ED ਦੀ ਵੱਡੀ ਕਾਰਵਾਈ: ਮਸ਼ਹੂਰ ਬਿਲਡਰ ਗਰੁੱਪ ਦੇ ਟਿਕਾਣਿਆਂ 'ਤੇ ਛਾਪੇਮਾਰੀ; 32.67 ਕਰੋੜ ਦੀ ਧੋਖਾਧੜੀ ਦਾ ਮਾਮਲਾ
ਜ਼ੀਰਕਪੁਰ-ਦਿੱਲੀ ਹਾਈਵੇਅ ਸਥਿਤ ਰਾਇਲ ਐਸਟੇਟ ਗਰੁੱਪ ਦੇ ਮੁੱਖ ਦਫ਼ਤਰ ਸਮੇਤ ਪੰਜਾਬ ਤੇ ਚੰਡੀਗੜ੍ਹ ਦੇ ਕਈ ਟਿਕਾਣਿਆਂ 'ਤੇ ED ਦੀ ਦਸਤਕ
ਪੰਜਾਬ ਪੁਲਿਸ (SAS ਨਗਰ) ਵੱਲੋਂ ਸਾਲ 2025 ਵਿੱਚ ਦਰਜ FIR ਦੇ ਆਧਾਰ 'ਤੇ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਕਾਰਵਾਈ
ਗਮਾਡਾ (GMADA) ਦੀ ਦੇਣਦਾਰੀ ਵਿੱਚ ਡਿਫਾਲਟ ਅਤੇ 32.67 ਕਰੋੜ ਰੁਪਏ ਦੇ ਬਾਊਂਸ ਚੈੱਕ ਦੇਣ ਦੇ ਲੱਗੇ ਨੇ ਦੋਸ਼
Ravi Jakhu
ਚੰਡੀਗੜ੍ਹ, 26 ਮਈ 2026- ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਚੰਡੀਗੜ੍ਹ ਜ਼ੋਨਲ ਓਫਿਸ-I ਦੀਆਂ ਟੀਮਾਂ ਵੱਲੋਂ ਅੱਜ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੀ ਧਾਰਾ 17 ਤਹਿਤ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਈ.ਡੀ. ਵੱਲੋਂ ਮੈਸਰਜ਼ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ (CRCPL), ਰਾਇਲ ਐਸਟੇਟ ਗਰੁੱਪ (Royale Estate Group) ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ/ਸੰਸਥਾਵਾਂ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਕਈ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ (ਛਾਪੇਮਾਰੀ) ਚਲਾਈ ਗਈ। ਇਸ ਕਾਰਵਾਈ ਤਹਿਤ ਚੰਡੀਗੜ੍ਹ-ਦਿੱਲੀ ਹਾਈਵੇਅ, ਜ਼ੀਰਕਪੁਰ ਵਿਖੇ ਸਥਿਤ ਰਾਇਲ ਐਸਟੇਟ ਗਰੁੱਪ ਦੇ ਮੁੱਖ ਹੈੱਡ ਆਫਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਈ.ਡੀ. (ED) ਵੱਲੋਂ ਇਹ ਮਾਮਲਾ ਪੰਜਾਬ ਪੁਲਿਸ (ਐਸ.ਏ.ਐਸ. ਨਗਰ) ਵੱਲੋਂ 19 ਜੁਲਾਈ 2025 ਨੂੰ ਦਰਜ ਕੀਤੀ ਗਈ FIR ਨੰਬਰ 0067 ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਇਹ ਐਫ.ਆਈ.ਆਰ. ਮੈਸਰਜ਼ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਅਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. (IPC) ਦੀਆਂ ਧਾਰਾਵਾਂ 406, 420 ਅਤੇ 120-B ਤਹਿਤ ਦਰਜ ਕੀਤੀ ਗਈ ਸੀ।
ਦੋਸ਼ ਹੈ ਕਿ ਇਨ੍ਹਾਂ ਵੱਲੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਗਮਾਡਾ (GMADA) ਨੂੰ ਦਿੱਤੇ ਜਾਣ ਵਾਲੇ ਕਾਨੂੰਨੀ ਫੰਡਾਂ/ਦੇਣਦਾਰੀਆਂ ਵਿੱਚ ਡਿਫਾਲਟ ਕੀਤਾ ਗਿਆ ਅਤੇ ਕਰੀਬ 32.67 ਕਰੋੜ ਰੁਪਏ ਦੇ ਅਜਿਹੇ ਚੈੱਕ ਜਮ੍ਹਾਂ ਕਰਵਾਏ ਗਏ ਜੋ ਬਾਊਂਸ (Dishonoured) ਹੋ ਗਏ। ਇਹ ਪੂਰਾ ਮਾਮਲਾ ਐਸ.ਏ.ਐਸ. ਨਗਰ (ਮੋਹਾਲੀ) ਦੇ ਪਿੰਡ ਕਰਾਲਾ ਵਿਖੇ ਸਥਿਤ ਇੱਕ ਰਿਹਾਇਸ਼ੀ ਕਲੋਨੀ ਪ੍ਰੋਜੈਕਟ ਨਾਲ ਜੁੜਿਆ ਹੋਇਆ ਹੈ।
ਈ.ਡੀ. ਦੀ ਹੁਣ ਤੱਕ ਦੀ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ (CRCPL) ਸਿਰ ਗਮਾਡਾ (GMADA) ਦੀ ਵੱਡੀ ਦੇਣਦਾਰੀ ਬਾਕੀ ਸੀ, ਪਰ ਇਸ ਦੇ ਬਾਵਜੂਦ ਪ੍ਰੋਜੈਕਟ ਦੇ ਫੰਡਾਂ ਨੂੰ ਕਥਿਤ ਤੌਰ 'ਤੇ ਦੂਜੀਆਂ ਸਬੰਧਤ ਕੰਪਨੀਆਂ ਅਤੇ ਪਾਰਟੀਆਂ ਦੇ ਖਾਤਿਆਂ ਵਿੱਚ ਡਾਇਵਰਟ (ਤਬਦੀਲ) ਕੀਤਾ ਗਿਆ। ਜਾਂਚ ਦੌਰਾਨ ਕੰਪਨੀਆਂ ਵਿਚਕਾਰ ਆਪਸੀ ਸ਼ੱਕੀ ਲੈਣ-ਦੇਣ ਅਤੇ ਰਾਇਲ ਐਸਟੇਟ ਗਰੁੱਪ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਰਾਹੀਂ ਫੰਡਾਂ ਦੀ ਹੇਰਾਫੇਰੀ (Layering) ਕਰਨ ਦੇ ਵੀ ਸਬੂਤ ਮਿਲੇ ਹਨ। ਈ.ਡੀ. ਵੱਲੋਂ ਮਾਮਲੇ ਦੀ ਅਗਲੇਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-