ਮਿਸਲ ਸਤਲੁਜ ਦੀ ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਚੜ੍ਹਦੀ ਕਲਾ ਰੈਲੀ ਤੇ ਰੋਕ
*ਹਲਕਾ ਖਰੜ ਤੋਂ ਆਏ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕੁਰਾਲੀ ਸਿਸਵਾ ਮਾਰਗ ਜਾਮ ਕਰਕੇ ਰੋਸ ਰੈਲੀ*
*ਪੰਜਾਬੀ ਪੰਜਾਬ ਦੇ ਹੱਕਾਂ ਲਈ ਇਕੱਠੇ ਹੋਣ: ਅਜੇਪਾਲ ਸਿੰਘ ਬਰਾੜ*
ਬਾਬੂਸ਼ਾਹੀ ਬਿਊਰੋ
*ਕੁਰਾਲੀ 3 ਮਈ, 2026 ਅੱਜ ਮਿਸਲ ਸਤਲੁਜ ਵੱਲੋਂ ਐਲਾਨੀ ਗਈ ਚੜਦੀ ਕਲਾ ਰੈਲੀ ਜੋ ਕਿ ਕੁਰਾਲੀ ਦੇ ਫਤਿਹਗੜ੍ਹ ਪੈਲੇਸ ਵਿੱਚ ਹੋਣੀ ਸੀ, ਪੰਜਾਬ ਸਰਕਾਰ ਵੱਲੋਂ ਇਹ ਰੈਲੀ ਫਤਿਹਗੜ੍ਹ ਪੈਲਸ ਵਿੱਚ ਨਹੀਂ ਹੋਣ ਦਿੱਤੀ ਗਈ । ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਰਾਹੀਂ ਨਜਾਇਜ਼ ਤੌਰ ਤੇ ਦਖਲ ਅੰਦਾਜ਼ੀ ਨਾਲ ਰੈਲੀ ਫਤਿਹਗੜ ਪੈਲਸ ਵਿੱਚ ਨਹੀਂ ਹੋਣ ਦਿਤੀ ।*
*ਉਹਨਾਂ ਦੱਸਿਆ ਕਿ ਖਰੜ ਹਲਕੇ ਵਿੱਚੋਂ ਵੱਡੀ ਗਿਣਤੀ ਵਿੱਚ ਵਿੱਚ ਮਿਸਲ ਸਤਲੁਜ ਦੇ ਮੈਂਬਰ ਅਤੇ ਹੋਰ ਸਹਿਯੋਗੀ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਸਨ,ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਮਿਸਲ ਸਤਲੁਜ ਦੇ ਮੈਂਬਰਾਂ ਅਤੇ ਸਹਿਯੋਗੀ ਲੋਕਾਂ ਵੱਲੋਂ ਕੁਰਾਲੀ ਸਿਸਵਾ ਮਾਰਗ ਤੇ ਸੜਕ ਜਾਮ ਲਗਾ ਕੇ ਰੋਸ ਰੈਲੀ ਕੀਤੀ ਗਈ ।*
*ਮਿਸਲ ਸਤਲੁਜ ਜਥੇਬੰਦੀ ਵੱਲੋਂ ਇਸ ਕਾਰਵਾਈ ਦੀ ਭਰਪੂਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ।*
*ਬਾਦ ਵਿਚ ਮਿਸਲ ਸਤਲੁਜ ਵੱਲੋਂ ਕੁਰਾਲੀ ਸਿਸਵਾ ਮਾਰਗ ਤੋਂ ਮੁਲਾਂਪੁਰ ਤੱਕ ਰੋਡ ਸ਼ੋਅ ਕਢਿਆ ਗਿਆ।*
*ਇਸ ਮੌਕੇ ਪੰਜਾਬ ਨੂੰ ਮੁੜ ਤੋਂ 1 ਨੰਬਰ ਸੂਬਾ ਬਣਾਉਣ ਲਈ ਇਕਜੁੱਟ ਹੋਣ ਦਾ ਸੰਕਲਪ ਦੁਹਰਾਇਆ ਗਿਆ। ਇਸ ਮੌਕੇ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਭਾਵੁਕ ਸੰਬੋਧਨ ਦੌਰਾਨ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਲੜਾਈ ਲਈ ਅੱਗੇ ਆਉਣ ਅਤੇ “ਚੜ੍ਹਦੀਕਲਾ ਪੰਜਾਬ” ਦੀ ਮੁੜ ਉਸਾਰੀ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅੱਜ ਦਾ ਪੰਜਾਬ ਇੱਕ ਅਜਿਹੇ ਸੰਵੇਦਨਸ਼ੀਲ ਮੋੜ ‘ਤੇ ਖੜ੍ਹਾ ਹੈ ਜਿੱਥੇ ਉਮੀਦ ਅਤੇ ਪੀੜ ਦਾ ਮਿਲਾਪ ਸਾਫ਼ ਦਿਖਾਈ ਦਿੰਦਾ ਹੈ।*
