ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਡਿਪਟੀ ਸਪੀਕਰ ਦੀ ਰਿਹਾਇਸ਼ ਤੇ ਮਾਰਿਆ ਜਾਵੇਗਾ ਧਰਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 03 ਜੁਲਾਈ, 2026- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਨਵਾਂਸ਼ਹਿਰ ਅਤੇ ਬਲਾਕ ਗੜ੍ਹਸ਼ੰਕਰ ਦੀ ਸਾਂਝੀ ਮੀਟਿੰਗ ਕੁਲਦੀਪ ਸਿੰਘ ਦੌੜਕਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜਸ਼ੰਕਰ ਵਿਖੇ ਹੋਈ। ਮੀਟਿੰਗ ਦੌਰਾਨ ਬੁਲਾਰਿਆਂ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਉਲੀਕੇ ਪੰਜਾਬ ਪੱਧਰੀ ਸੰਘਰਸ਼ ਅਨੁਸਾਰ ਮਿਤੀ 7 ਜੁਲਾਈ ਨੂੰ ਨਵਾਂ ਸ਼ਹਿਰ ਅਤੇ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਮਾਰਿਆ ਜਾਵੇਗਾ ਅਤੇ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਚੇਤਾਵਨੀ ਪੱਤਰ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਦਿੱਤਾ ਜਾਵੇਗਾ। ਬੁਲਾਰਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਕੀਤੇ ਚੋਣ ਵਾਅਦਿਆਂ ਉਲਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਬਹੁਤ ਹੀ ਢੀਠਤਾਈ ਵਾਲਾ ਰਵਈਆ ਅਪਣਾਇਆ ਹੋਇਆ ਹੈ। ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਇਸ ਵਰਗ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਮੁੱਖ ਮੰਤਰੀ ਤੇ ਵਿੱਤ ਮੰਤਰੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਲਾਰਿਆਂ ਤੋਂ ਸਿਵਾ ਕੁਝ ਵੀ ਨਹੀਂ ਦਿੱਤਾ। ਸਰਕਾਰ ਵਲੋਂ ਪੇ ਕਮਿਸ਼ਨ ਦੇ ਬਕਾਏ ਘੱਟੇ ਰੋਲ਼ ਦਿੱਤੇ ਗਏ, ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਮੁਲਾਜ਼ਮਾਂ
ਤੇ ਪੈਨਸ਼ਨਰਾਂ ਨੂੰ ਸਭ ਤੋਂ ਘੱਟ ਡੀ. ਏ.ਮਿਲ ਰਿਹਾ ਹੈ ਪਰ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਕੇਂਦਰ ਬਰਾਬਰ ਡੀ= ਏ. ਪ੍ਰਾਪਤ ਕਰ ਰਹੇ ਹਨ, ਪੈਨਸ਼ਨਰਜ ਉੱਤੇ 2.59 ਗੁਣਾਂਕ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ,ਮਾਣ ਭੱਤਾ ਵਰਕਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਸਰਕਾਰੀ ਵਿਭਾਗਾਂ ਨੂੰ ਠੇਕੇਦਾਰੀ ਸਿਸਟਮ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਦੇ ਅਸਲੀ ਮੁੱਦੇ ਹੱਲ ਕਰਨ ਦੀ ਥਾਂ ਲੋਕ ਲੁਭਾਬਣੀਆਂ ਸਕੀਮਾਂ ਲਾਗੂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਰੋਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਜਿਸ ਦਾ ਜਵਾਬ ਇਹ ਵਰਗ ਆਉਣ ਵਾਲੀਆਂ ਚੋਣਾਂ ਵਿੱਚ ਦੇਵੇਗਾ। ਬੁਲਾਰਿਆਂ ਸਮੂਹ ਮੁਲਾਜ਼ਮ ਤੇ ਪੈਨਸ਼ਨਰ ਵਰਗ ਨੂੰ ਇਸ ਧਰਨੇ ਨੂੰ ਸਫਲ ਬਨਾਉਣ ਲਈ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਮੱਖਣ ਸਿੰਘ ਵਾਹਿਦਪੁਰੀ,ਕੁਲਵਿੰਦਰ ਸਿੰਘ ਅਟਵਾਲ,ਮੁਕੇਸ਼ ਕੁਮਾਰ,ਸ਼ਾਮ ਸੁੰਦਰ,ਜੋਗਿੰਦਰ ਸਿੰਘ,ਜਗਦੀਸ਼ ਚੰਦਰ,ਅਸ਼ਵਨੀ ਕੁਮਾਰ,ਗੁਰਨਾਮ ਸਿੰਘ,ਜੀਤ ਸਿੰਘ ਬਗਵਾਈ , ਕਮਲ ਦੇਵ,ਸਤਪਾਲ ਸਿੰਘ,ਜੋਗਾ ਸਿੰਘ, ਰਾਜ ਕੁਮਾਰ,ਪਵਨ ਗੋਇਲ,ਗੁਰਦਿਆਲ ਸਿੰਘ, ਬਲਵੰਤ ਰਾਮ,ਹੰਸ ਰਾਜ,ਅਮਰੀਕ ਸਿੰਘ, ਨਰਿੰਦਰ ਮਹਿਤਾ,ਕੁਲਵਿੰਦਰ ਸਿੰਘ,ਪਰਮਾ ਨੰਦ,ਸ਼ਿੰਗਾਰਾ ਰਾਮ,ਕੁਲਵੰਤ ਸਿੰਘ,ਸੁਰਿੰਦਰ ਹੀਰ ਹਾਜ਼ਿਰ ਸਨ
- Download Babushahi App
-
-