Babushahi Special ਬਠਿੰਡਾ ਦੀ ਮਿੰਨੀ ਸਕੱਤਰੇਤ ਆਓ, ਕੁੱਤਿਆਂ ਤੋਂ ਲੱਤਾਂ ਪੜਵਾਓ ਫਿਰ ਮੁਫਤ ’ਚ ਟੀਕੇ ਲੁਆਓ
ਅਸ਼ੋਕ ਵਰਮਾ
ਬਠਿੰਡਾ, 22 ਮਈ 2025 : ਬਠਿੰਡਾ ਪੱਟੀ ’ਚ ਹੁਣ ਨਾ ਟਿੱਬੇ ਰਹੇ ਹਨ ਅਤੇ ਮਾਰੂਥਲ ਦਾ ਜਹਾਜ ਊਠ ਤਾਂ ਟਾਵਾਂ ਹੀ ਬਚਿਆ ਹੈ। ਬੱਸ ਹੁਣ ਤਾਂ ਹਰ ਪਾਸੇ ਅਵਾਰਾ ਕੁੱਤਿਆਂ ਦੀ ਹਕੂਮਤ ਦਿਖਦੀ ਹੈ। ਇਸ ਸਬੰਧੀ ਸਾਹਮਣੇ ਆਏ ਤੱਥ ਨਵੀਂ ਤਸਵੀਰ ਦਿਖਾਉਂਦੇ ਹਨ ਜੋ ਹੈਰਾਨ ਕਰਨ ਵਾਲੀ ਹੈ। ਡੀਆਈਜੀ, ਐਸਐਸਪੀ , ਡਿਪਟੀ ਕਮਿਸ਼ਨਰ ਅਤੇ ਹੋਰ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਵੱਡੇ ਸਰਕਾਰੀ ਅਫਸਰਾਂ ਦੇ ਦਫਤਰਾਂ ਵਾਲੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਵਾਰਾ ਕੁੱਤਿਆਂ ਦੀ ਹਕੂਮਤ ਕਾਇਮ ਹੋ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਕੁੱਤੇ ਐਨੇ ਬੇਡਰ ਹਨ ਕਿ ਭਜਾਉਣ ’ਤੇ ਵੀ ਭੱਜਦੇ ਨਹੀਂ ਹਨ। ਮਿੰਨੀ ਸਕੱਤਰੇਤ ਵਿੱਚ ਲੋਕਾਂ ਦੇ ਖਾਣ ਪੀਣ ਲਈ ਬਣੀ ਕੰਟੀਨ ਕੋਲ ਕੁੱਤਿਆਂ ਦਾ ਝੁੰਡ ਨਜ਼ਰ ਆਇਆ ਜਦੋਂਕਿ ਡੀਆਈਜੀ ਦਫਤਰ ਤੋਂ ਕੁੱਝ ਦੂਰੀ ’ਤੇ ਸਥਿਤ ਰਿਕਾਰਡ ਰੂਮ ਲਾਗੇ ਵੀ ਕੁੱਤਿਆਂ ਦਾ ਪਹਿਰਾ ਲੱਗਿਆ ਹੋਇਆ ਸੀ।
ਇਸੇ ਤਰਾਂ ਹੀ ਮਿੰਨੀ ਸਕੱਤਰੇਤ ਦੀ ਇਮਾਰਤ ਅੰਦਰ ਇੱਕ ਹੋਰ ਕੁੱਤਾ ਅਰਾਮ ਫਰਮਾਉਂਦਾ ਨਜ਼ਰੀ ਪਿਆ ਜਦੋਂਕਿ ਕੁੱਝ ਥਾਈਂ ਕੁੱਤਿਆਂ ਵੱਲੋਂ ਟਹਿਲਕਦਮੀ ਕੀਤੀ ਜਾ ਰਹੀ ਸੀ। ਇਹ ਇਕੱਲੇ ਮਿੰਨੀ ਸਕੱਤਰੇਤ ਦਾ ਨਜ਼ਾਰਾ ਹੈ ਜਦੋਂਕਿ ਬਠਿੰਡਾ ਸ਼ਹਿਰ ਦੀ ਤਸਵੀਰ ਤਾਂ ਹੋਰ ਵੀ ਭਿਆਨਕ ਦਿਖਾਈ ਦਿੰਦੀ ਹੈ। ਮਹਾਂਨਗਰ ਦੇ ਤਕਰੀਬਨ ਹਰ ਗਲੀ ਮੁਹੱਲੇ ’ਚ ਔਸਤਨ ਤਿੰਨ ਤੋਂ ਪੰਜ ਤੱਕ ਅਵਾਰਾ ਕੁੱਤਿਆਂ ਦੀ ਸਰਦਾਰੀ ਬਣੀ ਹੋਈ ਹੈ ਜੋ ਅਕਸਰ ਕੱਟਣ ਨੂੰ ਪੈਂਦੇ ਹਨ। ਦੇਖਣ ’ਚ ਆਉਂਦਾ ਹੈ ਕਿ ਸ਼ਹਿਰ ਦੀਆਂ ਕਈ ਗਲੀਆਂ ਮੁਹੱਲੇ ਏਦਾਂ ਦੇ ਵੀ ਹਨ ਜਿੱਥੇ ਖੂੰਖਾਰ ਕੁੱਤਿਆਂ ਦਾ ਦਬਦਬਾ ਬਣਿਆ ਹੋਇਆ ਹੈ। ਅੱਜ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਅਮਲ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਦੋਂ ਪੰਜਾਬ ਭਰ ’ਚ ਅਵਾਰਾ ਕੁੱਤਿਆਂ ਖਿਲਾਫ ਮੁਹਿੰਮ ਛੇੜੀ ਗਈ ਹੈ ਪਰ ਬਠਿੰਡਾ ਜਿਲ੍ਹਾ ਅਜਿਹੇ ਕਿਸੇ ਵੀ ਪ੍ਰੋਗਰਾਮ ਤੋਂ ਵਾਂਝਾ ਰਿਹਾ ਹੈ।
