AI Image
ਚੰਨੀ..ਚੰਨੀ..ਕਰਦੇ ਕਾਂਗਰਸੀਆਂ ਨੇ ਨਵਜੋਤ ਸਿੱਧੂ ਵਿਸਾਰਿਆ, ਰੰਧਾਵਾ ਦੀ ਅਮਿਤ ਸ਼ਾਹ ਨਾਲ ਮੀਟਿੰਗ ਵੀ ਚਰਚਾ ਦਾ ਵਿਸ਼ਾ ਬਣੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 3 ਜੁਲਾਈ, 2026: ਅੱਜ ਸਵੇਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਕੋਠੀ ਨਿਊਜ਼ ਚੈਨਲਾਂ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਂਕਿ ਵੱਡੀ ਗਿਣਤੀ ਵਿਚ ਉਹਨਾਂ ਦੀ ਰਿਹਾਇਸ਼ ’ਤੇ ਪਹੁੰਚੇ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਤੇ ਹੋਰ ਪਾਰਟੀ ਆਗੂਆਂ ਨੇ ਚੰਨੀ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।
ਦਿਲਚਸਪੀ ਵਾਲੀ ਗੱਲ ਹੈ ਕਿ ਦੋ ਦਿਨ ਪਹਿਲਾਂ ਜਦੋਂ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੇ ਵੱਡੇ-ਵੱਡੇ ਥੰਮਾਂ ਨੂੰ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਕਾਂਗਰਸ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਕੋਈ ਚਰਚਾ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਨਾ ਕੋਈ ਅਹੁਦਾ ਦਿੱਤਾ ਤੇ ਨਾ ਹੀ ਕਿਸੇ ਤਰੀਕੇ ਦੀ ਚਰਚਾ ਵਾਸਤੇ ਸੱਦਿਆ। ਇਹੀ ਹਸ਼ਰ ਚੰਡੀਗੜ੍ਹ ਦੇ ਐਮ ਪੀ ਮਨੀਸ਼ ਤਿਵਾੜੀ ਦਾ ਵੀ ਹੋਇਆ ਪਰ ਉਹਨਾਂ ਸੋਸ਼ਲ ਮੀਡੀਆ ’ਤੇ ਆਪਣੀ ਭੜਾਸ ਕੱਢ ਲਈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਸਿਆਸੀ ਟਿੱਪਣੀ ਨਹੀਂ ਕੀਤੀ। ਉਹਨਾਂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ 1 ਫਰਵਰੀ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਖੁਦ ਦੀ ਪਾਰਟੀ ਬਣਾ ਕੇ 117 ਸੀਟਾਂ ’ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ।
ਦੂਜੇ ਪਾਸੇ ਸਾਬਕਾ ਡਿਪਟੀ ਮੁੱਖ ਮੰਤਰੀ ਰਹੇ ਤੇ ਮੌਜੂਦਾ ਐਮ ਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਸੂਬੇ ਵਿਚ ਚਰਚਾ ਦਾ ਵਿਸ਼ਾ ਰਹੀ। ਹਾਲਾਂਕਿ ਰੰਧਾਵਾ ਨੇ ਆਪਣੀ ਮੀਟਿੰਗ ਨੂੰ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਕਰਾਰ ਦਿੱਤਾ ਪਰ ਦੂਜੇ ਪਾਸੇ ਜਦੋਂ ਚੰਨੀ ਦੇ ਹੱਕ ਵਿਚ ਮੋਰਿੰਡਾ ਵਿਚ ਮੋਰਚਾਬੰਦੀ ਹੋ ਰਹੀ ਸੀ, ਉਸ ਵੇਲੇ ਰੰਧਾਵਾ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ।
ਇਸ ਦੌਰਾਨ ਹੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਰਹੇ ਕੁਲਜੀਤ ਸਿੰਘ ਰੰਧਾਵਾ ਨੇ ਤਾਂ ਉਹਨਾਂ ਨੂੰ ਕੋ ਚੇਅਰਮੈਨ ਨਿਯੁਕਤ ਕਰਨ ’ਤੇ ਹਾਈ ਕਮਾਂਡ ਦਾ ਧੰਨਵਾਦ ਵੀ ਕਰ ਦਿੱਤਾ।
- Download Babushahi App
-
-