ਸਿੱਖ ਪੰਥ ਦੇ ਧਾਰਮਿਕ ਫ਼ੈਸਲੇ ਸਿਰਫ਼ ਗੁਰੂ ਪੰਥ ਦੀ ਮਰਯਾਦਾ ਅਨੁਸਾਰ ਹੀ ਹੋਣਗੇ: ਗਿਆਨੀ ਕੁਲਦੀਪ ਸਿੰਘ ਗੜਗੱਜ
ਮੀਰੀ-ਪੀਰੀ ਖਾਲਸਾ ਮਾਰਚ ਦਾ ਮਕਸਦ ਪੰਥ ਨੂੰ ਇਕਜੁੱਟ ਕਰਨਾ ਅਤੇ ਸਿੱਖੀ ਨਾਲ ਜੋੜਨਾ -ਐਡਵੋਕੇਟ ਧਾਮੀ
ਸੱਤਵੇਂ ਦਿਨ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਮੀਰੀ ਪੀਰੀ ਖਾਲਸਾ ਮਾਰਚ
ਫਿਰੋਜ਼ਪੁਰ/ਅੰਮ੍ਰਿਤਸਰ 30 ਜੁਲਾਈ 2026- ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਸਦੀਵੀ ਅਤੇ ਸਰਵਉੱਚ ਅਸਥਾਨ ਹੈ। ਇਸ ਨਾਲ ਟਕਰਾਉਣ ਵਾਲੇ ਕਦੇ ਕਾਮਯਾਬ ਨਹੀਂ ਹੋਏ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਅੱਜ ਹਨ, ਕੱਲ੍ਹ ਨਹੀਂ ਰਹਿਣੀਆਂ, ਪਰ ਗੁਰੂ ਦਾ ਤਖ਼ਤ ਸਦਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਧਾਰਮਿਕ ਅਤੇ ਅੰਦਰੂਨੀ ਮਾਮਲਿਆਂ ਦਾ ਫ਼ੈਸਲਾ ਕੇਵਲ ਗੁਰੂ ਪੰਥ ਦੀ ਪਰੰਪਰਾ ਅਤੇ ਮਰਯਾਦਾ ਅਨੁਸਾਰ ਹੀ ਹੋ ਸਕਦਾ ਹੈ। ਕਿਸੇ ਵੀ ਸਰਕਾਰ ਨੂੰ ਇਹ ਅਧਿਕਾਰ ਨਹੀਂ ਕਿ ਉਹ ਇਹ ਤੈਅ ਕਰੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕਿੱਥੇ ਸੁਸ਼ੋਭਿਤ ਹੋਵੇ ਜਾਂ ਕਿੱਥੇ ਨਾ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਪ੍ਰਤੀ ਕਾਨੂੰਨ ਆਪਣਾ ਕੰਮ ਕਰੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਮਿਲੇ, ਪਰ ਸਰਕਾਰ ਦਾ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਸਿੱਖ ਕੌਮ ਕਦੇ ਵੀ ਸਵੀਕਾਰ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਧਰਮ ਸ਼ਰਧਾ ਅਤੇ ਵਿਸ਼ਵਾਸ ਦਾ ਵਿਸ਼ਾ ਹੈ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕੌਮ ਨੇ ਆਪਣੇ ਧਰਮ ਦੀ ਆਜ਼ਾਦੀ ਅਤੇ ਮਰਯਾਦਾ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ, ਪਰ ਕਿਸੇ ਦਬਾਅ ਅੱਗੇ ਕਦੇ ਸਿਰ ਨਹੀਂ ਝੁਕਾਇਆ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਮਕਸਦ ਵੀ ਸੰਗਤ ਨੂੰ ਗੁਰੂ ਨਾਲ ਜੋੜਨਾ, ਸਿੱਖੀ ਸਿਧਾਂਤਾਂ ਨੂੰ ਮਜ਼ਬੂਤ ਕਰਨਾ ਅਤੇ ਕੌਮ ਵਿੱਚ ਏਕਤਾ ਦਾ ਸੰਦੇਸ਼ ਦੇਣਾ ਹੈ। ਉਨ੍ਹਾਂ ਵੱਖ ਵੱਖ ਥਾਵਾਂ `ਤੇ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਪੋਸਟਰ ਫੜ੍ਹ ਕੇ ਖੜ੍ਹੇ ਨੌਜਵਾਨਾਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਥ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਨੌਜਵਾਨਾਂ ਅੰਦਰ ਵੱਡਾ ਗੁੱਸਾ ਹੈ। ਉਨ੍ਹਾਂ ਕਿਹਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਇਸ ਦੇ ਹਰ ਆਦੇਸ਼ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਬਦਾਲੀ ਆਇਆ, ਨਾਦਰ ਸ਼ਾਹ ਆਇਆ ਅਤੇ ਹੋਰ ਅਨੇਕਾਂ ਹਮਲਾਵਰ ਆਏ ਤੇ ਚਲੇ ਗਏ, ਪਰ ਗੁਰੂ ਦਾ ਪੰਥ ਅਡੋਲ ਖੜ੍ਹਾ ਰਿਹਾ। ਉਨ੍ਹਾਂ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਵੀ ਪ੍ਰੇਰਨਾ ਕੀਤੀ।
ਖਾਲਸਾ ਮਾਰਚ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ। ਇਸ ਸਿਧਾਂਤ ਨੇ ਸਪਸ਼ਟ ਕੀਤਾ ਕਿ ਰਾਜਸੱਤਾ ਧਰਮ ਦੇ ਅਧੀਨ ਰਹੇਗੀ। ਇਸੇ ਕਰਕੇ ਅੱਜ ਵੀ ਸਿੱਖ ਪੰਥ ਵਿੱਚ ਸਭ ਤੋਂ ਉੱਚਾ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈ ਅਤੇ ਵੱਡੀ ਤੋਂ ਵੱਡੀ ਸ਼ਖਸੀਅਤ ਵੀ ਇੱਥੇ ਆ ਕੇ ਆਪਣਾ ਸੀਸ ਨਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਨੌਤੀ ਦੇਵੇ ਖਾਲਸਾ ਪੰਥ ਇਹ ਕਦੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹੀਏ ਅਤੇ ਆਪਣੇ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਜੋੜੀਏ। ਇਹੋ ਮੀਰੀ ਪੀਰੀ ਖਾਲਸਾ ਮਾਰਚ ਦਾ ਮਕਸਦ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ, ਕੌਮੀ ਏਕਤਾ, ਪੰਥਕ ਚੇਤਨਾ ਅਤੇ ਨੌਜਵਾਨੀ ਨੂੰ ਸਿੱਖ ਵਿਰਸੇ ਨਾਲ ਜੋੜਨ ਦੇ ਮੰਤਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤਾਂ ਅੰਦਰ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਖਾਲਸਾ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਸੱਤਵੇਂ ਦਿਨ ਅੱਜ ਇਹ ਖਾਲਸਾ ਮਾਰਚ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ (ਫਿਰੋਜ਼ਪੁਰ) ਤੋਂ ਅਗਲੇ ਪੜਾਅ ਗੁਰਦੁਆਰਾ ਖ਼ਾਲਸਾ ਦੀਵਾਨ ਫਰੀਦਕੋਟ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਆਰੰਭਤਾ ਸਮੇਂ ਅਰਦਾਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸ਼ੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਭਾਈ।
