ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ
ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ - ਹਰਭਜਨ ਸਿੰਘ ਈ.ਟੀ.ਓ.
ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਵੱਲੋਂ ਪਾਵਨ ਸ੍ਰੀ ਵਾਲਮੀਕਿ ਤੀਰਥ ਵਿਖੇ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ
ਅੰਮ੍ਰਿਤਸਰ, 11 ਜੁਲਾਈ - ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਨ੍ਹਾਂ ਚੱਲ ਰਹੇ ਵਿਕਾਸ ਕਾਰਜਾਂ ਦਾ ਰੀਵਿਊ ਕਰਨ ਲਈ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ, ਹੋਰ ਸੰਤਾਂ-ਮਹਾਪੁਰਸ਼ਾਂ, ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਸ਼ਰਾਇਨ ਬੋਰਡ ਸ੍ਰੀ ਦਲਵਿੰਦਰਜੀਤ ਸਿੰਘ, ਜੀ.ਐੱਮ. ਮਧੁਰ ਭਾਟੀਆ ਈ.ਟੀ.ਓ. ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦਾ ਰੀਵਿਊ ਕਰਦਿਆਂ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਲਈ 17.72 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਇਹ ਸਾਰੇ ਵਿਕਾਸ ਕਾਰਜ ਤੇਜੀ ਨਾਲ ਜਾਰੀ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਲਈ 17.72 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3.74 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਸਰੋਵਰ ਦੀ ਸਾਫ ਸਫਾਈ ਜਿਸ ਵਿੱਚ ਸਰੋਵਰ ਵਿੱਚੋਂ ਗਾਰ ਕੱਢਣੀ, ਸਾਫ ਰੇਤ ਪਾਉਣੀ ਅਤੇ ਹੋਰ ਵਿਕਾਸ ਕਾਰਜ ਕੀਤੇ ਜਾਣਗੇ। ਇਸ ਤੋਂ ਇਲਾਵਾ ਕਰੀਬ 2.8 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਮੰਦਿਰ ਦੀ ਪੇਟਿੰਗ/ਪਾਲਿਸਿੰਗ ਦਾ ਕੰਮ, ਮੰਦਿਰ ਨੂੰ ਜਾਂਦੇ ਰਸਤੇ ਦੇ ਪਿੱਲਰਾਂ ਦੀ ਮੁਰੰਮਤ ਦਾ ਕੰਮ, ਸੈਂਡ ਸਟੋਨ ਪੱਥਰ ਦੀ ਸਿਲੀਕਾਨ ਕਟਿੰਗ ਦਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਤ ਹਾਲ ਦੇ ਪੱਥਰ ਦੀ ਰਿਪੇਅਰ, ਲੰਗਰ ਹਾਲ, ਸਰਾਂ, ਪੈਨੋਰਮਾ ਸਥਿਤ ਹਾਲ ਦੇ ਪੇਂਟ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਰਧਾਲੂਆਂ ਲਈ ਸਰਾਂ ਵਿੱਚ ਨਵਾਂ ਫਰਨੀਚਰ, ਏ.ਸੀ. ਅਤੇ ਹੋਰ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐੱਸ.ਟੀ.ਪੀ. ਦੀ ਸਮਰੱਥਾ ਨੂੰ ਵਧਾਉਣਾ, ਸਾਰੇ ਬਾਥਰੂਮਾਂ ਦੀ ਮੁਰੰਮਤ, ਨਵੇਂ ਏ.ਸੀ. ਤੇ ਗੀਜਰ, ਫਾਇਰ ਸੇਫਟੀ ਸਿਸਟਮ ਆਦਿ ਦੇ ਕੰਮ ਵੀ ਕਰਵਾਏ ਜਾਣਗੇ ਜਿਸ `ਤੇ ਲੱਗਭੱਗ 5 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਹੋਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਤੀਰਥ ਸਥੱਲ ਦੇ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ।
ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਲਮੀਕਿ ਤੀਰਥ ਦੇ ਸੁੰਦਰੀਕਰਨ ਪ੍ਰੋਜੈਕਟ ਅਤੇ ਹੋਰ ਸਾਰੇ ਵਿਕਾਸ ਕਾਰਜ ਤਹਿ ਸਮੇਂ ਅੰਦਰ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ਵਿੱਚ ਹੋ ਰਹੇ ਸਾਰੇ ਕਾਰਜਾਂ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਜਿੱਥੇ ਇਸ ਪਾਵਨ ਅਸਥਾਨ ਦੀ ਖ਼ੂਬਸੂਰਤੀ ਹੋਰ ਵਧੇਗੀ ਓਥੇ ਇਸ ਨਾਲ ਸੰਗਤਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਭਗਵਾਨ ਵਾਲਮੀਕਿ ਜੀ ਤੀਰਥ ਸਥਲ ਸ਼ਰਾਇਨ ਬੋਰਡ ਦੇ ਐਡਵਾਈਜਰੀ ਬੋਰਡ ਦੇ ਚੇਅਰਮੈਨ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਨੇ ਪਾਵਨ ਸ੍ਰੀ ਵਾਲਮੀਕਿ ਤੀਰਥ ਲਈ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਵ ਪਾਵਨ ਤੀਰਥ ਸਥਲ ਕਰੋੜਾਂ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਇਹ ਸਾਰੇ ਕਾਰਜ ਸ਼ਲਾਘਾਯੋਗ ਹਨ।
ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਾਵਨ ਸ੍ਰੀ ਵਾਲਮੀਕਿ ਤੀਰਥ ਦੇ ਜੋ ਵੀ ਵਿਕਾਸ ਕਾਰਜ ਚੱਲ ਰਹੇ ਹਨ ਉਹ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣ। ਇਸ ਦੇ ਨਾਲ ਹੀ ਉਨ੍ਹਾਂ ਸਰੋਵਰ ਦੀ ਸਫਾਈ ਦੇ ਪ੍ਰੋਜੈਕਟ ਨੂੰ ਵੀ ਪ੍ਰਗਟ ਦਿਵਸ ਤੋਂ ਪਹਿਲਾਂ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਨਿਕਾਸੀ ਦੇ ਪੱਕੇ ਹੱਲ ਲਈ ਪ੍ਰੋਜੈਕਟ ਸ਼ੁਰੂ ਕੀਤਾ ਜਾਵੇ।
==-
- Download Babushahi App
-
-