Punjab News- ਰਾਈਸ ਮਿੱਲ 'ਚ ਹਾਦਸਾ: ਡੂੰਘੀ ਖੂਹੀ 'ਚ ਡਿੱਗੇ 3 ਮਜ਼ਦੂਰ
ਬਾਬੂਸ਼ਾਹੀ ਬਿਊਰੋ
ਸੁਲਤਾਨਪੁਰ ਲੋਧੀ 16 ਅਗਸਤ 2026:
ਸੁਲਤਾਨਪੁਰ ਲੋਧੀ-ਜੱਬੋਵਾਲ ਮਾਰਗ 'ਤੇ ਸਥਿਤ ਇਕ ਰਾਈਸ ਮਿੱਲ ਵਿੱਚ ਖੂਹੀ ਦੀ ਖੁਦਾਈ ਦੌਰਾਨ ਅਚਾਨਕ ਸੰਤੁਲਨ ਵਿਗੜਨ ਕਾਰਨ 3 ਮਜ਼ਦੂਰ 25 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਮਿੱਲ ਵਿੱਚ ਕਰੀਬ 5 ਫੁੱਟ ਚੌੜੀ ਅਤੇ 25 ਫੁੱਟ ਡੂੰਘੀ ਖੂਹੀ ਪੁੱਟਣ ਦਾ ਕੰਮ ਕਰ ਰਹੇ ਸਨ। ਮੌਕੇ 'ਤੇ ਅਚਾਨਕ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਰਾਹਤ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੇ ਗਏ ਬਚਾਅ ਕਾਰਜਾਂ ਤੋਂ ਬਾਅਦ ਕਾਫ਼ੀ ਮੁਸ਼ੱਕਤ ਨਾਲ ਤਿੰਨਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰ ਅਰਪਨ ਸੰਗਰ ਨੇ ਦੱਸਿਆ ਕਿ ਤਿੰਨਾਂ ਮਜ਼ਦੂਰਾਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹਨ।
ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਰੋੜੀ ਦੇ ਰਹਿਣ ਵਾਲੇ ਹਨ। ਪੀੜਤ ਮਜ਼ਦੂਰਾਂ ਦੇ ਸਾਥੀ ਗੁਰਸੇਵਕ ਸਿੰਘ ਅਤੇ ਡਿਊਟੀ ਅਫ਼ਸਰ ਮਹਾਂਵੀਰ ਸਿੰਘ ਅਨੁਸਾਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕੀਤੀ ਗਈ ਤੁਰੰਤ ਕਾਰਵਾਈ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ।
- Download Babushahi App
-
-