CM ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ; ਰਾਜ ਸਭਾ ਮੈਂਬਰਾਂ ਦੀ ਮਾਨਤਾ ਰੱਦ ਕਰਨ ਦੀ ਮੰਗ, ਕਿਹਾ-"ਪੰਜਾਬੀ ਗਦਾਰੀ ਨਹੀਂ ਝੱਲਦੇ"
Babushahi Network
ਚੰਡੀਗੜ੍ਹ/ਨਵੀਂ ਦਿੱਲੀ, 5 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਅਤੇ ਬਾਗੀ ਸੰਸਦ ਮੈਂਬਰਾਂ ਵਿਰੁੱਧ ਜ਼ੋਰਦਾਰ ਹਮਲਾ ਬੋਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਵਿੱਚ ਕਿਸੇ ਦੀ ਮਨਮਰਜ਼ੀ ਨਹੀਂ ਚੱਲੇਗੀ ਅਤੇ ਭਾਜਪਾ ਸੰਵਿਧਾਨਕ ਮਰਯਾਦਾਵਾਂ ਦਾ ਘਾਣ ਕਰ ਰਹੀ ਹੈ। ਮੁੱਖ ਮੰਤਰੀ ਨੇ ਪੰਜਾਬ ਵਿੱਚ ਭਾਜਪਾ ਦੀ ਸਥਿਤੀ 'ਤੇ ਤਨਜ਼ ਕਸਦਿਆਂ ਕਿਹਾ ਕਿ, ਜਿਸ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿੱਚ ਸਿਰਫ਼ ਦੋ ਵਿਧਾਇਕ (MLA) ਹਨ, ਉਸ ਦੇ ਰਾਜ ਸਭਾ ਵਿੱਚ ਛੇ ਮੈਂਬਰ ਕਿਵੇਂ ਹੋ ਗਏ?
ਉਨ੍ਹਾਂ ਕਿਹਾ ਕਿ ਬਾਗੀ ਸੰਸਦ ਮੈਂਬਰਾਂ ਨੇ ਲੋਕਤੰਤਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਨ੍ਹਾਂ ਨੇ ਪਾਰਟੀ ਛੱਡਣੀ ਹੀ ਸੀ, ਤਾਂ ਪਹਿਲਾਂ ਅਸਤੀਫ਼ਾ ਦੇ ਕੇ ਜਾਂਦੇ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਰਾਘਵ ਚੱਡਾ ਵੱਲੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ਚੱਡਾ ਵੱਲੋਂ 21 ਪਰਚੇ (FIRs) ਦਰਜ ਕਰਨ ਦੀ ਸਿੱਧੀ ਧਮਕੀ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ, ਭਾਜਪਾ ਇੱਕ 'ਵਾਸ਼ਿੰਗ ਮਸ਼ੀਨ' ਵਾਂਗ ਕੰਮ ਕਰ ਰਹੀ ਹੈ, ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂ ਜਾ ਕੇ ਆਪਣੇ ਦਾਗ਼ ਧੋਣ ਦੀ ਕੋਸ਼ਿਸ਼ ਕਰਦੇ ਹਨ। ਸੀਐਮ ਨੇ ਚੇਤਾਵਨੀ ਦਿੱਤੀ ਕਿ ਭਾਜਪਾ ਵਿੱਚ ਜਾ ਕੇ ਕਿਸੇ ਨੂੰ ਵੀ 'ਸੁਰੱਖਿਆ ਕਵਚ' ਨਹੀਂ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨ ਨੂੰ 'ਟਿੱਚ' ਜਾਣਦੀ ਹੈ ਅਤੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਅੰਦਰ ਕਦੇ ਵੀ ਪੈਰ ਨਹੀਂ ਪਾ ਸਕੇਗੀ। ਜੇਕਰ ਭਾਜਪਾ ਨੇ ਪੰਜਾਬੀਆਂ ਨਾਲ ਆਕੜ ਦਿਖਾਈ, ਤਾਂ ਉਸ ਦਾ ਜਵਾਬ ਪੰਜ ਗੁਣਾ ਤਾਕਤ ਨਾਲ ਦਿੱਤਾ ਜਾਵੇਗਾ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਕਦੇ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਦੀ ਅਤੇ ਕੇਂਦਰ ਵੱਲੋਂ ਸੰਸਦ ਮੈਂਬਰਾਂ ਨੂੰ ਡਰਾਉਣ ਦੀ ਨੀਤੀ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਵੇਗੀ।
Click to Follow Babushahi Facebook Page →