ਬਿਕਰਮ ਮਜੀਠੀਆ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
ਵਿਦੇਸ਼ੀ ਨੰਬਰ ਤੋਂ ਆਇਆ 'ਮੌਤ ਦਾ ਮੈਸੇਜ'
ਰਵੀ ਜੱਖੂ /ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 04 ਮਈ, 2026 ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਹ ਧਮਕੀ ਉਸੇ ਪੁਰਾਣੇ ਨੰਬਰ ਤੋਂ ਵਟਸਐਪ (WhatsApp) ਰਾਹੀਂ ਭੇਜੀ ਗਈ ਹੈ, ਜਿਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਥਰੈਟ (Threat) ਮਿਲ ਚੁੱਕੀ ਸੀ । ਮੈਸੇਜ ਵਿੱਚ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਵਰਤਦਿਆਂ ਕਿਹਾ ਗਿਆ ਹੈ ਕਿ "ਕੁਝ ਦਿਨ ਹੋਰ ਜ਼ਿੰਦਗੀ ਜੀ ਲਓ, ਟ੍ਰੇਲਰ (Trailer) ਜਲਦ ਆ ਰਿਹਾ ਹੈ" । ਜ਼ਿਕਰਯੋਗ ਹੈ ਕਿ ਜਿਸ ਦਿਨ ਸ਼ੰਭੂ ਨੇੜੇ ਰੇਲਵੇ ਲਾਈਨ 'ਤੇ ਬਲਾਸਟ ਹੋਇਆ ਸੀ, ਉਸੇ ਦਿਨ ਵੀ ਇਸ ਵਿਦੇਸ਼ੀ ਨੰਬਰ ਤੋਂ ਮੈਸੇਜ ਆਇਆ ਸੀ ਕਿ ਮਜੀਠੀਆ ਦਾ ਹਾਲ ਵੀ ਜਲਦ ਅਜਿਹਾ ਹੀ ਕੀਤਾ ਜਾਵੇਗਾ ।
ਬਿਕਰਮ ਮਜੀਠੀਆ ਦੀ ਸੁਰੱਖਿਆ ਦਾ ਮਾਮਲਾ ਇਸ ਵੇਲੇ ਕਾਫੀ ਗੰਭੀਰ ਬਣਿਆ ਹੋਇਆ ਹੈ ਅਤੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿੱਚ ਵਿਚਾਰ ਅਧੀਨ ਹੈ । ਆਈਬੀ (IB) ਦੀਆਂ ਰਿਪੋਰਟਾਂ ਵਿੱਚ ਵੀ ਸਮੇਂ-ਸਮੇਂ 'ਤੇ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਖਦਸ਼ੇ ਪ੍ਰਗਟ ਕੀਤੇ ਗਏ ਹਨ ਕਿ ਉਨ੍ਹਾਂ ਦੀ ਜਾਨ ਨੂੰ ਭਾਰੀ ਖਤਰਾ ਹੈ । ਯਾਦ ਰਹੇ ਕਿ ਪਿਛਲੇ ਸਾਲ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਮਿਲ ਰਹੀਆਂ ਇਨ੍ਹਾਂ ਧਮਕੀਆਂ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ । ਇਸ ਤਾਜ਼ਾ ਘਟਨਾਕ੍ਰਮ ਬਾਰੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ।
Click to Follow Babushahi Facebook Page →