ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ (ਪੱਛਮੀ) ਵਿੱਚ ਨਾਗਰਿਕ ਸਹੂਲਤਾਂ ਦੇ ਮਾੜੇ ਹਾਲਾਤਾਂ 'ਤੇ ਜਤਾਈ ਚਿੰਤਾ
ਨਗਰ ਨਿਗਮ ਕਮਿਸ਼ਨਰ ਕੋਲ ਤੁਰੰਤ ਕਾਰਵਾਈ ਦੀ ਮੰਗ
ਸਾਬਕਾ ਜਿਲ੍ਹਾ ਕਾਂਗਰਸ ਪ੍ਰਧਾਨ ਨੇ ਪੁਰਾਣੀਆਂ ਸੀਵਰੇਜ ਲਾਈਨਾਂ ਅਤੇ ਪੁੱਟੀਆਂ ਸੜਕਾਂ ਬਾਰੇ ਦਿੱਤੀ ਚੇਤਾਵਨੀ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਲੁਧਿਆਣਾ, 3 ਮਈ ,2026
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਗੰਭੀਰ ਨਾਰਾਜ਼ਗੀ ਜਤਾਉਂਦਿਆਂ ਕਿਹਾ ਹੈ ਕਿ ਸ਼ਹਿਰ ਦੇ ਬਹੁਤੇ ਇਲਾਕੇ, ਖ਼ਾਸ ਕਰਕੇ ਲੁਧਿਆਣਾ (ਪੱਛਮੀ) ਹਲਕੇ ਅਧੀਨ ਆਉਂਦੇ ਖੇਤਰ, ਅਜੇ ਵੀ ਬੁਨਿਆਦੀ ਨਾਗਰਿਕ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਕਾਰਨ ਵਸਨੀਕ ਆਪਣੇ ਆਪ ਨੂੰ ਪਰੇਸ਼ਾਨ ਅਤੇ ਅਣਗੋਲਿਆ ਮਹਿਸੂਸ ਕਰ ਰਹੇ ਹਨ।
ਇਸ ਲੜੀ ਹੇਠ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੂੰ ਲਿਖੇ ਪੱਤਰ ਵਿੱਚ ਦੀਵਾਨ ਨੇ ਦਰਸਾਇਆ ਹੈ ਕਿ ਲੁਧਿਆਣਾ ਪੱਛਮੀ ਵਿੱਚ ਦਹਾਕਿਆਂ ਪੁਰਾਣੇ ਸੀਵਰੇਜ ਪਾਈਪਲਾਈਨ ਜਾਲ ਬਹੁਤ ਤੰਗ, ਮਾੜੇ ਹਾਲਾਤਾਂ ਵਿੱਚ ਅਤੇ ਮੌਜੂਦਾ ਲੋੜਾਂ ਅਨੁਸਾਰ ਬਿਲਕੁਲ ਅਣਉਚਿਤ ਹੈ, ਖ਼ਾਸ ਕਰਕੇ ਮਾਨਸੂਨ ਦੌਰਾਨ ਹਾਲਾਤ ਸੱਭ ਦੇ ਸਾਹਮਣੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਕਾਰਨ ਹਲਕੇ ਦੇ ਵੱਡੇ ਹਿੱਸੇ ਅਜੇ ਵੀ ਢੰਗ ਦੇ ਸੀਵਰੇਜ ਪ੍ਰਬੰਧ ਤੋਂ ਵਾਂਝੇ ਹਨ ਅਤੇ ਉੱਚ ਵਰਗ ਦੀਆਂ ਕਾਲੋਨੀਆਂ ਵਿੱਚ ਵੀ ਹਲਕੀ ਬਾਰਿਸ਼ ਤੋਂ ਬਾਅਦ ਗੰਦਾ ਪਾਣੀ ਵਾਪਸ ਘਰਾਂ ਵਿੱਚ ਆ ਜਾਂਦਾ ਹੈ, ਜਿਸ ਨਾਲ ਹਾਲਾਤ ਨਰਕ ਵਰਗੇ ਬਣ ਜਾਂਦੇ ਹਨ ਅਤੇ ਲੋਕਾਂ ਨੂੰ ਬਦਬੂ, ਬਿਮਾਰੀਆਂ ਅਤੇ ਸਿਹਤ ਸੰਬੰਧੀ ਗੰਭੀਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਘਰਾਂ ਵਿੱਚ ਗੰਦਾ ਪਾਣੀ ਭਰ ਜਾਂਦਾ ਹੈ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਫੈਲਦੀਆਂ ਹਨ ਅਤੇ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੁੰਦਾ ਹੈ। ਦੀਵਾਨ ਨੇ ਕਿਹਾ ਕਿ ਹਰ ਮਾਨਸੂਨ ਮੌਸਮ ਵਿੱਚ ਲੁਧਿਆਣਾ ਨਗਰ ਨਿਗਮ ਵੱਲੋਂ ਸੀਵਰ ਲਾਈਨਾਂ ਦੀ ਡੀ-ਸਿਲਟਿੰਗ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਹ ਕਾਰਵਾਈ ਕਾਗਜ਼ਾਂ ਤੱਕ ਹੀ ਸੀਮਿਤ ਰਹਿੰਦੀ ਹੈ। ਉਨ੍ਹਾਂ ਜ਼ੋਰ ਦਿੰਦਿਆਂ, ਕਿਹਾ ਕਿ ਇਸਦਾ ਸਥਾਈ ਹੱਲ ਪੁਰਾਣੀਆਂ ਪਾਈਪਲਾਈਨਾਂ ਨੂੰ ਵੱਡੀਆਂ ਲਾਈਨਾਂ ਨਾਲ ਬਦਲਣਾ ਹੈ ਅਤੇ ਬਿਨਾਂ ਦੇਰੀ ਨਵੀਆਂ, ਚੌੜੀਆਂ ਸੀਵਰੇਜ ਲਾਈਨਾਂ ਪਾਉਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮਾਨਸੂਨ ਤੋਂ ਪਹਿਲਾਂ ਲੁਧਿਆਣਾ (ਪੱਛਮੀ) ਦੇ ਸਾਰੇ ਸੀਵਰ ਪੁਆਇੰਟਾਂ (ਅੱਪ ਅਤੇ ਡਾਊਨ) ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ।
