Breaking: ਸਾਬਕਾ CM ਦੇ ਘਰ ਛਾਪਾ ਮਾਰ ਕੇ ਨਿਕਲੀ ED ਦੀ ਟੀਮ 'ਤੇ ਹਮਲਾ, ਗੱਡੀਆਂ ਦੀ ਭੰਨਤੋੜ
CPI(M) ਦੇ ਪੋਲਿਟਬਿਊਰੋ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਘਰ ED ਵੱਲੋਂ 7 ਘੰਟੇ ਲੰਬੀ ਛਾਪੇਮਾਰੀ
ਤਿਰੂਵਨੰਤਪੁਰਮ, 27 ਮਈ 2026 - ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਇੱਕ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਇੱਥੇ CPI(M) ਦੇ ਪੋਲਿਟਬਿਊਰੋ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਘਰ ਛਾਪਾ ਮਾਰਨ ਪਹੁੰਚੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ 'ਤੇ ਗੁੱਸੇ ਵਿੱਚ ਆਏ CPI(M) ਦੇ ਵਰਕਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ED ਅਧਿਕਾਰੀਆਂ ਦੇ ਵਾਹਨਾਂ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ।
ਮਿਲੀ ਜਾਣਕਾਰੀ ਮੁਤਾਬਕ ED ਦੀ ਟੀਮ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਤਿਰੂਵਨੰਤਪੁਰਮ ਸਥਿਤ ਨਿਵਾਸ ਸਥਾਨ 'ਤੇ ਪਹੁੰਚੀ ਸੀ, ਜਿੱਥੇ ਕਰੀਬ 7 ਘੰਟੇ ਤੱਕ ਲੰਬੀ ਛਾਪੇਮਾਰੀ ਅਤੇ ਜਾਂਚ ਚੱਲੀ। ਜਦੋਂ ED ਦੇ ਅਧਿਕਾਰੀ ਇਹ ਕਾਰਵਾਈ ਪੂਰੀ ਕਰਕੇ ਵਿਜਯਨ ਦੇ ਘਰੋਂ ਬਾਹਰ ਨਿਕਲ ਰਹੇ ਸਨ, ਤਾਂ ਪਹਿਲਾਂ ਤੋਂ ਹੀ ਉੱਥੇ ਜਮ੍ਹਾਂ ਹੋਏ ਪਾਰਟੀ ਵਰਕਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਹਮਲਾ ਕਰ ਦਿੱਤਾ।
ED ਦੀ ਇਸ ਕਾਰਵਾਈ ਦੇ ਵਿਰੋਧ ਵਿੱਚ CPI(M) ਦੇ ਸੂਬਾ ਸਕੱਤਰ ਐਮ.ਵੀ. ਗੋਵਿੰਦਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸੜਕਾਂ 'ਤੇ ਉਤਰ ਆਏ ਸਨ। ਵਰਕਰਾਂ ਨੇ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਹੀ ਸੜਕ 'ਤੇ ਬੈਠ ਕੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਸਮੇਂ ED ਦੀ ਟੀਮ 'ਤੇ ਇਹ ਹਮਲਾ ਹੋਇਆ, ਉਸ ਵੇਲੇ ਉੱਥੇ CPI(M) ਦੇ ਕਈ ਸੀਨੀਅਰ ਆਗੂ, ਕੇਰਲਾ ਪੁਲਿਸ ਦੇ ਮੁਲਾਜ਼ਮ ਅਤੇ CRPF ਦੇ ਜਵਾਨ ਵੀ ਤਾਇਨਾਤ ਸਨ, ਪਰ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਅਤੇ ਗੱਡੀਆਂ ਦੀ ਤੋੜਫੋੜ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਿਆਸੀ ਤਣਾਅ ਕਾਫੀ ਵੱਧ ਗਿਆ ਹੈ।
- Download Babushahi App
-
-