161 ਮਾਸਟਰ ਕਾਡਰ ਅਤੇ 6635 ਈਟੀਟੀ ਕਾਡਰ ਦੇ ਪ੍ਰਭਾਵਿਤ ਅਧਿਆਪਕਾਂ ਦਾ ਪਰਖਕਾਲ ਵੀ ਅਜੇ ਤੱਕ ਕਲੀਅਰ ਨਹੀਂ ਕੀਤਾ ਗਿਆ, ਜਦੋਂਕਿ ਉਨ੍ਹਾਂ ਦੇ ਪਰਖਕਾਲ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਇਨ੍ਹਾਂ ਅਧਿਆਪਕਾਂ ਨੂੰ ਬਦਲੀਆਂ ਵਿੱਚ ਵੀ ਬਣਦਾ ਮੌਕਾ ਨਹੀਂ ਦਿੱਤਾ ਗਿਆ ਹੈ।
ਇਸ ਮੌਕੇ ਆਗੂਆਂ ਲਵਪ੍ਰੀਤ ਸਿੰਘ, ਬਲਜਿੰਦਰ ਸਿੰਘ, ਕ੍ਰਿਸ਼ਨ ਸਿੰਘ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਟਰਮੀਨੇਸ਼ਨ ਸਬੰਧੀ ਜਾਰੀ ਕੀਤੇ ਸ਼ੋਕਾਜ਼ ਨੋਟਿਸ ਤੁਰੰਤ ਵਾਪਸ ਲਏ ਜਾਣ ਅਤੇ ਪ੍ਰਭਾਵਿਤ ਅਧਿਆਪਕਾਂ ਦੀ ਹੁਣ ਤੱਕ ਦੀ ਸੇਵਾ ਅਤੇ ਭਵਿੱਖ ਪੂਰਨ ਰੂਪ ਵਿੱਚ ਸੁਰੱਖਿਅਤ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਭਾਵਿਤ ਅਧਿਆਪਕਾਂ ਦਾ ਪਰਖਕਾਲ ਤੁਰੰਤ ਕਲੀਅਰ ਕਰਕੇ ਪੰਜਾਬ ਪੇਅ ਸਕੇਲ ਅਨੁਸਾਰ ਬਣਦੇ ਸਾਰੇ ਭੱਤੇ ਅਤੇ ਹੋਰ ਵਿੱਤੀ ਲਾਭ ਲਾਗੂ ਕੀਤੇ ਜਾਣ। ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ। ਅਜਿਹੇ ਸਮੇਂ ਵਿੱਚ ਤਜਰਬੇਕਾਰ ਅਤੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਨੌਕਰੀ ਤੋਂ ਬਾਹਰ ਕਰਨ ਦੀ ਬਜਾਏ ਉਨ੍ਹਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਨਾ, ਸਰਕਾਰ ਅਤੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੰਵੇਦਨਸ਼ੀਲ ਮਸਲੇ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਪ੍ਰਭਾਵਿਤ ਅਧਿਆਪਕ ਆਪਣੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੁਕੇਸ਼ ਕੁਮਾਰ ਗੁਜਰਾਤੀ, ਸੁਖਦੇਵ ਡਾਨਸੀਵਾਲ, ਸੁਖਵਿੰਦਰ ਗਿਰ, ਰਾਜੀਵ ਬਰਨਾਲਾ, ਡਾ. ਰਾਮਸ਼ਰਨ, ਪਵਨ ਨਾਭਾ, ਰਘਵੀਰ ਸਿੰਘ ਭਵਾਨੀਗੜ੍ਹ, ਕੁਲਵੰਤ ਖਨੌਰੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਦਿਗਵਿਜੇ) ਤੋਂ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਦਾਤਾ ਸਿੰਘ, ਗੌਰਮਿੰਟ ਟੀਚਰ ਯੂਨੀਅਨ ਵੱਲੋਂ ਦੇਵੀ ਦਿਆਲ ਜਿਲ੍ਹਾ ਪ੍ਰਧਾਨ ਸੰਗਰੂਰ, ਜਸਵਿੰਦਰ ਸਮਾਣਾ, ਸਰਬਜੀਤ ਸਿੰਘ ਪੁੰਨਾਵਾਲ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਆਦਰਸ਼ ਸਕੂਲ ਅਧਿਆਪਕ ਐਸੋਸੀਏਸ਼ਨ, ਟੈਕਨੀਕਲ ਸਰਬਿਸ ਯੂਨੀਅਨ ਵੱਲੋਂ ਹਰਪ੍ਰੀਤ ਸਿੰਘ, ਵੈਟਰਨਰੀ ਇੰਸਪੈਕਟਰ ਯੂਨੀਅਨ ਵੱਲੋਂ ਗੁਰਦੀਪ ਸਿੰਘ ਛੰਨਾ, ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਮੁਨੀਸ਼ ਫਾਜ਼ਿਲਕਾ, ਰਮਨ ਮਲੋਟ, 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ, 6635 ਈਟੀਟੀ ਯੂਨੀਅਨ ਦੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ਼, ਗੁਰਮੇਲ ਸਿੰਘ ਕੁਲਰੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਿਰਭੈ ਸਿੰਘ, 1158 ਪ੍ਰੋਫੈਸਰ ਯੂਨੀਅਨ ਆਦਿ ਅਧਿਆਪਕ ਯੁਨੀਅਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਕਿਰਨ ਬਿਜਰਾ, ਰਮਨਪ੍ਰੀਤ ਕੌਰ, ਹਰਪ੍ਰੀਤ ਸਿੰਘ, ਜਤਿੰਦਰ ਕੌਰ, ਸੁਮਨਦੀਪ ਕੌਰ, ਨਵਜੋਤ ਕੌਰ, ਸੀਮਾ, ਮਧੂ, ਅਨੀਤਾ, ਅਮਨਦੀਪ ਕੌਰ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਰਣਜੀਤ ਸਿੰਘ, ਸੱਤਪਾਲ ਸਿੰਘ, ਗੁਰਦੀਪ ਸਿੰਘ, ਇਕਬਾਲਪ੍ਰੀਤ ਸਿੰਘ ਆਦਿ ਸਮੇਤ ਸੈਂਕੜੇ ਅਧਿਆਪਕ ਹਾਜ਼ਿਰ ਸਨ।
- Download Babushahi App
-
-