Political Special ਮਲੂਕਾ ਦੇ ਗੜ੍ਹ ’ਚ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਧੋਬੀ ਪਟਕਾ
ਮਾਮਲਾ ਨਗਰ ਪੰਚਾਇਤ ਭਗਤਾ ਭਾਈ ਦੀ ਪ੍ਰਧਾਨਗੀ ਦਾ
ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2026 : ਨਗਰ ਨਿਗਮ ਬਠਿੰਡਾ ’ਚ ਮਹਿਤਾ ਪ੍ਰੀਵਾਰ ਵਾਲਾ ਇਤਿਹਾਸ ਦੁਰਹਾਉਂਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਜਿਲ੍ਹੇ ਦੇ ਕਸਬਾ ਭਗਤਾ ਭਾਈ ’ਚ ਸ਼੍ਰੋਮਣੀ ਅਕਾਲੀ ਦਲ ਦਾ ਬਹੁਮੱਤ ਹੋਣ ਦੇ ਬਾਵਜੂਦ ਹਾਕਮ ਧਿਰ ਆਮ ਆਦਮੀ ਪਾਰਟੀ ਆਪਣੇ ਇਕਲੌਤੇ ਕੌਂਸਲਰ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਬਨਾਉਣ ਅਤੇ ਮਲੂਕਾ ਨੂੰ ਸਿਆਸੀ ਧੋਬੀ ਪਟਕਾ ਮਾਰਨ ’ਚ ਸਫਲ ਹੋ ਗਈ ਹੈ। ਇਸ ਨਗਰ ਪੰਚਾਇਤ ’ਚ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ’ਤੇ ਕਾਂਗਰਸ ਨੇ ਕਬਜਾ ਜਮਾਇਆ ਹੈ। ਇੱਥੇ ਇਹ ਵੀ ਜਿਕਰ ਕਰਨਾ ਕਿਸੇ ਦਿਲਚਸਪੀ ਤੋਂ ਘੱਟ ਨਹੀਂ ਹੋਵੇਗਾ ਕਿ ਸਾਬਕਾ ਮੰਤਰੀ ਮਲੂਕਾ ਦਾ ਰਾਹ ਡੱਕਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਮੋਰੀ ਨਿਕਲ ਗਈਆਂ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਕੌਂਸਲਰਾਂ ਵੱਲੋਂ ਮੀਟਿੰਗ ਤੋਂ ਗੈਰਹਾਜ਼ਰ ਰਹਿਣ ਨੇ ਬਚਿਆ ਖੁਚਿਆ ਰਾਹ ਪੱਧਰਾ ਕੀਤਾ ਹੈ।
ਗੈਰਹਾਜ਼ਰ ਹਾਜ਼ਰ ਰਹਿਣ ਵਾਲੇ ਕੌਂਸਲਰਾਂ ’ਚ ‘ ਸਿਕੰਦਰ ਸਿੰਘ ਮਲੂਕਾ ’ ਦੀ ਮੁੱਛ ਦਾ ਵਾਲ ਸਮਝਿਆ ਜਾਂਦਾ ਅਕਾਲੀ ਕੌਂਸਲਰ ਮਨਜੀਤ ਸਿੰਘ ਧੁੰਨਾ ਵੀ ਸ਼ਾਮਲ ਹੈ ਜਿਸ ਨੂੰ ਲੈਕੇ ਨਵੇਂ ਚੁੰਝ ਚਰੇ ਛਿੜ ਗਏ ਹਨ।। ਦਰਅਸਲ ਚੋਣਾਂ ਦੌਰਾਨ ਭਗਤਾ ਭਾਈ ਦੇ 13 ਵਾਰਡਾਂ ਚੋਂ 7 ਵਿੱਚ ਅਕਾਲੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸ ਮੌਕੇ ਕਾਂਗਰਸ ਦੇ 5 ਕੌਂਸਲਰ ਚੋਣ ਜਿੱਤੇ ਸਨ ਜਦੋਂਕਿ ਆਮ ਆਦਮੀ ਪਾਰਟੀ ਦਾ ਇੱਕ ਹੀ ਉਮੀਦਵਾਰ ਜਗਸੀਰ ਸਿੰਘ ਉਰਫ ਸੀਰਾ ਪੰਨੂੰ ਕਰੜੀ ਟੱਕਰ ਦੌਰਾਨ ਮਸਾਂ 17 ਵੋਟਾਂ ਨਾਲ ਜਿੱਤ ਸਕਿਆ ਸੀ। ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਚੋਣ ਕਰਵਾਉਣ ਲਈ ਅੱਜ ਦੀ ਮੀਟਿੰਗ ਰੱਖੀ ਹੋਈ ਸੀ । ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਬੂਟਾ ਸਿੰਘ ਸਿੱਧੂ ਸਮੇਤ ਸਮੂਹ ਸਿਆਸੀ ਪਾਰਟੀਆਂ ਨੇ ਅੰਦਰੋ ਅੰਦਰੀ ਸਰਗਰਮੀਆਂ ਵਿੱਢੀਆਂ ਹੋਈਆਂ ਸਨ।