.jpg)
ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਠਿੰਡਾ ਪ੍ਰਸ਼ਾਸ਼ਨ ਇਸ ਸਮੱਸਿਆ ਨਾਲ ਕਿਸ ਤਰਾਂ ਅਤੇ ਕਦੋਂ ਨਜਿੱਠਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਇਸ ਤੋਂ ਪਹਿਲਾਂ ਕੁੱਤਿਆਂ ਦੀ ਗਿਣਤੀ ਇਸ ਕਰਕੇ ਵਧੀ ਕਿ ਹੁਣ ਤੱਕ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਸੀ । ਨਗਰ ਨਿਗਮ ਨੂੰ ਕੁੱਤਿਆਂ ਦੀ ਨਸਬੰਦੀ ਕਰਦਿਆਂ ਕਰਦਿਆਂ ਕਈ ਸਾਲ ਲੰਘ ਗਏ ਹਨ ਪਰ ਕੁੱਤਿਆਂ ਗਿਣਤੀ ਘੱਟ ਨਹੀਂ ਕੀਤੀ ਜਾ ਸਕੀ ਹੈ। ਹਾਲਾਂਕਿ ਕਈ ਖਤਰਨਾਕ ਕਿਸਮਾਂ ਦੇ ਕੁੱਤੇ ਹੁਣ ਤਾਂ ਲੋਕਾਂ ਨੂੰ ਆਪਣਾ ਸ਼ਿਕਾਰ ਵੀ ਬਨਾਉਣ ਲੱਗੇ ਹਨ ਫਿਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ ਹੈ। ਤੱਥ ਗਵਾਹ ਹਨ ਕਿ ਬਠਿੰਡਾ ਜਿਲ੍ਹੇ ’ਚ ਕੁੱਤਿਆਂ ਵੱਲੋਂ ਹਰ ਮਹੀਨੇ ਔਸਤਨ 100 ਜਣਿਆਂ ਨੂੰ ਵੱਢ ਲਿਆ ਜਾਂਦਾ ਹੈ ਜਦੋਂਕਿ ਇਕੱਲੇ ਬਠਿੰਡਾ ਦੀ ਔਸਤ ਗਿਣਤੀ 50 ਹੈ। ਇਹ ਉਹ ਪੀੜਤ ਹਨ ਜੋ ਸਿਵਲ ਹਸਪਤਾਲ ‘ਚ ਕੁੱਤਾ ਕੱਟਣ ਦੇ ਟੀਕੇ ਲੁਆਉਂਦੇੇ ਹਨ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕੁੱਤਿਆਂ ਦੇ ਕੱਟਿਆਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਚੋਂ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਅਤੇ ਵੱਡੀ ਹੈ । ਸਾਲ 2016 ’ਚ ਕਰਵਾਏ ਗਏ ਇੱਕ ਸਰਵੇਖਣ ਦੌਰਾਨ ਸ਼ਹਿਰ ’ਚ 8570 ਕੁੱਤੇ ਸਨ ਜਦੋਂਕਿ 2020 ਤੱਕ ਕੁੱਤੇ ਅਤੇ ਕੁੱਤੀਆਂ ਦੀ ਗਿਣਤੀ 4900 ਤੱਕ ਪੁੱਜ ਗਈ ਸੀ। ਸੂਤਰ ਦੱਸਦੇ ਹਨ ਕਿ ਇਕੱਲੇ ਬਠਿੰਡਾ ਸ਼ਹਿਰ ’ਚ ਹਰ ਮਹੀਨੇ ਕੁੱਤਿਆਂ ਦੀ ਗਿਣਤੀ ਵਿੱਚ ਸੌ ਤੋਂ ਜਿਆਦਾ ਵਧ ਰਹੀ ਹੈ। ਦਾਅਵਿਆਂ ਮੁਤਾਬਕ ਸਾਲ 2026 ਤੱਕ ਕਰੀਬ 16 ਹਜ਼ਾਰ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਪਰ ਗਿਣਤੀ ’ਚ ਫਰਕ ਨਹੀਂ ਪਿਆ ਹੈ। ਅਧਿਕਾਰੀ ਆਖਦੇ ਹਨ ਕਿ ਕੁੱਤਿਆਂ ਦੀ ਫੜ੍ਹੋ ਫੜਾਈ ਦਾ ਕੰਮ ਜਾਰੀ ਹੈ ਪਰ ਗਿਣਤੀ ਨਾਂ ਘਟਣਾ ਚਿੰਤਾਜਨਕ ਹੈ। ਲੋਕ ਆਖਦੇ ਹਨ ਕਿ ਹੁਣ ਤਾਂ ਬਾਹਰ ਜਾਣ ਵਕਤ ਡਰ ਲੱਗਣ ਲੱਗਾ ਹੈ ਕਿਉਂਕਿ ਪਤਾ ਨਹੀਂ ਕਦੋਂ ਕੁੱਤਾ ਲੱਤਾਂ ਪਾੜ ਦੇਵੇ।
