ਹਮਾਂਯੂਪੁਰ ਦੇ ਕ੍ਰੈਸ਼ਰ ਜ਼ੋਨ ਵਿੱਚੋਂ ਲੱਖਾਂ ਰੁਪਏ ਦੀ ਟਰੈਕਟਰ-ਟਰਾਲੀ ਚੋਰੀ
ਹੰਡੇਸਰਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਜੁਲਾਈ 2026: ਹਮਾਂਯੂਪੁਰ ਦੇ ਕ੍ਰੈਸ਼ਰ ਜ਼ੋਨ ਵਿੱਚ ਸਥਿਤ ਦੁਕਾਨਾਂ ਦੇ ਬਾਹਰੋਂ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਕੀਮਤ ਦਾ ਟਰੈਕਟਰ-ਟਰਾਲੀ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਪੀੜਤ ਵੱਲੋਂ ਹੰਡੇਸਰਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਸੰਜੇ ਕੁਮਾਰ ਪੁੱਤਰ ਰਾਜ ਕੁਮਾਰ, ਨਿਵਾਸੀ ਹਮਾਂਯੂਪੁਰ ਨੇ ਦੱਸਿਆ ਕਿ ਮਹਾਵੀਰ ਕ੍ਰੈਸ਼ਰ (ਕ੍ਰੈਸ਼ਰ ਜ਼ੋਨ) ਦੇ ਕੋਲ ਉਸ ਦੀਆਂ ਪੰਜ ਦੁਕਾਨਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕਰਿਆਨੇ ਦੀ, ਇੱਕ ਪੈਂਚਰ ਲਗਾਉਣ ਵਾਲੀ ਅਤੇ ਇੱਕ ਢਾਬਾ ਹੈ। ਉਸ ਨੇ ਦੱਸਿਆ ਕਿ ਰਾਤ ਦੇ ਸਮੇਂ ਕਰੀਬ 2 ਵੱਜ ਕੇ 17 ਮਿੰਟ 'ਤੇ ਇੱਕ ਅਣਪਛਾਤਾ ਚੋਰ ਉੱਥੇ ਖੜ੍ਹਾ ਉਸਦਾ ਅਰਜੁਨ 605 ਟਰੈਕਟਰ ਸਮੇਤ ਟਰਾਲੀ ਚੋਰੀ ਕਰਕੇ ਲੈ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਚੋਰ ਦੀ ਧੁੰਦਲੀ ਤਸਵੀਰ ਦਿਖਾਈ ਦੇ ਰਹੀ ਹੈ। ਪੀੜਤ ਮੁਤਾਬਕ ਚੋਰੀ ਹੋਏ ਟਰੈਕਟਰ ਅਤੇ ਕਰੀਬ ਛੇ ਮਹੀਨੇ ਪਹਿਲਾਂ ਬਣਵਾਈ ਨਵੀਂ ਟਰਾਲੀ ਦਾ ਕੁੱਲ ਨੁਕਸਾਨ 7 ਤੋਂ 8 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਵੀ ਇੱਕ ਕ੍ਰੈਸ਼ਰ ਤੋਂ ਗੱਡੀ ਚੋਰੀ ਹੋਈ ਸੀ, ਜਦੋਂ ਕਿ ਇੱਕ ਹੋਰ ਚੋਰੀ ਹੋਈ ਗੱਡੀ ਜੀਪੀਐਸ ਸਿਸਟਮ ਲੱਗਿਆ ਹੋਣ ਕਾਰਨ ਛਛਰੌਲੀ ਕੋਲੋਂ ਬਰਾਮਦ ਹੋ ਗਈ ਸੀ, ਕਿਉਂਕਿ ਚੋਰ ਪੁਲਿਸ ਦੇ ਡਰੋਂ ਗੱਡੀ ਛੱਡ ਕੇ ਭੱਜ ਗਿਆ ਸੀ। ਪੀੜਤ ਸੰਜੇ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਚੋਰਾਂ ਦਾ ਪਤਾ ਲਗਾ ਕੇ ਉਸ ਦਾ ਟਰੈਕਟਰ-ਟਰਾਲੀ ਜਲਦ ਤੋਂ ਜਲਦ ਬਰਾਮਦ ਕਰਵਾਇਆ ਜਾਵੇ। ਦੂਜੇ ਪਾਸੇ ਜਾਂਚ ਅਧਿਕਾਰੀ ਜੇਪੀ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਅਤੇ ਟਰੈਕਟਰ ਦੇ ਨੰਬਰ ਦੇ ਅਧਾਰ 'ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
- Download Babushahi App
-
-