ਪਾਰਲੀਮੈਂਟ ਵਿੱਚ ਪੰਜਾਬ ਦੇ ਅਹਿਮ ਮੁੱਦੇ ਉਠਾਉਣ ਤੋਂ ਰਹਿ ਗਏ
*ਸੰਤ ਸੀਚੇਵਾਲ ਨੇ ਸਿੱਖ ਭਾਈਚਾਰੇ ਦੀਆਂ ਦੋ ਸਖਸ਼ੀਅਤਾਂ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ*
*ਸਦਨ ਨਾ ਚੱਲਣ ਕਾਰਨ ਦੇਸ਼ ਦੇ ਲੋਕਾਂ ਦਾ ਪੈਸਾ ਹੋ ਰਿਹਾ ਬਰਬਾਦ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਅਗਸਤ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਦੇ ਸਮਾਪਤ ਹੋਏ ਮੌਨਸੂਨ ਸ਼ੈਸ਼ਨ ‘ਤੇ ਟਿੱਪਣੀ ਕਰਦਿਆ ਕਿਹਾ ਕਿ ਸ਼ੈਸ਼ਨ ਨੇ ਨਿਰਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਇਸ ਸਦਨ ਦੇ ਵਾਰ-ਵਾਰ ਠੱਪ ਰਹਿਣ ਕਾਰਨ ਪੰਜਾਬ ਨਾਲ ਸਬੰਧਤ ਕਈ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਪਾਰਲੀਮੈਂਟ ਵਿੱਚ ਉਠਾਉਣ ਤੋਂ ਰਹਿ ਗਏ। ਉਨ੍ਹਾਂ ਕਿਹਾ ਕਿ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਣ ਨਾਲ ਜਿੱਥੇ ਲੋਕਤੰਤਰਿਕ ਪ੍ਰਕਿਿਰਆ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਦੇਸ਼ ਦੇ ਲੋਕਾਂ ਦਾ ਕੀਮਤੀ ਪੈਸਾ ਵੀ ਬਰਬਾਦ ਹੋ ਰਿਹਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੌਨਸੂਨ ਸੈਸ਼ਨ ਦੌਰਾਨ ਕੁੱਲ 20 ਸਵਾਲ ਪੁੱਛੇ, ਜਿਨ੍ਹਾਂ ਵਿੱਚ ਜ਼ਿਆਦਾਤਰ ਲਿਖਤੀ ਸਵਾਲ ਸਨ। ਦੋ ਸਵਾਲ ਜ਼ੁਬਾਨੀ ਤੌਰ ’ਤੇ ਪੁੱਛੇ ਜਾਣੇ ਸਨ, ਪਰ ਸਦਨ ਦੀ ਕਾਰਵਾਈ ਨਾ ਚੱਲ ਸਕਣ ਕਾਰਨ ਇਹ ਵੀ ਨਹੀਂ ਪੁੱਛੇ ਜਾ ਸਕੇ। ਉਨ੍ਹਾਂ ਵੱਲੋਂ 13 ਕੇਂਦਰੀ ਮੰਤਰਾਲਿਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਤੇ ਸਵਾਲ ਪੁੱਛੇ ਗਏ ਸੀ।
ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖ ਕੌਮ ਦੀਆਂ ਦੋ ਮਹਾਨ ਸਖ਼ਸ਼ੀਅਤਾਂ ਭਾਈ ਘੱਨਈਆ ਜੀ ਅਤੇ ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਦੀਆਂ ਨਿਸ਼ਕਾਮ ਮਨੁੱਖੀ ਸੇਵਾਵਾਂ ਦੇ ਮੱਦੇਨਜ਼ਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕਰਨ ਦੀ ਮੰਗ ਵੀ ਗੰਭੀਰਤਾ ਨਾਲ ਉਠਾਈ। ਇਸ ਤੋਂ ਇਲਾਵਾ ਸਪੈਸ਼ਲ ਮੈਂਸ਼ਨ ਰਾਹੀਂ ਛੋਟੀਆਂ ਨਦੀਆਂ ਅਤੇ ਕੁਦਰਤੀ ਸੋਰਤਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ ਦਾ ਮੁੱਦਾ ਵੀ ਪਾਰਲੀਮੈਂਟ ਵਿੱਚ ਰੱਖਿਆ ਗਿਆ।
