ਦੋ ਦਸੰਬਰ ਦੇ ਆਦੇਸ਼ਾਂ ਨੂੰ ਸਾਜਿਸ਼ ਦੱਸ ਕੇ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਕਰ ਰਿਹਾ ਹੈ ਚੈਲੰਜ- ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ, 8 ਅਪ੍ਰੈਲ 2026- ਦੋ ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਆਦੇਸ਼ ਹੋਏ ਸਨ, ਉਹ ਪੂਰੇ ਵਿਧੀ ਵਿਧਾਨ ਨਾਲ ਪੰਜ ਸਿੰਘ ਸਾਹਿਬਾਨ ਦੇ ਸੰਯੁਕਤ ਫੈਸਲੇ ਸਨ। ਜਿੰਨਾ ਨੂੰ ਸਾਜਿਸ਼ ਦੱਸ ਕੇ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਅੱਡਰੀ ਅਤੇ ਆਜਾਦ ਹਸਤੀ ਨੂੰ ਖੁੱਲ੍ਹਾ ਚੈਲੰਜ ਕਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਦੀ ਚੰਡੀਗੜ੍ਹ ਵਿੱਚ ਹੋਈ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾ ਕਿਹਾ ਕਿ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਕਿ ਇਹ ਏਜੰਸੀਆਂ ਦੀ ਸਾਜਿਸ਼ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪ੍ਰਧਾਨੀ ਸਿਧਾਂਤ ਉੱਤੇ ਵੱਡਾ ਹਮਲਾ ਹੈ। ਇਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ। ਅਕਾਲੀ ਦਲ ਬਾਦਲ ਦੀ ਦਸ ਸਾਲ ਦੀ ਸਰਕਾਰ ਵਿੱਚ ਜੋ ਸਿੱਖ ਵਿਰੋਧੀ ਗੁਨਾਹ ਹੋਏ ਸਨ, ਉਨਾਂ ਦੀ ਮਾਫੀ ਵਾਸਤੇ ਸੁਧਾਰ ਲਹਿਰ ਦੇ ਸਾਰੇ ਆਗੂ ਆਪਸੀ ਸਹਿਮਤੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ ਸਨ। ਆਗੂਆਂ ਨੇ ਪੰਜ ਸਿੰਘ ਸਾਹਿਬਾਨ ਨੂੰ ਲਿਖਤੀ ਤੌਰ ਤੇ ਕਿਹਾ ਸੀ ਕਿ ਉਸ ਸਰਕਾਰ ਦਾ ਹਿੱਸਾ ਹੋਣ ਕਾਰਨ ਸਾਨੂੰ ਉਨਾਂ ਗੁਨਾਹਾਂ ਦੀ ਸਜ਼ਾ ਲਾਈ ਜਾਵੇ। ਉਸੇ ਲਿਖਤ ਦੇ ਆਧਾਰ ਤੇ ਹੀ ਅਸਲੀ ਵੱਡੇ ਗੁਨਾਹਗਾਰ ਨੂੰ ਤਲਬ ਕੀਤਾ ਗਿਆ। ਜਿਸ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਸਭ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕੀਤੇ ਸਨ। ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਸਿੰਘ ਸਾਹਿਬਾਨ ਦੀ ਪੰਚਾਇਤ ਨੇ ਜੋ ਫੈਸਲੇ ਕੀਤੇ ਸਨ, ਉਹ ਸਿੱਖ ਪ੍ਰੰਪਰਾ ਅਤੇ ਮਰਿਯਾਦਾ ਅਨੁਸਾਰ ਸਨ। ਉਸ ਨੂੰ ਸਾਜਿਸ਼ ਕਹਿਣ ਵਾਲੇ ਇਹ ਦੱਸਣ ਕਿ ਕੀ ਅਕਾਲੀ ਸਰਕਾਰ ਵੇਲੇ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦਾ ਗੁਨਾਹ ਨਹੀਂ ਸੀ ਕੀਤਾ? ਫਿਰ ਉਸ ਦੇ ਖਿਲਾਫ ਦਰਜ ਹੋਇਆ ਕੇਸ ਅਕਾਲੀ ਸਰਕਾਰ ਨੇ ਰਫਾ ਦਫਾ ਨਹੀਂ ਕੀਤਾ? ਸੌਦਾ ਸਾਧ ਨੂੰ ਬਿਨਾਂ ਮੰਗਣ ਤੋਂ ਮਾਫੀ ਨਹੀਂ ਦਿੱਤੀ ਗਈ? ਉਸ ਮਾਫੀ ਦੇ ਪ੍ਰਚਾਰ ਲਈ ਗੁਰੂ ਕੀ ਗੋਲਕ ਦੇ 92 ਲੱਖ ਰੁਪਏ ਇਸ਼ਤਿਹਾਰਾਂ 'ਤੇ ਖਰਚ ਨਹੀਂ ਕੀਤੇ ਗਏ ਸਨ? ਅਕਾਲੀ ਸਰਕਾਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਸਾਹਿਬ ਨਹੀਂ ਚੋਰੀ ਹੋਈ? ਕੀ ਲਿਖਤੀ ਚੈਲੰਜ ਕਰ ਕੇ ਉਸ ਬੀੜ ਸਾਹਿਬ ਬੇਅਦਬੀ ਨਹੀਂ ਕੀਤੀ ਗਈ ਸੀ? ਅਕਾਲੀ ਸਰਕਾਰ ਵੇਲੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਗਈਆਂ? ਉਸ ਸਰਕਾਰ ਵੇਲੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਨਹੀਂ ਵਾਪਰਿਆ? ਜੇ ਇਹ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਸਾਹਮਣੇ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕੀਤਾ ਹੈ ਤਾਂ ਫਿਰ ਇਹ ਏਜੰਸੀਆਂ ਦੀ ਸਾਜਿਸ਼ ਕਿੱਦਾਂ ਅਤੇ ਕਿਵੇਂ ਹੋਈ?
ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸੋਚਦੇ ਹਨ ਕਿ ਉਹ ਇਸ ਸਾਰੇ ਇਤਿਹਾਸਕ ਘਟਨਾਕ੍ਰਮ ਨੂੰ ਸਾਜਿਸ਼ ਕਹਿ ਕੇ ਫਿਰ ਤੋਂ ਕੁਰਸੀ ਹਾਸਲ ਕਰ ਲੈਣਗੇ। ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਗੁਨਾਹਾਂ ਦਾ ਫੈਸਲਾ ਲੋਕ 2017 ਤੋਂ ਲੈ ਕੇ ਹੁਣ ਤੱਕ ਹੋਈਆਂ ਚੋਣਾਂ ਵਿੱਚ ਕਰ ਚੁਕੇ ਹਨ। ਉਹ ਫੈਸਲਾ ਹੀ ਹੈ ਕਿ ਅੱਜ ਵਿਧਾਨ ਸਭਾ ਵਿੱਚ ਇਹਨਾਂ ਦੀ ਇੱਕ ਸੀਟ ਹੈ। ਹੁਣ ਇਹ ਗੁਰੂ ਦੀ ਹਜ਼ੂਰੀ ਵਿੱਚ ਮੰਨ ਕੇ ਮੁਕਰਨ ਵਾਲਾ ਅਤੇ ਫੈਸਲਿਆਂ ਨੂੰ ਸਾਜਿਸ਼ ਦੱਸਣ ਵਾਲਾ ਉਹ ਗੁਨਾਹ ਕਰ ਰਹੇ ਹਨ, ਜੋ ਇਹਨਾਂ ਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਕਰਵਾਏਗਾ। ਉਹਨਾਂ ਨੇ ਕਿਹਾ ਕਿ ਅਸੀਂ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਗੁਰੂ ਦੀ ਬਖਸ਼ਿਸ਼ ਸਮਝਦੇ ਹਾਂ। ਜਿਨਾਂ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੀ ਪਿੱਠ ਨਹੀਂ ਦਿਖਾਵਾਂਗੇ। ਅੱਜ ਦੀ ਇਸ ਮੀਟਿੰਗ ਵਿੱਚ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਪਰਮਿੰਦਰ ਸਿੰਘ ਢੀਡਸਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਸੁਰਜੀਤ ਸਿੰਘ ਰੱਖੜਾ ਸ ਸੁੱਚਾ ਸਿੰਘ ਛੋਟੇਪੁਰ, ਸ ਇਕਬਾਲ ਸਿੰਘ ਝੂੰਦਾਂ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਸਰਵਣ ਸਿੰਘ ਫਿਲੌਰ, ਸ ਜਸਵਿੰਦਰ ਸਿੰਘ ਬੋਪਾਰਾਏ, ਸ ਜਗਜੀਤ ਸਿੰਘ ਕੋਹਲੀ ਆਦਿ ਆਗੂ ਹਾਜ਼ਰ ਸਨ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
Click to Follow Babushahi Facebook Page →