ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਲਗਾਤਾਰ ਤੀਜੀ ਵਾਰ ਐਨ.ਕਿਊ.ਏ.ਐਸ 'ਚ ਅੱਵਲ
ਅਸ਼ੋਕ ਵਰਮਾ
ਗੋਨਿਆਣਾ,11 ਅਪ੍ਰੈਲ 2026 : ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਗੋਨਿਆਣਾ ਨੇ ਵੱਡਾ ਮਾਅਰਕਾ ਮਾਰਦੇ ਹੋਏ ਲਗਾਤਾਰ ਤੀਜੀ ਵਾਰ ਰਾਸ਼ਟਰੀ ਕੁਆਲਟੀ ਐਸ਼ਿਉਰੈਂਸ ਸਰਟੀਫਿਕੇਟ (ਐਨ.ਕਿਊ.ਏ.ਐਸ.) ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸੰਸਥਾ ਨੇ ਪਹਿਲੀ ਵਾਰ ਸਾਲ 2018 ਵਿੱਚ 94.56 ਅੰਕ ਹਾਸਿਲ ਕਰਕੇ ਇਹ ਸਰਟੀਫਿਕੇਟ ਪ੍ਰਾਪਤ ਕੀਤਾ ਸੀ ਜਦਕਿ ਦੂਜੀ ਵਾਰ ਸਾਲ 2022 ਵਿੱਚ 95.58 ਅੰਕ ਅਤੇ ਹੁਣ 91 ਫੀਸਦੀ ਅੰਕ ਪ੍ਰਾਪਤ ਕਰਕੇ ਇਹ ਸਰਟੀਫਿਕੇਟ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹੁੰਦੀ ਇੰਸਪੈਕਸ਼ਨ ਦੌਰਾਨ ਦੇਖਿਆ ਜਾਂਦਾ ਹੈ ਕਿ ਸੰਸਥਾ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਗੁਣਵੱਤਾ ਕਿੰਨੀ ਹੈ। ਇਸ ਤੋਂ ਇਲਾਵਾ ਸਟਾਫ਼ ਦੀ ਕਾਰਗੁਜ਼ਾਰੀ ਕਿਸ ਪੱਧਰ ਦੀ ਹੈ।
ਇਸ ਪ੍ਰਾਪਤੀ ਨੂੰ ਦੇਖਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਧੀਰਾ ਗੁਪਤਾ ਨੇ ਸਟਾਫ਼ ਦੀ ਹੌਸਲਾ ਅਫ਼ਜਾਈ ਲਈ ਇੱਕ ਪਾਰਟੀ ਰੱਖੀ। ਇਸ ਦੌਰਾਨ ਬੋਲਦਿਆਂ ਐਸ.ਐਮ.ਓ. ਨੇ ਕਿਹਾ ਕਿ ਸੀ.ਐਚ.ਸੀ. ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਸਟਾਫ਼ ਦੀ ਬਿਹਤਰ ਕਾਰਗੁਜ਼ਾਰੀ ਦੀ ਬਦੌਲਤ ਇ ਨੂੰ ਇਹ ਸਰਟੀਫਿਕੇਟ ਲਗਾਤਾਰ ਤੀਜੀ ਵਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਮੁੱਚਾ ਸਟਾਫ਼ ਵਧਾਈ ਦਾ ਪਾਤਰ ਹੈ। ਉਨ੍ਹਾਂ ਸਟਾਫ਼ ਨੂੰ ਸੁਝਾਅ ਦਿੱਤਾ ਕਿ ਇਸ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਇਆ ਜਾਵੇ ਕਿਉਂਕਿ ਅਜਿਹੀ ਪ੍ਰਾਪਤੀ ਤੋਂ ਬਾਅਦ ਜਾਂਚ ਕਰਨ ਵਾਲੇ ਅਧਿਕਾਰੀਆਂ ਦੀਆਂ ਉਮੀਦਾਂ ਹੋਰ ਜ਼ਿਆਦਾ ਵਧ ਜਾਂਦੀਆਂ ਹਨ।
Click to Follow Babushahi Facebook Page →