*ਉਨ੍ਹਾਂ ਕਿਹਾ ਕਿ ਕਦੇ ਸੋਨੇ ਵਰਗੀ ਉਪਜਾਊ ਧਰਤੀ ਵਾਲਾ ਪੰਜਾਬ ਅੱਜ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸੰਕਟਾਂ ਵਿੱਚ ਘਿਰਿਆ ਹੋਇਆ ਹੈ। ਪੰਜਾਬੀ ਵਿੱਚ ਨੌਜਵਾਨੀ ਦਾ ਵੱਧਦਾ ਪ੍ਰਵਾਸ, ਕਿਸਾਨੀ ਦਾ ਸੰਕਟ ਅਤੇ ਉਦਯੋਗਾਂ ਦਾ ਪਲਾਇਨ ਸੂਬੇ ਦੀ ਰੀੜ੍ਹ ਦੀ ਹੱਡੀ ਅਤੇ ਆਰਥਿਕਤਾ ਨੂੰ ਕਮਜ਼ੋਰ ਕਰ ਰਹੇ ਹਨ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਅੱਜ ਪੰਜਾਬ ਦੀਆਂ ਮਾਵਾਂ ਦੀਆਂ ਅੱਖਾਂ ‘ਚ ਹੰਝੂ ਹਨ ਅਤੇ ਪਿੰਡਾਂ ਦੇ ਵਿਹੜੇ ਸੁੰਨੇ ਪੈ ਗਏ ਹਨ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਸੰਘੀ ਢਾਂਚੇ ਦੀ ਆਤਮਾ ਨੂੰ ਨਜ਼ਰਅੰਦਾਜ਼ ਕਰਦਿਆਂ ਸੂਬਿਆਂ ਦੇ ਅਧਿਕਾਰਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਪਾਣੀਆਂ ਦੇ ਮਸਲੇ, ਜੀਐਸਟੀ ਬਕਾਏ ਅਤੇ ਪੇਂਡੂ ਵਿਕਾਸ ਫੰਡਾਂ ਦੇ ਰੋਕੇ ਜਾਣ ਨੂੰ ਉਨ੍ਹਾਂ ਨੇ ਪੰਜਾਬ ਨਾਲ ਵੱਡੀ ਬੇਇਨਸਾਫ਼ੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਇਤਿਹਾਸਕ ਰੂਹ ਕਦੇ ਵੀ ਜ਼ੁਲਮ ਅੱਗੇ ਝੁਕਣ ਵਾਲੀ ਨਹੀਂ।*
*ਡਬਲ ਇੰਜਣ ਸਰਕਾਰ’ ਦੇ ਨਾਅਰੇ ਨੂੰ ਇੱਕ ਭਰਮ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਖਤਮ ਕਰਨ ਵਾਲਾ ਸਿਆਸੀ ਹਥਕੰਡਾ ਹੈ। ਉਨ੍ਹਾਂ ਤਾਮਿਲਨਾਡੂ, ਕੇਰਲਾ ਅਤੇ ਓਡੀਸ਼ਾ ਦੀਆਂ ਮਿਸਾਲਾਂ ਦੇ ਕੇ ਦੱਸਿਆ ਕਿ ਵਿਕਾਸ ਲਈ ਸੱਚੀ ਨੀਅਤ ਅਤੇ ਲੋਕ-ਕੇਂਦ੍ਰਿਤ ਨੀਤੀਆਂ ਹੀ ਅਸਲ ਤਾਕਤ ਹੁੰਦੀਆਂ ਹਨ।*
