ਜਗਸ਼ੇਰ ਸਿੰਘ ਤੇ ਇਨਾਇਤ ਗੁਲਾਟੀ ਬਣੇ ਪੰਜਾਬ ਦੇ ਸੀਨੀਅਰ ਬੈਡਮਿੰਟਨ ਚੈਂਪੀਅਨ
*ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ ਨੇ ਜੇਤੂਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ*
*ਸੱਚੇ ਚੈਂਪੀਅਨ ਦੀ ਪਛਾਣ ਜਿੱਤ-ਹਾਰ ਤੋਂ ਬਾਅਦ ਦੂਜਿਆਂ ਨਾਲ ਉਸ ਦੇ ਵਿਹਾਰ ਤੋਂ ਹੁੰਦੀ ਹੈ : ਰਾਮਵੀਰ ਸਿੰਘ*
ਜਲੰਧਰ: ਇਨੋਸੈਂਟ ਹਾਰਟਸ ਪੰਜਾਬ ਸਟੇਟ ਸੀਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਐਤਵਾਰ ਨੂੰ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਪਟਿਆਲਾ ਦੇ ਜਗਸ਼ੇਰ ਸਿੰਘ ਖੰਗੂੜਾ ਅਤੇ ਜਲੰਧਰ ਦੀ ਇਨਾਇਤ ਗੁਲਾਟੀ ਨੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਦੋਵੇਂ ਜੇਤੂ ਅਗਲੇ ਮਹੀਨੇ ਹੋਣ ਵਾਲੀ ਨਾਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗਸ਼ੇਰ ਸਿੰਘ ਖੰਗੂੜਾ ਨੇ ਜਲੰਧਰ ਦੇ ਵੀਰਨ ਸੇਠ ਨੂੰ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ 15-10, 10-15, 20-18 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਵੀ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇਨਾਇਤ ਗੁਲਾਟੀ ਨੇ ਗੁਰਦਾਸਪੁਰ ਦੀ ਮਹਿਵਿਸ਼ ਕੌਰ ਨੂੰ 9-15, 15-9, 19-17 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।
ਅੰਡਰ-19 ਲੜਕਿਆਂ ਦੇ ਸਿੰਗਲਜ਼ ਫਾਈਨਲ ਵਿੱਚ ਜਲੰਧਰ ਦੇ ਵੀਰਨ ਸੇਠ ਨੇ ਆਪਣੇ ਹੀ ਸ਼ਹਿਰ ਦੇ ਦਿਵਯਮ ਸਚਦੇਵਾ ਨੂੰ 15-9, 9-15, 15-1 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-19 ਲੜਕੀਆਂ ਦੇ ਸਿੰਗਲਜ਼ ਵਿੱਚ ਮਹਿਵਿਸ਼ ਕੌਰ ਨੇ ਸੀਨੀਅਰ ਵਰਗ ਦੇ ਫਾਈਨਲ ਵਿੱਚ ਮਿਲੀ ਹਾਰ ਦਾ ਬਦਲਾ ਲੈਂਦਿਆਂ ਇਨਾਇਤ ਗੁਲਾਟੀ ਨੂੰ ਸਿੱਧੇ ਗੇਮਾਂ ਵਿੱਚ 15-11, 15-13 ਨਾਲ ਹਰਾਇਆ।
ਇਨਾਮ ਵੰਡ ਸਮਾਗਮ ਵਿੱਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ, ਆਈਏਐਸ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਚੇ ਚੈਂਪੀਅਨ ਦੀ ਪਛਾਣ ਸਿਰਫ਼ ਜਿੱਤ ਦਾ ਜਸ਼ਨ ਮਨਾਉਣ ਨਾਲ ਨਹੀਂ, ਸਗੋਂ ਜਿੱਤ ਜਾਂ ਹਾਰ ਤੋਂ ਬਾਅਦ ਦੂਜਿਆਂ ਨਾਲ ਉਸ ਦੇ ਵਿਹਾਰ ਤੋਂ ਹੁੰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਵਿਰੋਧੀਆਂ ਦਾ ਹਮੇਸ਼ਾ ਸਤਿਕਾਰ ਕਰਨ ਅਤੇ ਹਾਰ ਦੇ ਸਮੇਂ ਵੀ ਖੇਡ ਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹੀ ਗੁਣ ਕਿਸੇ ਖਿਡਾਰੀ ਨੂੰ ਸੱਚਾ ਚੈਂਪੀਅਨ ਬਣਾਉਂਦੇ ਹਨ।