.jpg)
ਜਾਣਕਾਰੀ ਅਨੁਸਾਰ ਸਾਬਕਾ ਮੰਤਰੀ ਮਲੂਕਾ ਨੇ ਵੀ ਅਕਾਲੀ ਕੌਂਸਲਰਾਂ ਅਤੇ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਰਣਨੀਤੀ ਘੜ ਲਈ ਸੀ । ਇਸੇ ਦੌਰਾਨ ਜਦੋਂ ਪ੍ਰਧਾਨ ਦੀ ਚੋਣ ਕਰਨ ਦਾ ਅਮਲ ਸ਼ੁਰੂ ਹੋਇਆ ਤਾਂ ਅਚਾਨਕ ਮਨਜੀਤ ਸਿੰਘ ਧੁੰਨਾ ਸਮੇਤ ਤਿੰਨ ਅਕਾਲੀ ਕੌਂਸਲਰ ਮੀਟਿੰਗ ਚੋਂ ਉੱਠਕੇ ਚਲੇ ਗਏ। ਇਸ ਮੌਕੇ ਹਾਜ਼ਰ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਦੇ ਇੱਕੋ ਇੱਕ ਕੌਂਸਲਰ ਜਗਸੀਰ ਸਿੰਘ ਸੀਰਾ ਪੰਨੂ ਨੂੰ ਨਗਰ ਪੰਚਾਇਤ ਭਗਤਾ ਭਾਈ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਕਾਂਗਰਸ ਦੇ ਵਾਰਡ ਨੰਬਰ 10 ਤੋਂ ਕੌਂਸਲਰ ਲਖਵੀਰ ਸਿੰਘ ਲੱਖਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 4 ਤੋਂ ਕੌਂਸਲਰ ਗੁਰਪ੍ਰੀਤ ਸਿੰਘ ਘਾਰੂ ਦੀ ਮੀਤ ਪ੍ਰਧਾਨ ਵਜੋਂ ਚੋਣ ਕੀਤੀ ਗਈ। ਚੋਣ ਦੇ ਵਿਰੋਧ ’ਚ ਅਕਾਲੀ ਆਗੂਆਂ ਅਤੇ ਸਮਰਥਕਾਂ ਨੇ ਨਾਅਰੇਬਾਜੀ ਕੀਤੀ ਅਤੇ ਰੋਸ ਜਤਾਇਆ ਜਦੋਂਕਿ ‘ਆਪ’ ਵਰਕਰਾਂ ਨੇ ਸ਼ਹਿਰ ’ਚ ਜੇਤੂ ਜਲੂਸ ਕੱਢਿਆ।
ਜਿੰਨੇਂ ਮੂੰਹ ਓਨੀਆਂ ਗੱਲਾਂ
ਅਕਾਲੀ ਕੌਂਸਲਰਾਂ ਵੱਲੋਂ ਇੰਜ ਹਾਕਮ ਧਿਰ ਦੇ ਹੱਕ ’ਚ ਭੁਗਤਣ ਨੂੰ ਲੈਕੈ ਸਿਆਸੀ ਅਤੇ ਸਮਾਜਿਕ ਹਲਕਿਆਂ ’ਚ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਹਨ। ਕੋਈ ਇਸ ਨੂੰ ਚੋਣਾਂ ਮੌਕੇ ਭਗਤਾ ਭਾਈ ਦੇ ਇੱਕ ਸੀਨੀਅਰ ਅਕਾਲੀ ਆਗੂ ਵੱਲੋਂ ਆਪਣੀ ਪਾਰਟੀ ਦੇ ਇੱਕ ਉਮੀਦਵਾਰ ਦੀ ਨਿੱਠਕੇ ਕੀਤੀ ਵਿਰੋਧਤਾ ਦਾ ਸਿੱਟਾ ਦੱਸ ਰਿਹਾ ਹੈ ਜਦੋਂਕਿ ਕੁੱਝ ਇਸ ਨੂੰ ਚਾਂਦੀ ਦੀ ਜੁੱਤੀ ਦਾ ਚਮਤਕਾਰ ਦੱਸ ਰਹੇ ਹਨ। ਕਈਆਂ ਨੇ ਇਸ ਪਿੱਛੇ ਹਾਕਮ ਧਿਰ ਵੱਲੋਂ ਪਾਏ ਕਥਿਤ ਦਬਾਅ ਨੂੰ ਜਿੰਮੇਵਾਰ ਦੱਸਿਆ ਹੈ। ਹਾਲਾਂਕਿ ਦੋ ਹੋਰ ਅਕਾਲੀ ਕੌਂਸਲਰ ਆਪਣੀ ਪਾਰਟੀ ਦੇ ਉਲਟ ਭੁਗਤੇ ਹਨ ਪਰ ਸਭ ਤੋਂ ਵੱਧ ਚਰਚਾ ਮਲੂਕਾ ਸਮਰਥਕ ਅਕਾਲੀ ਕੌਂਸਲਰ ਮਨਜੀਤ ਸਿੰਘ ਧੁੰਨਾ ਦੇ ਪੈਂਤੜੇ ਦੀ ਹੋ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਮਨਜੀਤ ਸਿੰਘ ਨੇ ਫੋਨ ਨਹੀਂ ਚੁੱਕਿਆ।
