ਮੰਗਾਂ ਲਈ ਸ਼ਾਂਤਮਈ ਰੋਸ ਪ੍ਰਗਟ ਕਰਨਾ ਕਾਮਿਆਂ ਦਾ ਸੰਵਿਧਾਨਕ ਹੱਕ: ਜਮਹੂਰੀ ਅਧਿਕਾਰ ਸਭਾ
ਅਸ਼ੋਕ ਵਰਮਾ
ਬਠਿੰਡਾ, 27 ਮਈ 2026 : ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ , ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਹਤ ਮਹਿਕਮੇ ਅੰਦਰ ਆਊਟਸੋਰਸ ਕਾਮਿਆਂ ਦੇ ਰੂਪ ਵਿੱਚ ਕੰਮ ਕਰਦੇ ਕਾਮੇ ਪਿਛਲੇ ਕੁੱਝ ਦਿਨਾੰੰ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਆਪਣੀਆਂ ਸਰਗਰਮੀਆਂ ਕਰਦੇ ਆ ਰਹੇ ਹਨ। ਸਿਹਤ ਪ੍ਰਸ਼ਾਸਨ ਅਤੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ‘’ਤੇ ਕੋਈ ਵਿਚਾਰ ਨਹੀ ਕੀਤਾ l
ਤਲਵੰਡੀ ਸਾਬੋ ਦੇ ਐੱਸਐੱਮਓ ਨਾਲ ਸਬੰਧਤ ਕੁੱਝ ਮੰਗਾਂ ਲਈ ਸਿਹਤ ਕਾਮਿਆਂ ਦੀ ਜਥੇਬੰਦੀ ਨੇ ਉਥੋਂ ਦੇ ਸਿਵਲ ਹਸਪਤਾਲ ਵਿੱਚ ਆਪਣਾ ਰੋਸ ਧਰਨਾ ਲਗਾਉਣ ਦਾ ਪ੍ਰੋਗਰਾਮ ਬਣਾਇਆ। ਜਥੇਬੰਦੀ ਦੇ ਆਗੂ ਦੇ ਦੱਸਣ ਮੁਤਾਬਿਕ 25 ਮਈ ਨੂੰ ਜਦੋਂ ਉਹ ਧਰਨਾ ਲਾਉਣ ਦੀ ਤਿਆਰੀ ਕਰ ਰਹੇ ਸਨ ਤਾਂ ਉਸ ਥਾਂ ‘ਤੇ ਕੁੱਝ ਨਿਹੰਗ ਬਾਣੇ ਵਿੱਚ ਅਤੇ ਆਪ ਦੇ ਕੁੱਝ ਜਣੇ ਜਦੋਂ ਉਹਨਾਂ ਦਾ ਵਿਰੋਧ ਕਰਦਿਆਂ ਡਰਾਉਣ ਧਮਕਾਉਣ ਲੱਗੇ,ਤਾਂ ਉਹਨਾਂ ਨੇ ਆਪਣੇ ਧਰਨੇ ਨੂੰ ਬਠਿੰਡਾ ਸਿਵਲ ਹਸਪਤਾਲ ਵਿੱਚ ਸ਼ਿਫਟ ਕਰ ਲਿਆ l
ਉਹਨਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਅਣਸੁਖਾਵੀਂ ਵਾਪਰਣ ਤੋਂ ਬਚਾਅ ਹੋ ਗਿਆ। ਹੱਕੀ ਮੰਗਾਂ ਲਈ ਸ਼ਾਂਤਮਈ ਰੋਸ ਪ੍ਰਗਟ ਕਰਨਾ ਕਾਮਿਆਂ ਦਾ ਸੰਵਿਧਾਨਕ ਹੱਕ ਹੈ। ਪੁਲੀਸ ਫੋਰਸ ਵੱਲੋਂ ਵੀ ਉਹਨਾਂ ਨੂੰ ਉੱਥੇ ਧਰਨਾ ਲਾਉਣ ਤੋਂ ਮਨ੍ਹਾ ਕਰਨ ਦੀ ਗੱਲ ਦੱਸੀ ਗਈ ਹੈ,ਜੋ ਬੇਇਨਸਾਫ਼ੀ ਹੈ ਤੇ ਇਹ ਉਹਨਾਂ ਦੇ ਜਮਹੂਰੀ ਹੱਕ ਦੀ ਉਲੰਘਣਾ ਹੈ। ਸਭਾ ਇਸ ਦੀ ਨਿਖੇਧੀ ਕਰਦੀ ਅਤੇ ਉਨਾੰ ਦੇ ਜਮਹੂਰੀ ਹੱਕ ਨੂੰ ਬਹਾਲ ਕਰਨ ਦੀ ਮੰਗ ਕਰਦੀ ਹੈ। ਸਭਾ ਦੀ ਸਮਝ ਮੁਤਾਬਿਕ ਆਊਟ ਸੋਰਸ ਕਾਮਿਆਂ ਦੀਆਂ ਮੁਸ਼ਕਲਾਂ ਵੱਖ ਵੱਖ ਸਰਕਾਰਾਂ ਦੀ ਨਿੱਜੀਕਰਣ ਦੀ ਨੀਤੀ ਕਾਰਨ ਹਨ ਜੋ ਲੋਕਾਂ ਦਾ ਜਿਓਣਾ ਦੁੱਭਰ ਕਰ ਰਹੀ ਹੈ । ਕਾਮਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਮੰਗਾਂ ਦੇ ਹੱਲ ਲਈ ਆਪਣੇ ਸੰਘਰਸ਼ ਨੂੰ ਸਰਕਾਰਾਂ ਦੀ ਇਸ ਬੁਨਿਆਦੀ ਨੀਤੀ ਵੱਲ ਸੇਧਤ ਕਰਨ ।
- Download Babushahi App
-
-