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਅੰਡਰ-19 ਲੜਕੀਆਂ ਦੇ ਡਬਲਜ਼ ਵਿੱਚ ਸਮਾਇਰਾ ਅਰੋੜਾ ਅਤੇ ਸੀਜਾ ਨੇ ਖਿਤਾਬ ਜਿੱਤਿਆ, ਜਦਕਿ ਦਿਸ਼ਿਕਾ ਸੂਰੀ ਅਤੇ ਉਪਨੀਤ ਕੌਰ ਉਪ ਜੇਤੂ ਰਹੀਆਂ। ਗੁਰਲੀਨ ਕੌਰ ਢਿੱਲੋਂ-ਗੁਰਸਿਮਰਤ ਕੌਰ ਚਹਿਲ ਅਤੇ ਅਮੇਲੀਆ ਭਾਕੂ-ਅਨੰਨਿਆ ਨਿਝਾਵਨ ਦੀਆਂ ਜੋੜੀਆਂ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-19 ਲੜਕਿਆਂ ਦੇ ਡਬਲਜ਼ ਵਿੱਚ ਆਦਿਤਿਆ ਸ਼ਰਮਾ ਅਤੇ ਵੀਰਨ ਸੇਠ ਜੇਤੂ ਰਹੇ, ਜਦਕਿ ਅਖਿਲ ਅਰੋੜਾ ਅਤੇ ਕ੍ਰਿਤੱਗ ਅਰੋੜਾ ਉਪ ਜੇਤੂ ਰਹੇ। ਅਨਿਰੁੱਧ ਗਿਲਹੋਤਰਾ-ਜ਼ੋਰਾਵਰ ਸਿੰਘ ਅਤੇ ਰੁਦਰਾਕਸ਼ ਕਾਸ਼ਨੀਆ-ਸਮਾਰਥ ਭਾਰਦਵਾਜ ਦੀਆਂ ਜੋੜੀਆਂ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ।
ਅੰਡਰ-19 ਮਿਕਸਡ ਡਬਲਜ਼ ਵਿੱਚ ਸਮਾਰਥ ਭਾਰਦਵਾਜ ਅਤੇ ਸੀਜਾ ਨੇ ਖਿਤਾਬ ਜਿੱਤਿਆ। ਸ਼ਿਵੇਨ ਢੀਂਗਰਾ ਅਤੇ ਅਨੰਨਿਆ ਨਿਝਾਵਨ ਉਪ ਜੇਤੂ ਰਹੇ। ਅਰਨਵ ਠਾਕੁਰ-ਲਿਆਜ਼ਦੀਪ ਕੌਰ ਅਤੇ ਕ੍ਰਿਤੱਗ ਅਰੋੜਾ-ਸਮਾਇਰਾ ਅਰੋੜਾ ਦੀਆਂ ਜੋੜੀਆਂ ਨੇ ਸਾਂਝਾ ਤੀਜਾ ਸਥਾਨ ਹਾਸਲ ਕੀਤਾ।
ਮਿਕਸਡ ਡਬਲਜ਼ ਵਿੱਚ ਸਿਆਮ ਪ੍ਰਸਾਦ ਉਦਯਕੁਮਾਰ ਅਤੇ ਲਿਜ਼ਾ ਟਾਂਕ ਨੇ ਖਿਤਾਬ ਆਪਣੇ ਨਾਮ ਕੀਤਾ, ਜਦਕਿ ਮ੍ਰਿਦੁਲ ਝਾ ਅਤੇ ਮਾਨਿਆ ਰਾਹਲਾਨ ਉਪ ਜੇਤੂ ਰਹੇ। ਸ਼ਿਵੇਨ ਢੀਂਗਰਾ-ਅਨੰਨਿਆ ਨਿਝਾਵਨ ਅਤੇ ਆਕਰਸ਼ਿਤ ਸ਼ਰਮਾ-ਸੀਜਾ ਦੀਆਂ ਜੋੜੀਆਂ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ।
ਮਹਿਲਾ ਡਬਲਜ਼ ਵਿੱਚ ਮਾਨਿਆ ਰਾਹਲਾਨ ਅਤੇ ਸਾਨਵੀ ਨੌਟਿਆਲ ਨੇ ਖਿਤਾਬ ਜਿੱਤਿਆ, ਜਦਕਿ ਲਿਜ਼ਾ ਟਾਂਕ ਅਤੇ ਸੀਜਾ ਦੂਜੇ ਸਥਾਨ ’ਤੇ ਰਹੀਆਂ। ਦਿਸ਼ਿਕਾ ਸੂਰੀ-ਉਪਨੀਤ ਕੌਰ ਅਤੇ ਅਮੇਲੀਆ ਭਾਕੂ-ਅਨੰਨਿਆ ਨਿਝਾਵਨ ਦੀਆਂ ਜੋੜੀਆਂ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ।
ਪੁਰਸ਼ ਡਬਲਜ਼ ਵਿੱਚ ਅਰਿਆਨ ਅਜੀ ਅਤੇ ਸਿਆਮ ਪ੍ਰਸਾਦ ਉਦਯਕੁਮਾਰ ਨੇ ਖਿਤਾਬ ਜਿੱਤਿਆ, ਜਦਕਿ ਅਨਿਸ਼ ਭਾਰਦਵਾਜ ਅਤੇ ਮ੍ਰਿਦੁਲ ਝਾ ਉਪ ਜੇਤੂ ਰਹੇ।
ਸਮਾਗਮ ਵਿੱਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਰਾਕੇਸ਼ ਖੰਨਾ, ਹਰਪ੍ਰੀਤ ਸਿੰਘ, ਧੀਰਜ ਸ਼ਰਮਾ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਸਮੇਤ ਹੋਰ ਅਹੁਦੇਦਾਰ ਅਤੇ ਖਿਡਾਰੀ ਮੌਜੂਦ ਸਨ।
- Download Babushahi App
-
-