ਮਾਨਸਾ ਕੈਂਚੀਆਂ ਕੋਲ ਬੋਹੜ ਦੇ ਪੁਰਾਤਨ ਦਰਖਤਾਂ ਨੂੰ ਬਚਾਉਣ ਲਈ DFO ਨੂੰ ਦਿੱਤਾ ਮੰਗ ਪੱਤਰ
ਅਸ਼ੋਕ ਵਰਮਾ
ਮਾਨਸਾ, 30 ਜੁਲਾਈ 2026: ਸ਼ਹਿਰ ਦੇ ਵਾਤਾਵਰਨ ਅਤੇ ਇਤਿਹਾਸਕ ਵਿਰਸੇ ਦੀ ਸੰਭਾਲ ਲਈ 21 ਮੈਂਬਰੀ ਕਮੇਟੀ, ਮਾਨਸਾ ਵੱਲੋਂ ਅੱਜ ਡਵੀਜ਼ਨਲ ਫਾਰੈਸਟ ਅਫਸਰ (DFO) ਮਾਨਸਾ ਸ੍ਰੀ ਪਵਨ ਸ੍ਰੀਧਰ ਨੂੰ ਇੱਕ ਲਿਖਤੀ ਮੰਗ-ਪੱਤਰ ਸੌਂਪਿਆ ਗਿਆ। ਇਸ ਮੰਗ-ਪੱਤਰ ਰਾਹੀਂ ਮਾਨਸਾ ਕੈਂਚੀਆਂ 'ਤੇ ਸਥਿਤ ਦੋ ਪੁਰਾਤਨ ਬੋਹੜ ਦੇ ਦਰੱਖਤਾਂ ਨੂੰ ਸੁਨਾਮ–ਬਠਿੰਡਾ ਫੋਰ ਲੇਨ ਸੜਕ ਅਤੇ ਬਣ ਰਹੇ ਫਲਾਈਓਵਰ ਪ੍ਰੋਜੈਕਟ ਦੌਰਾਨ ਪੁੱਟਣ ਤੋਂ ਬਚਾਉਣ ਦੀ ਅਪੀਲ ਕੀਤੀ ਗਈ।ਕਮੇਟੀ ਨੇ ਕਿਹਾ ਕਿ ਇਹ ਬੋਹੜ ਦੇ ਦਰੱਖਤ ਸਾਲਾਂ ਤੋਂ ਰਾਹਗੀਰਾਂ ਅਤੇ ਸਵਾਰੀਆਂ ਨੂੰ ਛਾਂ ਪ੍ਰਦਾਨ ਕਰ ਰਹੇ ਹਨ ਅਤੇ ਇਨ੍ਹਾਂ ਦੀ ਇਤਿਹਾਸਕ, ਸਮਾਜਿਕ ਅਤੇ ਵਾਤਾਵਰਨਕ ਮਹੱਤਤਾ ਬੇਮਿਸਾਲ ਹੈ। ਅਜਿਹੇ ਪੁਰਾਤਨ ਦਰੱਖਤਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ।
ਕਮੇਟੀ ਨੇ DFO ਨੂੰ ਅਪੀਲ ਕੀਤੀ ਕਿ ਇਨ੍ਹਾਂ ਦਰੱਖਤਾਂ ਨੂੰ ਕੱਟਣ ਜਾਂ ਪੁੱਟਣ ਲਈ ਕਿਸੇ ਵੀ ਤਰ੍ਹਾਂ ਦੀ ਐੱਨ.ਓ.ਸੀ. (NOC) ਜਾਰੀ ਨਾ ਕੀਤੀ ਜਾਵੇ ਅਤੇ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣ।ਇਸ ਮੌਕੇ 21 ਮੈਂਬਰੀ ਕਮੇਟੀ ਦੇ ਮੈਂਬਰ ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਪ੍ਰੇਮ ਕੁਮਾਰ ਅਰੋੜਾ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਡਾ. ਧੰਨਾ ਮਲ ਗੋਇਲ, ਚਮਕੌਰ ਸਿੰਘ ਮੂਸਾ, ਹਰਵਿੰਦਰ ਭਰਦਵਾਜ਼ ਅਤੇ ਸਮੀਰ ਛਾਬੜਾ (ਸੀਨੀਅਰ ਆਗੂ ਭਾਜਪਾ) ਹਾਜ਼ਰ ਸਨ।
ਡਵੀਜ਼ਨਲ ਫਾਰੈਸਟ ਅਫਸਰ ਪਵਨ ਸ੍ਰੀਧਰ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਫੋਰ ਲੇਨ ਸੜਕ ਅਤੇ ਫਲਾਈਓਵਰ ਪ੍ਰੋਜੈਕਟ ਦੌਰਾਨ ਆਉਣ ਵਾਲੇ ਪੁਰਾਤਨ ਬੋਹੜ ਅਤੇ ਪਿੱਪਲ ਵਰਗੇ ਕੀਮਤੀ ਦਰੱਖਤਾਂ ਨੂੰ ਬਚਾਉਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਸਬੰਧਿਤ ਵਿਭਾਗਾਂ ਨੂੰ ਜਾਰੀ ਕੀਤੀਆਂ ਜਾਣਗੀਆਂ ਅਤੇ ਜਦੋਂ ਵੀ ਇਸ ਮਾਮਲੇ ਨਾਲ ਸੰਬੰਧਿਤ ਕੋਈ ਪਰਮਿਸ਼ਨ ਉਨ੍ਹਾਂ ਦੇ ਵਿਭਾਗ ਕੋਲ ਆਵੇਗੀ ਤਾਂ 21 ਮੈਂਬਰੀ ਕਮੇਟੀ ਵੱਲੋਂ ਉਠਾਏ ਗਏ ਸਾਰੇ ਨੁਕਤਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।
- Download Babushahi App
-
-