.jpg)
ਵੱਡੇ ਵੀ ਬਣੇ ਕੁੱਤਿਆਂ ਦਾ ਸ਼ਿਕਾਰ
ਸੁਰੱਖਿਆ ਲਈ ਸਾਏ ਵਾਂਗ ਗੰਨਮੈਨ ਨਾਲ ਚੱਲਦੇ ਹੋਣ ਦੇ ਬਾਵਜੂਦ ਅਵਾਰਾ ਕੁੱਤਿਆਂ ਨੇ 2017 ’ਚ ਤੱਤਕਾਲੀ ਐਸਐਸਪੀ ਨੂੰ ਕੱਟ ਲਿਆ ਸੀ। ਇਸ ਪਿੱਛੋਂ ਸਾਹਿਬ ਦਾ ਪਾਰਾ ਐਨਾ ਚੜ੍ਹਿਆ ਕਿ ਗੰਨਮੈਨਾਂ ਨੂੰ ਮਿਨਤਾਂ ਤਰਲੇ ਕਰਕੇ ਖਹਿੜਾ ਛੁਡਾਉਣਾ ਪਿਆ ਸੀ। ਇਵੇਂ ਹੀ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੂੰ ਵੀ ਕੁੱਤੇ ਨੇ ਕੱਟਿਆ ਸੀ। ਦੋਵਾਂ ਨੂੰ ਆਪਣੇ ਬਚਾਓ ਲਈ ਟੀਕੇ ਵੀ ਲੁਆਉਣੇ ਪਏ ਸਨ ਅਤੇ ਨਗਰ ਨਿਗਮ ਨੂੰ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ।
ਪ੍ਰਸ਼ਾਸ਼ਨ ਪੱਕਾ ਹੱਲ ਕਰਵਾਏ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਕੁੱਤਿਆਂ ਦੀ ਮੌਜੂਦਗੀ ਫਿਕਰ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸ਼ਨ ਆਪਣੇ ਹੀ ਘਰ ’ਚ ਸਫਾਈ ਨਹੀਂ ਕਰ ਸਕਦਾ ਤਾਂ ਲੋਕ ਕੀ ਆਸ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਕੱਟੇ ਲੋਕ ਟੀਕੇ ਲੁਆਉਣ ਅਤੇ ਦਰਦ ਸਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਢੁੱਕਵਂੀ ਕਾਰਵਾਈ ਕਰੇ।
ਜਲਦੀ ਕਾਰਵਾਈ ਸ਼ੁਰੂ : ਕਮਿਸ਼ਨਰ
ਨਗਰ ਨਿਗਮ ਦੀ ਕਮਿਸ਼ਨਰ ਲਵਜੀਤ ਕਲਸੀ ਦਾ ਕਹਿਣਾ ਸੀ ਕਿ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਇਸ ਕੰਮ ’ਚ ਵਿਘਨ ਪਿਆ ਸੀ ਜੋ ਹੁਣ ਦੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਜਲਦੀ ਹੀ ਇਸ ਸਬੰਧੀ ਮੁਹਿੰਮ ਵਿੱਢੀ ਜਾ ਰਹੀ ਹੈ ਜਿਸ ਤੋਂ ਬਾਅਦ ਸਿਰਫ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਹੀ ਨਹੀਂ ਸ਼ਹਿਰ ਚੋਂ ਕੁੱਤਿਆਂ ਦੀ ਸਮੱਸਿਆ ਖਤਮ ਹੋ ਜਾਏਗੀ।
- Download Babushahi App
-
-