ਮਲੂਕਾ ਨੇ ਫੋਨ ਨਹੀਂ ਚੁੱਕਿਆ
ਇਸ ਹਾਰ ਸਬੰਧ ਕਾਰਨ ਅਤੇ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਸਾਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਫੋਨ ਨਹੀਂ ਚੁੱਕਿਆ। ਓਧਰ ਸ਼ੋਮਣੀ ਅਕਾਲੀ ਦਲ ਦੀ ਕੌਂਸਲਰ ਗੀਤਾ ਰਾਣੀ ਗਰਗ ਦੇ ਪਤੀ ਅਤੇ ਸੀਨੀਅਰ ਅਕਾਲੀ ਆਗੂ ਜਗਮੋਹਨ ਲਾਲ ਦਾ ਕਹਿਣਾ ਸੀ ਕਿ ਵਿਰੋਧੀਆਂ ਨੇ ਨਹੀਂ ਬਲਕਿ ਆਪਣਿਆਂ ਨੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਦਾ ਕੰਮ ਕੀਤਾ ਹੈ।
ਵਿਕਾਸ ਨੂੰ ਪਹਿਲ : ਪਧਾਨ
ਨਵ-ਚੁਣੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂ ਨੇ ਪਾਰਟੀ ਲੀਡਰਸ਼ਿਪ, ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਸਮੂਹ ਕੌਂਸਲਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਭਗਤਾ ਭਾਈ ਦੇ ਸਰਬਪੱਖੀ ਵਿਕਾਸ, ਪਾਰਦਰਸ਼ੀ ਪ੍ਰਸ਼ਾਸ਼ਨ ਤੇ ਲੋਕ ਭਲਾਈ ਕਾਰਜਾਂ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ’ਤੇ ਪੂਰਾ ਉਤਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਗਾ।
ਪਾਰਟੀ ਨੀਤੀਆਂ ’ਤੇ ਮੋਹਰ : ਵਿਧਾਇਕ
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਵੇਂ ਪ੍ਰਧਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਗਰ ਪੰਚਾਇਤ ਨੂੰ ਪੂਰਨ ਸਹਿਯੋਗ ਦਿੱਤਾ ਜਾਏਗਾ ਅਤੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਰਾਮਪੁਰਾ ਹਲਕੇ ’ਚ ਭਗਤਾ ਭਾਈ ਸਮੇਤ ਪੰਜ ਨਗਰ ਪੰਚਾਇਤਾਂ ’ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਹਨ ਜੋ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ ਹੈ।
- Download Babushahi App
-
-