ਇਸੇ ਤਰ੍ਹਾਂ, ਦੀਵਾਨ ਨੇ ਲੁਧਿਆਣਾ ਵਿੱਚ ਚੱਲ ਰਹੇ ਨਹਿਰ ਆਧਾਰਿਤ ਪਾਣੀ ਸਪਲਾਈ ਪ੍ਰੋਜੈਕਟ ਦਾ ਵੀ ਜ਼ਿਕਰ ਕੀਤਾ, ਜਿਸਦਾ ਉਦੇਸ਼ ਭੂਜਲ ਦੀ ਥਾਂ ਟ੍ਰੀਟ ਕੀਤਾ ਪਾਣੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪਾਈਪਲਾਈਨਾਂ ਪਾਉਣ ਦੌਰਾਨ ਕਈ ਇਲਾਕਿਆਂ ਵਿੱਚ ਸੜਕਾਂ ਪੁੱਟ ਕੇ ਛੱਡ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ ਅਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ।
ਦੀਵਾਨ ਨੇ ਕਿਹਾ ਕਿ ਇਹ ਖਤਰਾ ਖ਼ਾਸ ਕਰਕੇ ਜਵੱਦੀ ਰੋਡ, ਮਾਡਲ ਟਾਊਨ ਐਕਸਟੈਂਸ਼ਨ, ਸਰਾਭਾ ਨਗਰ ਅਤੇ ਮਾਡਲ ਟਾਊਨ ਦੇ ਕੁਝ ਹਿੱਸਿਆਂ ਵਿੱਚ ਵੱਧ ਹੈ, ਜਿੱਥੇ ਇਹ ਟੁੱਟੀਆਂ ਸੜਕਾਂ ਸਕੂਲਾਂ ਦੇ ਨੇੜੇ ਹਨ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਬਣੀਆਂ ਹੋਈਆਂ ਹਨ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਤੁਰੰਤ ਦੇਖਿਆ ਜਾਵੇ ਅਤੇ ਹੁਕਮ ਜਾਰੀ ਕੀਤੇ ਜਾਣ ਕਿ ਜਿੱਥੇ ਵੀ ਪਾਈਪਲਾਈਨ ਪਾਉਣ ਲਈ ਸੜਕ ਖੋਦੀ ਜਾਵੇ, ਕੰਮ ਮੁਕੰਮਲ ਹੋਣ ਦੇ ਤੁਰੰਤ ਬਾਅਦ ਉਸਦੀ ਮੁਰੰਮਤ ਅਤੇ ਕਾਰਪੇਟਿੰਗ ਕੀਤੀ ਜਾਵੇ।
ਦੀਵਾਨ ਨੇ ਸ਼ਹਿਰ ਭਰ ਵਿੱਚ ਮਲੇਰੀਆ, ਡੇਂਗੂ ਅਤੇ ਹੋਰ ਵੈਕਟਰ ਜਨਿਤ ਬਿਮਾਰੀਆਂ ਤੋਂ ਬਚਾਅ ਲਈ ਤੁਰੰਤ ਫੋਗਿੰਗ ਮੁਹਿੰਮ ਚਲਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਡੇਂਗੂ ਅਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੋਕ ਸਿਹਤ ਲਈ ਗੰਭੀਰ ਖਤਰਾ ਹਨ ਅਤੇ ਜੇਕਰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਕੀਮਤੀ ਜਾਨਾਂ ਵੀ ਜਾ ਸਕਦੀਆਂ ਹਨ। ਉਨ੍ਹਾਂ ਲੋਕ ਹਿੱਤ ਵਿੱਚ ਨਿਗਮ ਕਰਮਚਾਰੀਆਂ ਨੂੰ ਤੁਰੰਤ ਅਤੇ ਨਿਯਮਿਤ ਫੋਗਿੰਗ ਮੁਹਿੰਮ ਚਲਾਉਣ ਦੇ ਸਖ਼ਤ ਹੁਕਮ ਜਾਰੀ ਕਰਨ ਦੀ ਮੰਗ ਕੀਤੀ।
ਅਖੀਰ ਵਿੱਚ ਦੀਵਾਨ ਨੇ ਕਿਹਾ ਕਿ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਖੁਦ ਲੁਧਿਆਣਾ ਦੇ ਵਸਨੀਕ ਹਨ ਅਤੇ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਹਨ। ਜੇਕਰ ਉਨ੍ਹਾਂ ਦਾ ਆਪਣਾ ਹਲਕਾ ਹੀ ਇਸ ਤਰ੍ਹਾਂ ਨਾਗਰਿਕ ਸੰਕਟ ਦਾ ਸ਼ਿਕਾਰ ਹੈ, ਤਾਂ ਬਾਕੀ ਲੁਧਿਆਣਾ ਅਤੇ ਪੰਜਾਬ ਦੇ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
Click to Follow Babushahi Facebook Page →