ਬਾਬੂਸ਼ਾਹੀ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ; ਫਲੱਡ ਕੰਟਰੋਲ ਰੂਮ ਦਾ ਨੰਬਰ ਵੀ ਕੀਤਾ ਜਾਰੀ
ਸਿੱਧਵਾਂ ਬੇਟ ਖੇਤਰ ਵਿੱਚ ਹੜ੍ਹ ਸਬੰਧੀ ਚਿੰਤਾਵਾਂ ਉੱਠਣ ਮਗਰੋਂ ਪ੍ਰਸ਼ਾਸਨ ਨੇ ਸ਼ੁਰੂ ਕੀਤੀਆਂ ਤਿਆਰੀਆਂ
ਦੀਪਕ ਜੈਨ, ਜਗਰਾਉਂ:
ਸਤਲੁਜ ਦਰਿਆ ਦੇ ਵੱਧਦੇ ਜਲ ਪੱਧਰ ਅਤੇ ਸੰਭਾਵਿਤ ਹੜ੍ਹ ਦੇ ਖਤਰੇ ਨੂੰ ਲੈ ਕੇ ਸਿੱਧਵਾਂ ਬੇਟ ਖੇਤਰ ਦੇ ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਅਤੇ ਬਾਬੂਸ਼ਾਹੀ ਵਿੱਚ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਸਰਗਰਮ ਨਜ਼ਰ ਆ ਰਿਹਾ ਹੈ। ਖ਼ਬਰ ਵਿੱਚ ਸਥਾਨਕ ਲੋਕਾਂ ਨੇ ਫਲੱਡ ਕੰਟਰੋਲ ਰੂਮ ਦੇ ਸੰਪਰਕ ਨੰਬਰ, ਐਮਰਜੈਂਸੀ ਪ੍ਰਬੰਧਾਂ ਅਤੇ ਕਮਜ਼ੋਰ ਬੰਨ੍ਹਾਂ ਸਬੰਧੀ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ।
ਇਸ ਤੋਂ ਬਾਅਦ ਉਪ ਮੰਡਲ ਪ੍ਰਸ਼ਾਸਨ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਫਲੱਡ ਕੰਟਰੋਲ ਰੂਮ ਦਾ ਨੰਬਰ ਸਾਂਝਾ ਕੀਤਾ ਗਿਆ ਅਤੇ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਹੁਣ ਉਪ ਮੰਡਲ ਮੈਜਿਸਟਰੇਟ ਬਾਦਲ ਦੀਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਸਬ ਡਵੀਜ਼ਨ ਜਗਰਾਉਂ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਫੋਨ ਨੰਬਰ 01624-223226 ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਅਨੁਸਾਰ ਕੰਟਰੋਲ ਰੂਮ ਵਿੱਚ 24 ਘੰਟੇ ਕਰਮਚਾਰੀ ਤਾਇਨਾਤ ਰਹਿਣਗੇ ਅਤੇ ਖਰਾਬ ਮੌਸਮ, ਭਾਰੀ ਬਾਰਿਸ਼ ਜਾਂ ਹੜ੍ਹ ਦੀ ਸਥਿਤੀ ਵਿੱਚ ਲੋਕ ਤੁਰੰਤ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹਨ।
ਪ੍ਰੈਸ ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਤਲੁਜ ਦਰਿਆ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ ਹੈ, ਸੰਵੇਦਨਸ਼ੀਲ ਥਾਵਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਬੰਧਤ ਵਿਭਾਗਾਂ ਨੂੰ ਹਰ ਵੇਲੇ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਮੇਂ ਸਿਰ ਮੁਕਾਬਲਾ ਕੀਤਾ ਜਾ ਸਕੇ।
- Download Babushahi App
-
-