Middle East War: 'ਅਗਲੇ 48 ਘੰਟਿਆਂ ਲਈ ਜਿੱਥੇ ਹੋ, ਉੱਥੇ ਹੀ ਰਹੋ'! ਈਰਾਨ 'ਚ ਰਹਿ ਰਹੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਵਾਸ਼ਿੰਗਟਨ/ਤੇਹਰਾਨ, 7 ਅਪ੍ਰੈਲ 2026: ਮੱਧ ਪੂਰਬ ਵਿੱਚ ਜਾਰੀ ਜੰਗ ਹੁਣ ਇੱਕ ਅਜਿਹੇ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ, ਜਿੱਥੇ ਪਰਮਾਣੂ ਹਮਲੇ ਜਾਂ ਪੂਰਨ ਵਿਨਾਸ਼ ਦਾ ਡਰ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਖ਼ੌਫ਼ਨਾਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਅੱਜ ਰਾਤ ਦੁਨੀਆ ਦੀ ਇੱਕ ਪੂਰੀ ਸਭਿਅਤਾ ਖ਼ਤਮ ਹੋ ਸਕਦੀ ਹੈ।
ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਰਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤੀਆਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪਾਵਰ ਪਲਾਂਟਾਂ, ਫੌਜੀ ਟਿਕਾਣਿਆਂ ਅਤੇ ਬਹੁ-ਮੰਜ਼ਿਲਾ ਇਮਾਰਤਾਂ ਦੀਆਂ ਉੱਪਰਲੀਆਂ ਮੰਜ਼ਿਲਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜੋ ਲੋਕ ਦੂਤਾਵਾਸ ਵੱਲੋਂ ਬੁੱਕ ਕੀਤੇ ਹੋਟਲਾਂ ਵਿੱਚ ਹਨ, ਉਨ੍ਹਾਂ ਨੂੰ ਦੂਤਾਵਾਸ ਦੀਆਂ ਟੀਮਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਕਿਹਾ ਗਿਆ ਹੈ।

ਟਰੰਪ ਦੀ 'ਟਰੁੱਥ ਸੋਸ਼ਲ' 'ਤੇ ਧਮਕੀ
ਹੋਰਮੂਜ਼ ਸਟ੍ਰੇਟ (Hormuz Strait) ਖੋਲ੍ਹਣ ਅਤੇ ਸਮਝੌਤੇ ਦੀ ਸਮਾਂ ਸੀਮਾ (Deadline) ਖ਼ਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਲਿਖਿਆ, "ਅੱਜ ਰਾਤ ਇੱਕ ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ, ਜਿਸ ਨੂੰ ਮੁੜ ਕਦੇ ਵਾਪਸ ਨਹੀਂ ਲਿਆਂਦਾ ਜਾ ਸਕੇਗਾ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਇੰਝ ਹੀ ਹੋਵੇਗਾ।" ਉਨ੍ਹਾਂ ਅੱਗੇ ਕਿਹਾ ਕਿ 47 ਸਾਲਾਂ ਦੀ ਜ਼ਬਰਦਸਤੀ, ਭ੍ਰਿਸ਼ਟਾਚਾਰ ਅਤੇ ਮੌਤ ਦਾ ਸਿਲਸਿਲਾ ਅੱਜ ਰਾਤ ਖ਼ਤਮ ਹੋ ਜਾਵੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇਹ ਵੀ ਕਿਹਾ ਕਿ ਇਰਾਨ ਨੂੰ ਇੱਕ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਉਹ ਰਾਤ ਮੰਗਲਵਾਰ (ਅੱਜ) ਦੀ ਰਾਤ ਹੋ ਸਕਦੀ ਹੈ।
ਇਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਲਗਾਤਾਰ ਜਾਰੀ ਹਨ, ਜਿਸ ਦਾ ਇਰਾਨ ਵੱਲੋਂ ਵੀ ਮੂੰਹ-ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਵਿਸ਼ਵ ਭਰ ਦੇ ਦੇਸ਼ ਇਸ ਟਕਰਾਅ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਟਰੰਪ ਦੇ ਬਿਆਨ ਨੇ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Click to Follow Babushahi Facebook Page →