*ਪੰਜਾਬ ਦੀ ਆਰਥਿਕ ਸਥਿਤੀ ‘ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਭਾਰੀ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਹਰ ਨਵਾਂ ਜੰਮਦਾ ਬੱਚਾ ਕਰਜ਼ੇ ਦੇ ਬੋਝ ਨਾਲ ਜਨਮ ਲੈ ਰਿਹਾ ਹੈ। ਉਨਾਂ ਕਿਹਾ ਕਿ ਉਦਯੋਗਾਂ ਦੇ ਬੰਦ ਹੋਣ ਅਤੇ ਮਾਫੀਆਵਾਦ ਦੇ ਵਧਦੇ ਪ੍ਰਭਾਵ ਨੇ ਸੂਬੇ ਦੀ ਆਰਥਿਕਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ।*
*ਪੰਜਾਬ ਵਿੱਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਵੀ ਮੰਦਹਾਲੀ ‘ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਨੌਜਵਾਨ ਬੇਰੁਜ਼ਗਾਰੀ ਕਾਰਨ ਨਿਰਾਸ਼ ਹਨ ਅਤੇ ਸਿਹਤ ਪ੍ਰਣਾਲੀ ਡਗਮਗਾ ਰਹੀ ਹੈ। ਉਨ੍ਹਾਂ ਇਸ ਸਥਿਤੀ ਨੂੰ “ਪੰਜਾਬ ਦੀ ਰੂਹ ਦਾ ਡਰੇਨ” ਕਰਾਰ ਦਿੱਤਾ।*
*ਇਸਦੇ ਨਾਲ ਹੀ ਉਨ੍ਹਾਂ ਹੱਲ ਵੀ ਪੇਸ਼ ਕੀਤੇ, ਜਿਨ੍ਹਾਂ ਵਿੱਚ ਖੇਤੀ-ਅਧਾਰਿਤ ਉਦਯੋਗਾਂ ਦੀ ਸਥਾਪਨਾ, ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ, ਭ੍ਰਿਸ਼ਟਾਚਾਰ ‘ਤੇ ਨਕੇਲ ਅਤੇ ਨੌਜਵਾਨਾਂ ਲਈ ਹੁਨਰ ਵਿਕਾਸ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ ‘ਤੇ ਲੈ ਜਾਣਗੇ ਅਤੇ ਨੌਜਵਾਨਾਂ ਨੂੰ ਆਪਣੇ ਮੂਲ ਨਾਲ ਜੋੜਨਗੇ।*
*ਉਨ੍ਹਾਂ ਪੰਜਾਬੀਆਂ ਨੂੰ ਜਾਗਰੂਕ ਹੋ ਕੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਮਾਂ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਫੈਸਲਾਕੁਨ ਲੜਾਈ ਦਾ ਹੈ। ਉਨ੍ਹਾਂ ਸੁਰਜੀਤ ਪਾਤਰ ਦੀਆਂ ਪੰਕਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਮੁੜ ਖਿੜ ਸਕਦਾ ਹੈ ਜੇਕਰ ਲੋਕ ਏਕਤਾ ਅਤੇ ਹਿੰਮਤ ਨਾਲ ਅੱਗੇ ਵਧਣ।*
*ਸੜਕ ਜਾਮ ਵਿੱਚ ਗੂੰਜਦਿਆਂ ਜੈਕਾਰਿਆਂ “ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ!” ਨਾਲ ਹੋਇਆ, ਜਿਸ ਨੇ ਹਾਜ਼ਰ ਲੋਕਾਂ ਵਿੱਚ ਨਵੀਂ ਉਮੀਦ ਅਤੇ ਜੋਸ਼ ਦੀ ਲਹਿਰ ਪੈਦਾ ਕਰ ਦਿੱਤੀ।*
Click to Follow Babushahi Facebook Page →