ਮੀਰੀ ਪੀਰੀ ਖਾਲਸਾ ਮਾਰਚ ਦਾ ਫਿਰੋਜ਼ਪੁਰ ਸ਼ਹਿਰ, ਨੂਰਪੁਰ ਸੇਠਾਂ ਅੱਡਾ, ਰੁਕਣਾ ਬੇਗੂ, ਸਾਈਆਂ ਵਾਲਾ, ਗੋਲੇਵਾਲਾ, ਰਾਜੋਆਣਾ, ਨਵੀਂ ਪਿੱਪਲੀ, ਬਸਤੀ ਨਾਨਕਸਰ, ਸਾਦਿਕ ਚੌਂਕ ਫਰੀਦਕੋਟ, ਘਨ੍ਹਈਆ ਚੌਂਕ, ਘੰਟਾ ਘਰ ਚੌਂਕ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ। ਖ਼ਾਲਸਾ ਮਾਰਚ ਦਾ ਅੱਜ ਰਾਤ ਦਾ ਪੜਾਅ ਗੁਰਦੁਆਰਾ ਗੁਰਦੁਆਰਾ ਖ਼ਾਲਸਾ ਦੀਵਾਨ ਫਰੀਦਕੋਟ ਵਿਖੇ ਹੋਵੇਗਾ, ਜਿਥੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਖ਼ਾਲਸਾ ਮਾਰਚ ਨਾਲ ਚੱਲ ਰਹੀ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਸ਼ਤਰਾਂ ਵਾਲੀ ਬੱਸ ਅਤੇ ਵੱਖ-ਵੱਖ ਗੱਡੀਆਂ ’ਤੇ ਲਗਾਏ ਗਏ ਸ਼ਹੀਦ ਸਿੰਘਾਂ ਦੇ ਸਚਿੱਤਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸ. ਅੰਮ੍ਰਿਤਪਾਲ ਸਿੰਘ ਵੱਲੋਂ ਖ਼ਾਲਸਾ ਮਾਰਚ ’ਤੇ ਫੁੱਲਾਂ ਦੀ ਸੇਵਾ ਕਰਵਾਈ ਗਈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਜਨਮੇਜਾ ਸਿੰਘ ਸੇਖੋਂ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ ਮੈਂਬਰ ਸ. ਦਰਸ਼ਨ ਸਿੰਘ ਸ਼ੇਰਖਾਂ, ਸ. ਪ੍ਰੀਤਮ ਸਿੰਘ ਮਲਸੀਹਾਂ, ਸ. ਸਤਪਾਲ ਸਿੰਘ ਤਲਵੰਡੀ ਭਾਈ, ਸ. ਬਲਵਿੰਦਰ ਸਿੰਘ ਭੰਮਾਂ ਲੰਡਾ, ਸ. ਦਰਸ਼ਨ ਸਿੰਘ ਮੋਠਾਂਵਾਲਾ, ਬੀਬੀ ਪਰਮਿੰਦਰ ਕੌਰ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ. ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਸ. ਸੁਖਪਾਲ ਸਿੰਘ, ਸ. ਵਰਦੇਵ ਸਿੰਘ ਨੋਨੀ ਮਾਨ, ਸ. ਨਗਿੰਦਰ ਸਿੰਘ ਜੰਟੂ, ਸ. ਹਰਦੇਵ ਸਿੰਘ, ਸ. ਜੋਗਿੰਦਰ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਗੁਰਮੇਜ ਸਿੰਘ ਕਾਰਸੇਵਾ ਤਰਨਤਾਰਨ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਗੁਰਮੀਤ ਸਿੰਘ ਮੁਕਤਸਰੀ, ਇੰਚਾਰਜ ਸ. ਗੁਰਪ੍ਰੀਤ ਸਿੰਘ ਰੋਡੇ, ਸ. ਅਵਤਾਰ ਸਿੰਘ, ਐਡੀਸ਼ਨਲ ਮੈਨੇਜਰ ਸ. ਯੁਵਰਾਜ ਸਿੰਘ, ਸ. ਤੇਜਬੀਰ ਸਿੰਘ, ਸ. ਜਸਪਾਲ ਸਿੰਘ, ਇੰਚਾਰਜ ਸ. ਸੁਖਵਿੰਦਰ ਸਿੰਘ, ਬਾਬਾ ਸ਼ਮਸ਼ੇਰ ਸਿੰਘ ਪੰਥ ਅਕਾਲੀ ਤਰਨਾ ਦਲ ਬਟਾਲਾ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਹੈਡ ਪ੍ਰਚਾਰਕ ਭਾਈ ਜਗਦੇਵ ਸਿੰਘ ਮੈਨੇਜਰ ਸ. ਜਗਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
- Download Babushahi App
-
-