ਸਿਵਲ ਸਰਜਨ ਵੱਲੋਂ ਪੀ.ਐੱਚ.ਸੀ., ਜਾਡਲਾ ਵਿਖੇ ਸਿਹਤ ਸੇਵਾਵਾਂ ਦਾ ਨਿਰੀਖਣ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 05 ਮਈ , 2026
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਅੱਜ ਪੀ.ਐੱਚ.ਸੀ., ਜਾਡਲਾ ਵਿਖੇ ਆਮ ਆਦਮੀ ਕਲੀਨਿਕ, ਆਯੂਸ਼ਮਾਨ ਆਰੋਗਿਆ ਕੇਂਦਰ ਅਤੇ ਓਟ ਸੈਂਟਰ ਦਾ ਵਿਸਥਾਰਪੂਰਵਕ ਦੌਰਾ ਕਰਦੇ ਹੋਏ ਉਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਬਰੀਕੀ ਨਾਲ ਨਿਰੀਖਣ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਮੁੱਚੇ ਸਟਾਫ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਰੀਜ਼ਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਸਮੇਂ ਸਿਰ, ਪੂਰੀ ਗੁਣਵੱਤਾ ਨਾਲ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਸੇਵਾਵਾਂ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਦਿੱਤੀਆਂ ਜਾਣ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਅਤੇ ਆਯੂਸ਼ਮਾਨ ਆਰੋਗਿਆ ਕੇਂਦਰਾਂ ਦਾ ਮੁੱਖ ਮਕਸਦ ਲੋਕਾਂ ਨੂੰ ਘਰ ਦੇ ਨੇੜੇ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਇਸ ਲਈ ਸਟਾਫ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਏ। ਉਨ੍ਹਾਂ ਨੇ ਰਿਕਾਰਡ ਰੱਖਰਖਾਵ, ਸਫ਼ਾਈ ਪ੍ਰਬੰਧ ਅਤੇ ਮਰੀਜ਼ਾਂ ਨਾਲ ਸਹਿਯੋਗੀ ਵਿਹਾਰ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਦਿੱਤੀਆਂ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਓਟ ਸੈਂਟਰਾਂ ਵਿੱਚ ਨਸ਼ਾ ਛੁਡਾਉ ਇਲਾਜ ਲੈ ਰਹੇ ਮਰੀਜ਼ਾਂ ਦੀ ਨਿਯਮਿਤ ਕਾਊਂਸਲਿੰਗ ਅਤੇ ਫਾਲੋਅਪ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੁੜ ਸਕਣ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਮਰੀਜ਼ਾਂ ਨਾਲ ਸੰਵੇਦਨਸ਼ੀਲ ਅਤੇ ਸਹਾਨੁਭੂਤੀ ਭਰਿਆ ਰਵੱਈਆ ਅਪਣਾਇਆ ਜਾਵੇ।
ਇਸ ਦੌਰੇ ਦੌਰਾਨ ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਫੀਡਬੈਕ ਵੀ ਪ੍ਰਾਪਤ ਕੀਤਾ ਅਤੇ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸਟਾਫ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਬਾਰੇ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਹਰ ਯੋਗ ਵਿਅਕਤੀ ਇਸ ਦਾ ਲਾਭ ਲੈ ਸਕੇ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਨੀਰਜ ਕੁਮਾਰ ਤੇ ਮਨਦੀਪ ਕੌਰ ਤੇ ਮਨਦੀਪ ਸਿੰਘ ਕਾਹਲੋਂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।
Click to Follow Babushahi Facebook Page →