ਪਾਰਲੀਮੈਂਟ ਦੀ ਕਾਰਗੁਜ਼ਾਰੀ ’ਤੇ ਚਿੰਤਾ ਜ਼ਾਹਰ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਲਗਭਗ 36 ਘੰਟੇ ਹੀ ਕੰਮ ਹੋ ਸਕਿਆ, ਜੋ ਕੁੱਲ ਨਿਰਧਾਰਤ ਸਮੇਂ ਦਾ ਕਰੀਬ 33 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੇ ਨਾ ਚੱਲਣ ਕਾਰਨ ਦੇਸ਼ ਦੇ ਲੋਕਾਂ ਦਾ ਪੈਸਾ ਬਰਬਾਦ ਹੋ ਰਿਹਾ ਹੈ, ਪਰ ਇਸ ਗੰਭੀਰ ਮਸਲੇ ਪ੍ਰਤੀ ਕਿਸੇ ਦੇ ਚਿਹਰੇ ’ਤੇ ਕੋਈ ਸ਼ਿਕਨ ਨਜ਼ਰ ਨਹੀਂ ਆ ਰਹੀ।
ਸੰਤ ਸੀਚੇਵਾਲ ਨੇ ਪਾਰਲੀਮੈਂਟ ਦੇ ਪਹਿਲੇ ਹੀ ਦਿਨ 20 ਜੁਲਾਈ ਨੂੰ ਜ਼ੈਨ-ਜੀ ਵੱਲੋਂ ਕੀਤੇ ਗਏ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਆਪਣੇ ਹੀ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਹਿਚਕਚਾਹਟ ਕਿਉਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਲਾਠੀਚਾਰਜ, ਗੋਲੀਬਾਰੀ ਅਤੇ ਹੰਝੂ ਗੈਸ ਦੀ ਵਰਤੋਂ ਤੋਂ ਇਲਾਵਾ ਲੜਕੀਆਂ ਨਾਲ ਕਥਿਤ ਦੁਰਵਿਵਹਾਰ ਦੀਆਂ ਘਟਨਾਵਾਂ ਵੀ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਨੌਜਵਾਨਾਂ ਨਾਲ ਸੰਵਾਦ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਹਨ, ਨਾ ਕਿ ਸਖ਼ਤੀ ਨਾਲ।
ਰੂਸ ਵਿੱਚ ਫਸੇ ਭਾਰਤੀ ਨੌਜਵਾਨਾਂ ਦੇ ਮੁੱਦੇ ਬਾਰੇ ਸੰਤ ਸੀਚੇਵਾਲ ਨੇ ਦੱਸਿਆ ਕਿ 23 ਜੁਲਾਈ ਨੂੰ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਉਣਾ ਸੀ, ਪਰ ਸਦਨ ਵਿੱਚ ਰੌਲੇ-ਰੱਪੇ ਕਾਰਨ ਕਾਰਵਾਈ ਨਹੀਂ ਚੱਲ ਸਕੀ। ਇਸੇ ਤਰ੍ਹਾਂ ਦਰਿਆਵਾਂ ਅਤੇ ਡੈਮਾਂ ਵਿੱਚ ਜਮ੍ਹਾਂ ਹੋ ਰਹੀ ਸਿਲਟ ਨੂੰ ਹਟਾਉਣ ਅਤੇ ਇਸ ਸਬੰਧੀ ਕੌਮੀ ਨੀਤੀ ਬਣਾਉਣ ਦਾ ਮੁੱਦਾ ਤਿੰਨ ਵਾਰ ਸਿਫ਼ਰ ਕਾਲ ਲਈ ਸੂਚੀਬੱਧ ਹੋਇਆ, ਪਰ ਹਰ ਵਾਰ ਸਦਨ ਦੀ ਕਾਰਵਾਈ ਵਿੱਚ ਵਿਘਨ ਪੈਣ ਕਾਰਨ ਇਸ ਨੂੰ ਉਠਾਇਆ ਨਹੀਂ ਜਾ ਸਕਿਆ।
ਸੰਤ ਸੀਚੇਵਾਲ ਨੇ ਕਿਹਾ ਕਿ ਪਾਰਲੀਮੈਂਟ ਲੋਕਾਂ ਦੇ ਮੁੱਦੇ ਉਠਾਉਣ ਅਤੇ ਸਰਕਾਰ ਤੋਂ ਜਵਾਬਦੇਹੀ ਯਕੀਨੀ ਬਣਾਉਣ ਦਾ ਸਭ ਤੋਂ ਵੱਡਾ ਮੰਚ ਹੈ। ਇਸ ਲਈ ਸਾਰੇ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲਣ ਦੇਣ, ਤਾਂ ਜੋ ਪੰਜਾਬ ਸਮੇਤ ਦੇਸ਼ ਭਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਾਰਲੀਮੈਂਟ ਵਿੱਚ ਉਠਾਇਆ ਜਾ ਸਕੇ।
- Download Babushahi App
-
-