ਪੰਜਾਬ ਦੇ Governer ਗੁਲਾਬ ਚੰਦ ਕਟਾਰੀਆ ਨੇ ਦੀਵਾਨ ਟੋਡਰ ਮੱਲ ਹਵੇਲੀ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ
*ਦੀਵਾਨ ਟੋਡਰ ਮੱਲ ਜੀ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸਸਕਾਰ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ
ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ:
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਦੀਵਾਨ ਟੋਡਰ ਮੱਲ ਹਵੇਲੀ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਹਵੇਲੀ ਦੇ ਨਿਰਮਾਣ ਲਈ ਅਪਣਾਈ ਜਾ ਰਹੀ ਕਾਰਜ ਵਿਧੀ ਅਤੇ ਵਰਤੀ ਜਾ ਰਹੀ ਨਿਰਮਾਣ ਸਮੱਗਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਸ਼੍ਰੀ ਕਟਾਰੀਆ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਉਨਾਂ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਨਵਾਬ ਵਜੀਦ ਖਾਂ ਪਾਸੋਂ ਖਰੀਦੀ ਗਈ ਜਗ੍ਹਾ, ਦੁਨੀਆਂ ਦੀ ਸਭ ਤੋਂ ਕੀਮਤੀ ਜਗ੍ਹਾ ਹੈ ਅਤੇ ਇਹੋ ਜਿਹੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ। ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਇਸ ਉੱਦਮ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਨਾਲ ਜੋੜਨ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ, ਦੀਵਾਨ ਟੋਡਰ ਮੱਲ ਵਿਰਾਸਸਤੀ ਫਾਊਂਡੇਸ਼ਨ ਦੇ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਮੈਨੇਜਰ ਸੁਰਿੰਦਰ ਸਿੰਘ, ਮੁੱਖ ਇੰਜਨੀਅਰ ਨਮਤਾ ਜਸਪਾਲ, ਮਹਾਰਾਣੀ ਪ੍ਰੀਤੀ ਸਿੰਘ ਨਾਭਾ, ਕ੍ਰਿਪਾਲ ਸਿੰਘ ਬਲਾਕੀਪੁਰ, ਸੰਨਮੀਤ ਸਿੰਘ, ਮੀਤ ਗੁਰਦੇਵ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
Click to Follow Babushahi Facebook Page →