ਬਿਜਲੀ ਵਿਭਾਗ ਦੇ ਕਾਰਨਾਮੇ: ਪਾਣੀ ਦੀ ਪਾਈਪ ਲਾਈਨ 'ਚ ਗੱਡੇ ਖੰਭੇ ਪਰ ਕੌਂਸਲ ਅਧਿਕਾਰੀਆਂ ਅਜੇ ਵੀ ਨਹੀਂ ਜਾਗੇ
ਮਲਕੀਤ ਸਿੰਘ ਮਲਕਪੁਰ
ਲਾਲੜੂ 23 ਮਈ 2026: ਬਿਜਲੀ ਵਿਭਾਗ ਦੇ ਕਾਰਨਾਮੇ ਕਾਰਨ ਨਗਰ ਕੌਂਸਲ ਲਾਲੜੂ ਦੇ ਵਾਰਡ ਨੰਬਰ 8 ਤੇ 10 ਦੇ ਵਾਸੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਿਟ ਦੇ ਦੁਕਾਨਦਾਰਾਂ ਸਮੇਤ ਵਾਰਡ ਵਾਸੀ ਦਲਜੀਤ ਸਿੰਘ ਲਵਲੀ, ਮਨਜੀਤ ਸਿੰਘ, ਜਸਵੰਤ ਸਿੰਘ,ਦਲਵੀਰ ਸਿੰਘ,ਦੇਸ਼ ਰਾਜ ਤੇ ਜਤਿਨ ਆਦਿ ਨੇ ਦੱਸਿਆ ਕਿ ਫੌਜੀ ਮੈਦਾਨ ਨੇੜੇ ਪੈਂਦੀ ਨਾਨਕ ਚੰਦ ਮਾਰਕਿਟ ਵਿੱਚ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਦੋ ਖੰਭੇ ਗੱਡੇ ਗਏ ਸਨ, ਜਿਸ ਦੇ ਚੱਲਦਿਆਂ ਧਰਤੀ ਥੱਲੇ ਪਈ ਪਾਈਪ ਲਾਈਨ ਟੁੱਟ ਗਈ ਅਤੇ ਪਾਣੀ ਨਿਕਲਣ ਲੱਗਾ। ਉਨ੍ਹਾਂ ਦੱਸਿਆ ਇਸ ਸਬੰਧੀ ਜਾਣਕਾਰੀ ਬਿਜਲੀ ਵਿਭਾਗ ਨੂੰ ਦਿੱਤੀ ਤਾਂ ਉਨ੍ਹਾਂ ਵੱਲੋਂ ਦੇਰ-ਸਵੇਰ ਖੰਬੇ ਤਾਂ ਕੱਢ ਦਿੱਤੇ ਗਏ ਪਰ ਪਾਣੀ ਦੀ ਪਾਈਪ ਲਾਈਨ ਉਸੇ ਤਰਾਂ ਟੁੱਟੀ ਹੋਣ ਕਾਰਨ ਪੀਣ ਵਾਲਾ ਪਾਣੀ ਹੁਣ ਵੀ ਚਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਦੀ ਸਪਲਾਈ ਆਉਂਦੀ ਹੈ ਤਾਂ ਪਾਣੀ ਸੜਕ ਦੇ ਉੱਤੇ ਵਹਿ ਤੁਰਦਾ ਹੈ, ਜਦੋਂ ਸਪਲਾਈ ਬੰਦ ਹੁੰਦੀ ਹੈ ਤਾਂ ਇਹ ਪਾਣੀ ਮੁੜ ਪਾਣੀ ਦੀ ਪਾਈਪ ਲਾਈਨ ਵਿੱਚ ਚੱਲਿਆ ਜਾਂਦਾ ਹੈ, ਜਿਸ ਦਾ ਖਾਮਿਆਜਾ ਵਾਰਡ ਵਾਸੀਆਂ ਨੂੰ ਦੂਸ਼ਿਤ ਪਾਣੀ ਪੀ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਪਾਣੀ ਪੀਂਦੇ ਹਨ ਤਾਂ ਪਾਣੀ ਵਿੱਚੋਂ ਗੰਦੀ ਬਦਬੂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗਰਮੀ ਵਿੱਚ ਕਈ ਘਰਾਂ ਨੂੰ ਪੀਣ ਲਈ ਪਾਣੀ ਨਸੀਬ ਤੱਕ ਨਹੀਂ ਹੋ ਰਿਹਾ, ਉੱਥੇ ਦੂਜੀ ਥਾਂ ਛੋਟੀ ਜਿਹੀ ਗਲਤੀ ਕਾਰਨ ਪੀਣ ਵਾਲਾ ਪਾਣੀ ਬੇਵਜ੍ਹਾ ਵੇਸਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਦਾ ਜਲਦ ਹੱਲ ਕਰਕੇ ਵਾਰਡ ਵਾਸੀਆਂ ਨੂੰ ਸਮੱਸਿਆ ਤੋਂ ਨਿਜਾਤ ਦਿਵਾਉਣ। ਇਸ ਸਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਏਐਮਈ ਹਰਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਅਤੇ ਕੱਲ ਤੱਕ ਉਹ ਇਸ ਸਮੱਸਿਆ ਦਾ ਹੱਲ ਕਰਵਾ ਦੇਣਗੇ ਤਾਂ ਜੋ ਵਾਰਡ ਵਾਸੀਆਂ ਨੂੰ ਸਵੱਛ ਪਾਣੀ ਮਿਲ ਸਕੇ।
- Download Babushahi App
-
-